ਪੰਜਾਬਪਟਿਆਲਾ

ਸਿੰਚਾਈ ਵਿਭਾਗ ਦੇ ਸਰਕਲ ਦਫਤਰਾਂ ਅੱਗੇ ਜ਼ੋਰਦਾਰ ਪ੍ਰਦਰਸ਼ਨ ਤੇ ਰੈਲੀ

ਪਟਿਆਲਾ 11 ਜੂਨ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ—1680 ਵੱਲੋਂ ਸਿੰਚਾਈ ਵਿਭਾਗ ਦੇ ਸਰਕਲ ਮੰਡਲ ਦਫਤਰਾਂ ਦੇ ਸਾਹਮਣੇ ਜੋਰਦਾਰ ਰੋਸ ਪ੍ਰਦਰਸ਼ਨ ਅਤੇ ਧਰਨੇ ਦੇਣ ਦੇ ਸੱਦੇ ਉੱਪਰ ਪਟਿਆਲਾ ਵਿਖੇ ਬਾਰਾ ਖੂਹ ਜਲ ਸਰੋਤ (ਸਿੰਚਾਈ) ਵਿਭਾਗ ਦੇ ਦਫਤਰ ਦੇ ਸਾਹਮਣੇ ਪ.ਸ.ਸ.ਫ. ਦੇ ਪੰਜਾਬ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ, (ਏਟਕ) ਦੇ ਜਨਰਲ ਸਕੱਤਰ ਨਿਰਮਲ ਸਿੰਘ ਧਾਲੀਵਾਲ, ਬਿਜਲੀ ਫੈਡਰੇਸ਼ਨ ਏਟਕ ਦੇ ਪੰਜਾਬ ਪ੍ਰਧਾਨ ਹਰਭਜਨ ਸਿੰਘ ਪਿਲਖਣੀ, ਪੰਜਾਬ ਕਲਾਸ ਫੋਰਥ ਦੇ ਸਕੱਤਰ ਜਨਰਲ ਰਣਜੀਤ ਸਿੰਘ ਰਾਣਵਾ, ਟਰੇਡ ਯੂਨੀਅਨ ਕੌਂਸਲ ਦੇ ਪ੍ਰਧਾਨ ਉਤਮ ਸਿੰਘ ਬਾਗੜੀ, ਪੀ.ਆਰ.ਟੀ.ਸੀ. ਯੂਨੀਅਨ (ਏਟਕ) ਦੇ ਪ੍ਰਧਾਨ ਗੁਰਵਿੰਦਰ ਸਿੰਘ ਗੋਲਡੀ ਦੀ ਅਗਵਾਈ ਵਿੱਚ ਬਹੁਤ ਪ੍ਰਭਾਵਸ਼ਾਲੀ ਅਤੇ ਰੋਹ ਭਰਪੂਰ ਰੈਲੀ ਕੀਤੀ।

ਉਪਰੰਤ ਰੋਸ ਮਾਰਚ ਕੱਢਿਆ ਗਿਆ। ਜਿਸ ਮੁੱਖ ਮੁੱਦੇ ਨੂੰ ਲੈ ਕੇ ਅੱਜ ਸਾਰੇ ਪੰਜਾਬ ਵਿੱਚ ਅਜਿਹੇ ਧਰਨੇ ਦਿੱਤੇ ਗਏ ਰੈਲੀਆਂ ਕੀਤੀਆਂ, ਉਹ ਹੈ ਪੰਜਾਬ ਸਰਕਾਰ ਵਲੋਂ ਕੋਵਿਡ—19 ਦੀ ਮਹਾਂਮਾਰੀ ਨੂੰ ਢਾਂਲ ਬਣਾਕੇ ਇੱਕ ਤੋਂ ਬਾਅਦ ਇੱਕ ਮੁਲਾਜਮ, ਮਜਦੂਰ ਵਿਰੋਧੀ ਫੈਸਲਿਆਂ ਦੀ ਅਗਲੀ ਕੜੀ ਵਜੋਂ ਸਿੰਚਾਈ ਵਿਭਾਗ ਵਿੱਚੋਂ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਕਥਿਤ ਤੌਰ ਤੇ ਨਿਕੰਮੇ ਹੋਣ ਦਾ ਦੋਸ਼ੀ ਦੱਸਕੇ ਨੌਕਰੀਆਂ ਤੋਂ ਜਬਰਦਸਤੀ ਬਾਹਰ ਕਰਨ ਦਾ ਮੰਨ ਮਨਸੂਬਾ ਜਿਹੜਾ ਕਿ 29 ਮਈ 2020 ਨੂੰ ਜਲ ਸਰੋਤ ਵਿਭਾਗ ਵਲੋਂ ਮੁੱਖ ਇੰਜੀਨੀਅਰ ਨਹਿਰਾਂ ਨੂੰ ਜਾਰੀ ਕੀਤੇ ਪੱਤਰ ਤੋਂ ਸਪਸ਼ਟ ਰੂਪ ਵਿੱਚ ਸਾਹਮਣੇ ਆਇਆ ਹੈ। ਜਿਸ ਉਪਰੰਤ ਹਜਾਰਾਂ ਮੁਲਾਜਮਾਂ ਨੇ ਸ਼ੰਕਾ ਜਤਾਈ ਹੈ ਕਿ ਜੇਕਰ ਅਜਿਹਾ ਕੁੱਝ ਅਮਲ ਵਿੱਚ ਲਿਆਉਣ ਦਿੱਤਾ ਗਿਆ ਤਾਂ ਮੁਲਾਜਮਾਂ ਨੂੰ ਬਦਲਾਖੋਰੀ ਅਤੇ ਧੱਕੇਸ਼ਾਹੀ ਦਾ ਸ਼ਿਕਾਰ ਬਣਾਇਆ ਜਾਵੇਗਾ।
ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਪ.ਸ.ਸ.ਫ. ਪੰਜਾਬ ਦੇ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਨੇ ਸਰਕਾਰ ਦੇ ਅਤੇ ਵਿਭਾਗਾਂ ਦੇ ਮਨਸੂਬਿਆਂ ਦਾ ਖੁਲਾਸਾ ਕਰਦਿਆਂ ਕਿਹਾ ਕਿ ਪੰਜਾਬ ਦੀ ਸਰਕਾਰ ਆਪਣੀਆਂ ਗਲਤ ਵਿੱਤੀ ਨੀਤੀਆਂ ਅਤੇ ਘਪਲੇਬਾਜੀਆਂ ਨੂੰ ਰੋਕਣ ਵਿੱਚ ਨਾਕਾਮ ਸਾਬਤ ਹੋਣ ਉਪਰੰਤ ਅਜਿਹੇ ਕਦਮ ਵਿੱਤੀ ਹਾਲਤਾਂ ਨੂੰ ਠੀਕ ਕਰਨ ਲਈ ਚੁੱਕਣ ਤੇ ਉਤਰ ਆਈ ਹੈ ਜਿਸਦਾ ਹਮੇਸ਼ਾ ਵਾਂਗ ਸ਼ਿਕਾਰ ਮੁਲਾਜਮਾਂ ਮਜਦੂਰਾਂ ਨੂੰ ਬਣਾਉਣ ਦੀ ਵਿਉਂਤਬੰਦੀ ਕਰ ਰਹੀ ਹੈ। ਜਿਸ ਤਹਿਤ 15, 20, 25, 30 ਸਾਲ ਦੀ ਸੇਵਾ ਪੂਰੀ ਕਰ ਚੁੱਕੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਨਿਕੰਮੇ ਸਾਬਤ ਕਰਦੀਆਂ ਸੂਚੀਆਂ ਮੰਗੀਆਂ ਗਈਆਂ ਹਨ ਤਾਂ ਕਿ ਮੁਲਾਜਮਾਂ ਦੇ ਇੱਕ ਵੱਡੇ ਹਿੱਸੇ ਨੂੰ ਜਬਰੀ ਰਿਟਾਇਰ ਕਰ ਦਿੱਤਾ ਜਾਵੇ। ਦਰਸ਼ਨ ਸਿੰਘ ਲੁਬਾਣਾ ਨੇ ਕਿਹਾ ਕਿ ਮੁੱਖ ਸਕੱਤਰ ਦੀ ਪ੍ਰਧਾਨਗੀ ਹੇਠ 16 ਮਈ 2019 ਅਤੇ 4 ਨਵੰਬਰ 2019 ਨੂੰ ਹੋਈ ਮੀਟਿੰਗ ਦੇ ਫੈਸਲੇ ਤੇ ਅਮਲਾ ਸ਼ਾਖਾ ਨੇ 28 ਫਰਵਰੀ 2012 ਦੀਆਂ ਹਿਦਾਇਤਾਂ ਦਾ ਹਵਾਲਾ ਦਿੰਦਿਆਂ ਮੁਲਾਜਮਾਂ ਦੀ ਛਾਂਟੀ ਕਰਨ ਦੀ ਕਾਹਲੀ ਵਜੋਂ 7 ਦਿਨਾਂ ਵਿੱਚ ਸੂਚੀਆਂ ਮੰਗ.ਆਂ ਹਨ। ਸੰਨ 2012 ਵਿੱਚ ਪੰਜਾਬ ਵਿੱਚ ਅਕਾਲੀ ਸਰਕਾਰੀ ਸੀ। ਹੁਣ ਕਾਂਗਰਸ ਸਰਕਾਰ ਅਕਾਲੀਆਂ ਦਾ ਅਧੂਰਾ ਕੰਮ ਪੂਰਾ ਕਰਕੇ ਲੋਕ ਵਿਰੋਧੀ ਹੋਣ ਦਾ ਸਾਂਝੇ ‘ਗੁਣ’ ਦਾ ਪ੍ਰਗਟਾਵਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਿਹੜਾ ਮੁਲਾਜਮ ਨੌਕਰੀ ਤੇ ਨਿਰਭਰ ਹੋਣ ਤੋਂ ਲੈ ਕੇ ਸੇਵਾ ਮੁਕਤੀ ਤੱਕ ਜਵਾਬਦੇਹ ਹੋ ਕੇ ਨੌਕਰੀ ਕਰਦਾ ਹੈ ਉਸ ਦੇ ਕੰਮ ਕਾਰ ਦੀ ਸਮੀਖਿਆ ਤਰੱਕੀ ਕਰਨ ਵੇਲੇ ਵੀ ਹੁੰਦੀ ਹੈ, ਇੰਕਰੀਮੈਂਟ ਲੱਗਣ ਵੇਲੇ ਵੀ ਹੁੰਦੀ ਹੈ, ਸਲਾਨਾ ਗੁਪਤ ਰਿਪੋਰਟ ਭਰਨ ਵੇਲੇ ਵੀ ਹੁੰਦੀ ਹੈ ਤਾਂ ਅਜੇ ਹੋਰ ਕਿਹੜਾ ਪੈਮਾਨਾ ਰਹਿ ਜਾਂਦਾ ਹੈ ਉਸ ਨੂੰ ਕਥਿਤ ਤੌਰ ਤੇ ਨਿਕੰਮਾ ਸਾਬਤ ਕਰਨ ਦਾ। ਲੁਬਾਣਾ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਅਜਿਹਾ ਅੱਤ ਦਾ ਘਿਨਾਉਣਾ ਕਾਰਨਾਮਾ ਕਿਸੇ ਵੀ ਕੀਮਤ ਤੇ ਨਹੀਂ ਕਰਨ ਦਿੱਤਾ ਜਾਵੇਗਾ।
ਧਰਨੇ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਮੁਲਾਜਮਾਂ—ਮਜਦੂਰਾਂ ਦੀ ਲਹਿਰ ਦੇ ਪ੍ਰਮੁੱਖ ਆਗੂ ਪੰਜਾਬ ਏਟਕ ਦੇ ਜਨਰਲ ਸਕੱਤਰ ਸ੍ਰੀ ਨਿਰਮਲ ਸਿੰਘ ਧਾਲੀਵਾਲ ਨੇ ਕਿਹਾ ਕਿ ਮੁਲਾਜਮਾਂ ਨੂੰ ਕਥਿਤ ਤੌਰ ਤੇ ਨਿਕੰਮੇ ਆਦਿ ਦੱਸਕੇ ਛਾਂਟੀ ਕਰਨ ਦਾ ਜਤਨ ਜੋ ਪੰਜਾਬ ਸਰਕਾਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਉਹ ਇੱਕ ਕੇਂਦਰ ਸਰਕਾਰ ਦੀਆਂ ਸਰਕਾਰੀ ਅਦਾਰਿਆਂ ਨੂੰ ਖਤਮ ਕਰਕੇ ਹਰ ਖੇਤਰ ਨੂੰ ਨਿੱਜੀ ਖੇਤਰ ਦੀਆਂ ਕੰਪਨੀਆਂ ਦੇ ਹਵਾਲੇ ਕਰਨ ਦੇ ਤੇਜ ਅਮਲ ਨੂੰ ਨੇਪਰੇ ਚਾੜ੍ਹਨ ਵਿੱਚ ਪੰਜਾਬ ਸਰਕਾਰ ਦੀ ਸਗਾਰਸ ਭੂਮਿਕਾ ਨਿਭਾਉਣ ਦੀ ਨੀਤੀ ਦਾ ਹਿੱਸਾ ਹੈ। ਕਰੋਨਾ ਮਹਾਂਮਾਰੀ ਕਾਰਨ ਦੇਸ਼ ਵਿੱਚ ਵਿੱਤੀ ਸੰਕਟ ਦੀ ਦੁਹਾਈ ਦੇ ਕੇ ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਇਸ ਨੂੰ ਬਹਾਨਾ ਬਣਾਕੇ ਤਰ੍ਹਾਂ—ਤਰ੍ਹਾਂ ਦੀਆਂ ਵਿੱਤੀ ਕਟੌਤੀਆਂ, ਟੈਕਸਾਂ ਦਾ ਬੌਝ, ਡੀ.ਏ. ਜਾਮ ਕਰਨਾ, ਮਜਦੂਰਾਂ ਦੀਆਂ ਘੱਟੋ—ਘੱਟ ਉਜਰਤਾਂ ਨਾ ਵਧਾਉਣਾ ਕੰਮ ਤੇ ਲੱਗੇ ਹੋਏ ਮੁਲਾਜਮਾਂ—ਮਜਦੂਰਾਂ ਦੀ ਛਾਂਟੀ ਕਰਨਾ, ਸਮਾਜਿਕ ਸੁਰੱਖਿਆ ਸਕੀਮਾਂ ਦੇ ਬਜਟ ਤੇ ਕੱਟ ਲਾਉਣਾ, ਲੇਬਰ ਕਾਨੂੰਨਾਂ ਨੂੰ ਖਤਮ ਕਰਨਾ, ਸਰਕਾਰੀ ਅਦਾਰਿਆਂ ਨੂੰ ਵਿਦੇਸ਼ੀ ਅਤੇ ਦੇਸੀ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿੱਚ ਕੋਡੀਆਂ ਦੇ ਭਾਅ ਵੇਚਣਾ, ਛੋਟੀ ਕਿਸਾਨੀ ਖਤਮ ਕਰਨ ਦੀ ਮਨਸੂਬੇ ਲੈ ਕੇ ਆਉਣਾ, ਕੀਮਤਾਂ ਵਿੱਚ ਹੁੰਦੇ ਜਾ ਰਹੇ ਵਾਧੇ ਨੂੰ ਨਾ ਰੋਕਣਾ ਅਤੇ ਕੰਟਰੈਕਟ/ਆਊਟ ਸੋਰਸਿੰਗ ਕਰਮਚਾਰੀਆਂ ਨੂੰ ਪੱਕੇ ਕਰਨ ਤੇ ਰੋਕ ਲਾਉਣਾ ਆਦਿ ਵਰਗੇ ਲੋਕ ਵਿਰੋਧੀ ਕਦਮ ਚੁੱਕਣ ਦਾ ਕੰਮ ਤੇਜੀ ਨਾਲ ਕਰ ਰਹੀਆਂ ਹਨ ਅਤੇ ਸਾਰਾ ਕਥਿਤ ਵਿੱਤੀ ਨੁਕਸਾਨ ਦੇਸ਼ ਦੇ ਅਤੇ ਸਾਡੇ ਸੂਬੇ ਦੇ ਮੁਲਾਜਮਾਂ—ਮਜਦੂਰਾਂ, ਗਰੀਬਾਂ ਅਤੇ ਛੋਟੇ ਛੋਟੇ ਕਾਰੋਬਾਰੀਆਂ ਤੇ ਪਾਇਆ ਜਾ ਰਿਹਾ ਹੈ। ਧਾਲੀਵਾਲ ਨੇ ਪੰਜਾਬ ਸਰਕਾਰ ਨੂੰ ਜੋਰ ਦੇ ਕੇ ਕਿਹਾ ਕਿ ਜਲ ਸਰੋਤ (ਸਿੰਚਾਈ) ਵਿਭਾਗ ਦੇ ਕਰਮਚਾਰੀਆਂ ਨੂੰ ਨਿਕੰਮੇ ਦੱਸਕੇ ਛਾਂਟੀ ਕਰਨ ਸਬੰਧੀ ਜਾਰੀ ਕੀਤਾ ਪੱਤਰ ਤੁਰੰਤ ਵਾਪਸ ਲਿਆ ਜਾਵੇ।
ਰੋਸ ਧਰਨਾ ਸਮਾਪਤ ਕਰਨ ਉਪਰੰਤ ਧਰਨਾਕਾਰੀ ਕੋਵਿਡ—19 ਲਈ ਤਹਿ ਹਿਦਾਇਤਾਂ ਦਾ ਪਾਲਣ ਕਰਦੇ ਹੋਏ ਜਲੂਸ ਦੀ ਸ਼ਕਲ ਵਿੱਚ ਭਾਖੜਾ ਮੇਨ ਲਾਇਨ ਦਫਤਰ, ਪਟਿਆਲਾ ਦੇ ਗੇਟ ਤੇ ਪੁੱਜੇ ਜਿੱਥੇ ਅਧਿਕਾਰੀਆਂ ਨੂੰ ਮੈਮੋਰੰਡਮ ਸੌਂਪਿਆ ਗਿਆ। ਅੱਜ ਦੇ ਧਰਨੇ ਨੂੰ ਜਿਨ੍ਹਾਂ ਹੋਰ ਮੁੱਖ ਆਗੂਆਂ ਨੇ ਸੰਬੋਧਨ ਕੀਤਾ ਉਨ੍ਹਾਂ ਵਿੱਚ ਦੀਪ ਚੰਦ ਹੰਸ, ਬਲਜਿੰਦਰ ਸਿੰਘ, ਜਗਮੋਹਨ ਨੋਲੱਖਾ, ਸੁਰਜ ਯਾਦਵ, ਕੇਸਰ ਸਿੰਘ ਸੈਣੀ, ਬਲਬੀਰ ਸਿੰਘ, ਰਤਨ ਸਿੰਘ, ਮਲਕੀਤ ਸਿੰਘ, ਗੁਰਦਰਸ਼ਨ ਸਿੰਘ, ਕੁਲਦੀਪ ਸਿੰਘ ਰਾਇਵਾਲ, ਦਰਸ਼ਨ ਸਿੰਘ ਘੱਗਾ, ਬਚਿੱਤਰ ਸਿੰਘ, ਹਰਦੇਵ ਸਿੰਘ, ਅਨਿਲ ਕੁਮਾਰ, ਉਪਨੈਣ, ਪ੍ਰੀਤਮ ਚੰਦ, ਕਰਨੈਲ ਚੰਦ, ਪ੍ਰਕਾਸ਼ ਸਿੰਘ ਆਦਿ ਹਾਜਰ ਸਨ।

Leave a Reply

Your email address will not be published. Required fields are marked *