ਪ.ਸ.ਸ.ਫ. ਵੱਲੋਂ ਪ੍ਰਧਾਨ ਮੰਤਰੀ, ਮੁੱਖ ਮੰਤਰੀ ਦੇ ਨਾਂ ਦਿੱਤਾ ਮੰਗ ਪੱਤਰ
ਪਟਿਆਲਾ 4 ਜੂਨ (ਮਧੂਸਾਰ ਬਿਊਰੋ) ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਜਿਲ੍ਹਾ ਪਟਿਆਲਾ ਵੱਲੋਂ ਪ੍ਰੋਟੈਸਟ ਡੇ ਮਨਾ ਕੇ ਡਿਪਟੀ ਕਮਿਸ਼ਨਰ ਰਾਹੀਂ ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਨੂੰ ਮੁਲਾਜਮ ਮੰਗਾਂ ਸਬੰਧੀ ਮੰਗ ਪੱਤਰ ਭੇਜਿਆ। ਮੰਗ ਪੱਤਰ ਦੇਣ ਤੋਂ ਪਹਿਲਾਂ ਰਣਜੀਤ ਸਿੰਘ ਮਾਨ ਅਤੇ ਦਰਸ਼ਨ ਸਿੰਘ ਬੇਲੂਮਾਜਰਾ ਦੀ ਪ੍ਰਧਾਨਗੀ ਹੇਠ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਡਲ ਨੰਬਰ 2 ਪਟਿਆਲਾ (ਨਾਭਾ ਰੋਡ) ਵਿਖੇ ਰੋਸ ਰੈਲੀ ਕੀਤੀ ਗਈ।
ਰੈਲੀ ਦੌਰਾਨ ਸਭ ਤੋਂ ਪਹਿਲਾਂ ਮੁਲਾਜਮ ਲਹਿਰ ਦੇ ਆਗੂ ਤੇ ਪੀ.ਡਬਲਿਯੂ.ਡੀ. ਫੀਲਡ ਅਤੇ ਵਰਕਸ਼ਾਪ ਵਰਕਰਜ਼ ਯੂਨੀਅਨ ਦੇ ਸਾਬਕਾ ਪ੍ਰਧਾਨ ਬਲਬੀਰ ਸਿੰਘ ਦੇ ਵਿਛੋੜੇ ਤੇ ਦੁੱਖ ਪ੍ਰਗਟ ਕੀਤਾ ਗਿਆ ਤੇ 2 ਮਿੰਟ ਦਾ ਮੋਨ ਰੱਖ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਸਾਥੀ ਦੇ ਵਿਛੋੜੇ ਨਾਲ ਮੁਲਾਜਮ ਲਹਿਰ ਤੇ ਪਰਿਵਾਰ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ। ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਪਰਮਜੀਤ ਸਿੰਘ ਪਟਿਆਲਾ, ਜਸਵੀਰ ਸਿੰਘ ਖੋਖਰ, ਛੱਜੂ ਰਾਮ ਅਤੇ ਲਖਵਿੰਦਰ ਸਿੰਘ ਖਾਨਪੁਰ ਨੇ ਲੋਕਡਾਊਨ ਦੀ ਆੜ *ਚ ਸਰਕਾਰਾਂ ਵਲੋਂ ਮੁਲਾਜਮ ਮੰਗ ਹੱਲ ਕਰਨ ਦੀ ਬਜਾਏ ਮਜਦੂਰ ਮੁਲਾਜਮ ਵਿਰੋਧੀ ਕਾਨੂੰਨ ਪਾਸ ਕਰਨ ਦੀ ਸਖਤ ਸ਼ਬਦਾਂ *ਚ ਨਿਖੇਧੀ ਕੀਤੀ ਤੇ ਪੰਜਾਬ ਸਰਕਾਰ ਵੱਲੋਂ ਜਲ ਸਰੋਤ ਵਿਭਾਗ *ਚ 15,20,25,30 ਸਾਲ ਦੀ ਸਰਵਿਸ ਪੂਰੀ ਕਰ ਚੁੱਕੇ ਕਾਮਿਆਂ ਨੂੰ ਛਾਂਟੀ ਕਰਨ ਸਬੰਧੀ ਕੱਢਿਆ ਪੱਤਰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ। ਬਲਵਿੰਦਰ ਸਿੰਘ ਮੰਡੋਲੀ, ਗੁਰਮੀਤ ਸਿੰਘ ਪਟਿਆਲਾ, ਹਰਦੇਵ ਸਿੰਘ ਸਮਾਣਾ, ਪਵਨ ਕੁਮਾਰ ਪਾਤੜਾਂ, ਰਣਜੀਤ ਸਿੰਘ ਫਤਿਹਗੜ੍ਹ ਸਾਹਿਬ, ਨਰੇਸ਼ ਕੁਮਾਰ ਧਨੇਠਾ ਆਦਿ ਨੇ ਮੰਗ ਕੀਤੀ ਕਿ ਕੱਚੇ ਕਾਮੇ ਪੱਕੇ ਕੀਤੇ ਜਾਣ, ਗੌਰਮਿੰਟ ਟੀਚਰਜ਼ ਯੂਨੀਅਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਚਹਿਲ ਖਿਲਾਫ ਕੀਤੀ ਝੂਠੀ ਚਾਰਜਸ਼ੀਟ ਰੱਦ ਕੀਤੀ ਜਾਵੇ, ਕੋਵਿਡ19 ਵਿਰੁੱਧ ਲੜ ਰਹੇ ਸਮੁੱਚੇ ਕਰਮਚਾਰੀਆਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਤੇ ਇੱਕ ਕਰੋੜ ਦਾ ਮੁਫਤ ਬੀਮਾ ਕੀਤਾ ਜਾਵੇ, ਨਵੇਂ ਭਰਤੀ ਕਰਮਚਾਰੀਆਂ ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ। 6ਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਤੁਰੰਤ ਜਾਰੀ ਕੀਤੀ ਜਾਵੇ ਤੇ ਡੀ.ਏ. ਦੀਆਂ ਬਕਾਇਆ ਕਿਸ਼ਤਾਂ ਦਾ ਬਕਾਇਆ ਦਿੱਤਾ ਜਾਵੇ, ਵਿਕਾਸ ਟੈਕਸ ਦੇ ਨਾਂ ਤੇ ਲਾਇਆ ਜੱਜੀਆ ਟੈਕਸ ਬੰਦ ਕੀਤਾ ਜਾਵੇ ਅਤੇ ਪੂਰੇ ਗਰੇਡਾਂ *ਚ ਨਵੀਂ ਭਰਤੀ ਕੀਤੀ ਜਾਵੇ।

