ਮਲਟੀਪਰਪਜ਼ ਸਕੂਲ ਪਟਿਆਲਾ ਵਿਖੇ ਇੰਨਡੋਰ ਬਾਸਕਟ ਬਾਲ ਖੇਡ ਮੈਦਾਨ ਦਾ ਉਦਘਾਟਨ
ਪਟਿਆਲਾ 8 ਨਵੰਬਰ (ਕੰਵਰ ਬੇਦੀ/ਮਧੂਸਾਰ ਬਿਊਰੋ)
ਡਾ ਧਰਮਵੀਰ ਗਾਂਧੀ ਮੈਂਬਰ ਪਾਰਲੀਮੈਂਟ ਪਟਿਆਲਾ ਨੇ ਅੱਜ ਮਲਟੀਪਰਪਜ਼ ਸਕੂਲ ਪਟਿਆਲਾ ਵਿਖੇ ਉਹਨਾਂ ਵੱਲੋਂ ਐਮ.ਪੀ.ਲੈਡ. ਫੰਡ ਵਿੱਚੋਂ ਦਿੱਤੇ ਗਏ 5 ਲੱਖ ਰੁਪਏ ਦੇ ਯੋਗਦਾਨ ਨਾਲ ਪੂਰੇ ਹੋਏ ਇੰਨਡੋਰ ਬਾਸਕਟ ਬਾਲ ਖੇਡ ਮੈਦਾਨ ਦਾ ਉਦਘਾਟਨ ਕੀਤਾ।
ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਡਾ: ਗਾਂਧੀ ਨੇ ਕਿਹਾ ਕਿ ਉਹ ਡਾਕਟਰੀ ਅਤੇ ਅਧਿਆਪਨ ਕਿੱਤੇ ਵਿੱਚੋਂ ਅਧਿਆਪਨ ਦੇ ਕਿੱਤੇ ਨੂੰ ਉੱਤਮ ਮੰਨਦੇ ਹਨ ਕਿਉਂਕਿ ਅਧਿਆਪਨ ਰਾਹੀਂ ਨਵੀਂ ਸੋਚ ਅਤੇ ਨਵੇਂ ਸਮਾਜ ਦਾ ਨਿਰਮਾਣ ਹੁੰਦਾ ਹੈ। ਡਾ ਗਾਂਧੀ ਨੇ ਕਿਹਾ ਕਿ ਅੱਜ ਤੋਂ 30 ਸਾਲ ਬਾਅਦ ਦਾ ਪੰਜਾਬ, 30 ਸਾਲ ਬਾਅਦ ਦਾ ਹਿੰਦੋਸਤਾਨ ਅਤੇ 30 ਸਾਲ ਬਾਅਦ ਦੀ ਦੁਨੀਆ ਕਿਹੋ-ਜਿਹੀ ਹੋਵੇਗੀ ਇਹ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਅੱਜ ਦੇ ਅਧਿਆਪਕ ਆਪਣੇ ਬੱਚਿਆਂ ਨੂੰ ਕਿਹੋ-ਜਿਹੀ ਸਿੱਖਿਆ ਪ੍ਰਦਾਨ ਕਰਦੇ ਹਨ। ਡਾ: ਗਾਂਧੀ ਨੇ ਇਸ ਗੱਲ ਤੇ ਦੁੱਖ ਪ੍ਰਗਟ ਕੀਤਾ ਕਿ ਡਾਕਟਰੀ ਅਤੇ ਅਧਿਆਪਨ ਕਿੱਤਿਆਂ ਦਾ ਵਪਾਰੀਕਰਨ ਹੋਣ ਦੇ ਨਾਲ-ਨਾਲ ਖੇਡ ਜਗਤ ਵੀ ਵਪਾਰੀਕਰਨ ਦੀ ਮਾਰ ਹੇਠ ਆ ਚੁੱਕਾ ਹੈ।
ਡਾ ਗਾਂਧੀ ਨੇ ਖੇਡ ਦੇ ਮੈਦਾਨ ਨੂੰ ਸਿਜਦਿਆਂ ਕਰਦਿਆਂ ਕਿਹਾ ਕਿ ਇਹ ਇੱਕ ਅਜਿਹੀ ਪਵਿੱਤਰ ਥਾਂ ਹੈ ਜ਼ੋ ਬੱਚਿਆਂ ਨੂੰ ਆਪਸੀ ਮਿਲਵਰਤਨ, ਸਹਿਯੋਗ, ਭਰਾਤਰੀ-ਭਾਵ ਅਤੇ ਸਿਹਤਮੰਦ ਮੁਕਾਬਲੇ ਦੀ ਸਿੱਖਿਆ ਦਿੰਦਾ ਹੈ। ਉਹਨਾਂ ਕਿਹਾ ਕਿ ਖੇਡ ਦੇ ਮੈਦਾਨ ਅੰਦਰ ਖਿਡਾਰੀ ਦੀ ਕਦਰ, ਉਸ ਦੇ ਸਮਾਜਿਕ ਰੁਤਬੇ, ਧਨ-ਦੌਲਤ, ਧਰਮ ਜਾਂ ਜਾਤ-ਪਾਤ ਕਰਕੇ ਨਹੀ ਬਲਕਿ ਉਸਦੀ ਕਾਬਲੀਅਤ ਕਰਕੇ ਹੁੰਦੀ ਹੈ।
ਵਿਦਿਆਰਥੀਆਂ ਨੂੰ ਭਾਰਤੀ ਸਮਾਜ ਅੰਦਰ ਮੌਜੂਦ ਚਾਰ ਬੁਰਾਈਆਂ ਜਾਤ-ਹੰਕਾਰ, ਧਰਮ-ਹੰਕਾਰ, ਮਰਦ-ਹੰਕਾਰ ਅਤੇ ਦੇਸ਼ ਹੰਕਾਰ ਦੇ ਬਾਰੇ ਸੁਚੇਤ ਕਰਦੇ ਹੋਏ ਉਹਨਾਂ ਨੂੰ ਮਾਨਵਵਾਦੀ ਅਤੇ ਕੌਮਾਂਤਰੀਵਾਦੀ ਨਜ਼ਰੀਆ ਅਪਣਾਉਣ ਲਈ ਕਿਹਾ।
ਡਾ: ਧਰਮਵੀਰ ਗਾਂਧੀ ਨੇ ਕਿਹਾ ਕਿ ਔਰਤਾਂ ਜ਼ੋ ਕਿ ਸੰਸਾਰ ਦਾ ਅੱਧ ਹਨ, ਨੂੰ ਸ਼ਰੀਰਿਕ, ਮਾਨਸਿਕ ਅਤੇ ਬੌਧਿਕ ਵਿਕਾਸ ਦੇ ਪੂਰਨ ਮੌਕੇ ਨਹੀ ਮਿਲਦੇ ਅਤੇ ਉਹਨਾਂ ਨੂੰ ਮਰਦਾਂ ਵਾਂਗ ਪੂਰਨ ਮਨੁੱਖ ਦੇ ਤੌਰ ਤੇ ਖੁੱਲੇ ਸਮਾਜ ਵਿੱਚ ਉਡਾਰੀ ਮਾਰਨ ਦਾ ਮਾਹੌਲ ਨਹੀ ਮਿਲਦਾ, ਉਦੋਂ ਤੱਕ ਕੋਈ ਸਮਾਜ ਤਰੱਕੀ ਨਹੀ ਕਰ ਸਕਦਾ।
ਉਨਾਂ ਕਿਹਾ ਕਿ ਸਾਰੇ ਦੇਸ਼ ਸੁਨੱਖੇ ਹਨ। ਪਾਕਿਸਤਾਨ ਦੇ ਲੋਕ ਵੀ ਉਹਨੇ ਹੀ ਚੰਗੇ ਹਨ ਜਿੱਨੇ ਭਾਰਤ ਦੇ ਅਤੇ ਅਮਰੀਕਾ ਤੇ ਸੋਮਾਲੀਆ ਉਹਨਾਂ ਹੀ ਸੁਨੱਖਾ ਹੈ ਜਿੰਨਾਂ ਉਤਰੀ ਅਮਰੀਕਾ।
ਜਨਮ ਦੇ ਅਧਾਰ ਤੇ ਸਮਾਜ ਵਿੱਚ ਵਿਤਕਰੇ ਪਾਉਣ ਦੀ ਹਰ ਧਾਰਮਿਕ ਮਾਨਤਾ ਨੂੰ ਰੱਦ ਕਰਦੇ ਹੋਏ ਡਾ ਗਾਂਧੀ ਨੇ ਬੱਚਿਆਂ ਨੂੰ ”ਮਾਨਸਿ ਕਿ ਜਾਤ ਸਭੈ ਏਕ ਪਹਿਚਾਨਬੋ” ਦੇ ਰਸਤੇ ਤੇ ਚੱਲਣ ਦਾ ਉਦੇਸ਼ ਦਿੱਤਾ। ਉਹਨਾਂ ਇਹ ਵੀ ਕਿਹਾ ਕਿ ਸਾਰੇ ਧਰਮਾਂ ਦਾ ਉਦੇਸ਼ ਮਨੁੱਖੀ ਭਲਾ ਦੱਸਿਆ ਜਾਂਦਾ ਹੈ ਪਰ ਦੁਨੀਆ ਦਾ ਪਿਛਲੇ 2000 ਸਾਲ ਪੁਰਾਣਾ ਇਤਿਹਾਸ ਦੱਸਦਾ ਹੈ ਕਿ ਜਿੱਨੀ ਕਤਲੋ-ਗਾਰਤ, ਮਨੁੱਖੀ ਜਿੰਦਗੀਆਂ ਦਾ ਜਿੰਨਾ ਘਾਣ, ਧਰਮ ਦੇ ਨਾਂਅ ਤੇ ਅਤੇ ਦੇਸ਼ਾਂ ਦੀ ਸਰਵ-ਉੱਚਤਾ ਸਥਾਪਿਤ ਕਰਨ ਦੇ ਨਾਂਅ ਤੇ ਹੌਇਆ ਹੈ ਉਹ ਸ਼ਾਇਦ ਕਿਸੇ ਮਹਾਂਮਾਰੀ ਜਾਂ ਹੋਰ ਕਾਰਨ ਨਾ ਹੋਇਆ ਹੋਵੇ।

