ਖਾਲਸਾ ਕਾਲਜ ਵਿਖੇ ਝੋਨੇ ਦੀ ਸਿੱਧੀ ਬਿਜਾਈ ਦੀ ਨਵੀਂ ਤਕਨੀਕ ਦਾ ਆਰੰਭ ਕੀਤਾ ਗਿਆ
ਅੰਮਿ੍ਰਤਸਰ, 17 ਜੂਨ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਖਾਲਸਾ ਕਾਲਜ ਦੇ ਐਗਰੀਕਲਚਰ ਵਿਭਾਗ ਵੱਲੋਂ ਧਰਤੀ ਹੇਠਲੇ ਪਾਣੀ ਦੇ ਤੇਜ਼ੀ ਨਾਲ ਡਿੱਗਦੇ ਪੱਧਰ ਨੂੰ ਧਿਆਨ ‘ਚ ਰੱਖਦੇ ਹੋਏ ਝੋਨੇ ਦੀ ਸਿੱਧੀ ਬਿਜਾਈ ਦੀ ਨਵੀਂ ਤਕਨੀਕ ਦਾ ਆਰੰਭ ਪੰਜਾਬ ਖੇਤੀਬਾੜੀ ਵਿਭਾਗ ਦੇ ਸਹਿਯੋਗ ਨਾਲ ਕੀਤਾ। ਚੀਫ਼ ਐਗਰੀਕਲਚਰ ਅਫ਼ਸਰ ਸ. ਗੁਰਦਿਆਲ ਸਿੰਘ ਬੱਲ ਅਤੇ ਉਨਾਂ ਦੀ ਟੀਮ ਨੇ ਕਾਲਜ ਫ਼ਾਰਮ ‘ਤੇ ਡੀ. ਐੱਸ. ਆਰ ਦੀ ਸਿਖਲਾਈ ਦਿੱਤੀ।
ਇਸ ਮੌਕੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਜੁਆਇੰਟ ਸਕੱਤਰ ਸ. ਰਾਜਬੀਰ ਸਿੰਘ (ਫ਼ਾਰਮ ਸ੍ਰੈਕੇਟਰੀ) ਸ: ਰਾਜਬੀਰ ਸਿੰਘ ਨੇ ਕਿਹਾ ਕਿ ਪੰਜਾਬ ਦਾ ਕਿਸਾਨ ਬਹੁਤ ਮਿਹਨਤੀ ਅਤੇ ਅਗਾਂਹਵਧੂ ਹੈ। ਪਰ ਅੱਜ ਪੰਜਾਬ ‘ਚ ਪਾਣੀ ਦਾ ਸੰਕਟ ਗਹਿਰਾ ਗਿਆ ਹੈ, ਜਿਸ ਦਾ ਇਕ ਕਾਰਨ ਝੋਨੇ ‘ਚ ਪਾਣੀ ਦੀ ਖੁੱਲੀ ਵਰਤੋਂ ਵੀ ਹੈ। ਉਨਾਂ ਕਿਹਾ ਕਿ 1 ਕਿਲੋ ਚਾਵਲ ਪੈਦਾ ਕਰਨ ਲਈ ਤਕਰੀਬਨ 5337 ਲੀਟਰ ਤੱਕ ਪਾਣੀ ਦੀ ਖੁੱਲੀ ਖ਼ਪਤ ਹੁੰਦੀ ਹੈ, ਜੋ ਕਿ 70% ਟਿਊਬਵੈੱਲਾਂ ਤੋਂ ਆਉਂਦਾ ਹੈ। ਜਿਸ ਨਾਲ ਅੱਜ ਪੰਜਾਬ ਦੇ 81% ਬਲਾਕ ਡਾਰਕ ਜੋਨ (ਜਿਥੇ ਪਾਣੀ ਤੇਜੀ ਨਾਲ ਥੱਲੇ ਗਿਆ) ‘ਚ ਆ ਗਏ ਹਨ। ਸੋ ਇਸ ਸਮੱਸਿਆ ਦੇ ਹੱਲ ਲਈ ਝੋਨਾ ਬੀਜਣ ਦੀ ਇਕ ਨਵੀਂ ਤਕਨੀਕ (ਡੀ. ਐੱਸ. ਆਰ.) ਜਿਸ ਰਾਹੀਂ ਝੋਨੇ ਦਾ ਬੀਜ ਡਿ੍ਰਲ ਰਾਹੀਂ ਸਿੱਧਾ ਵੱਤਰ ਖੇਤ ਕੇਰਿਆ ਜਾਂਦਾ ਹੈ ਅਤੇ ਪਹਿਲਾ ਪਾਣੀ 20 ਦਿਨਾਂ ਬਾਅਦ ਲਗਾਇਆ ਜਾਂਦਾ ਹੈ ਅਤੇ ਨਦੀਨ ਨਦੀਨ ਨਾਸ਼ਕਾਂ ਨਾਲ ਕੰਟ੍ਰੋਲ ਕੀਤੇ ਜਾਂਦੇ ਹਨ।
ਉਨਾਂ ਕਿਹਾ ਕਿ ਇਸ ਪ੍ਰਕਾਰ ਖੇਤ ‘ਚ ਕੱਦੂ ਕਰਨ ਦੀ ਲੋੜ ਨਹੀ ਪੈਂਦੀ ਅਤੇ ਨਾ ਹੀ ਪਾਣੀ ਖੜਾ ਕਰਨਾ ਹੁੰਦਾ ਹੈ। ਇਸ ਤਰਾਂ ਪਾਣੀ ਦੀ ਬਹੁਤ ਬਚਤ ਹੋ ਜਾਂਦੀ ਹੈ। ਇਸ ਤੋਂ ਇਲਾਵਾ ਇਸ ਤਕਨੀਕ ਨਾਲ ਬੀਜੇ ਖੇਤ ‘ਚ ਵਰਖਾ ਦਾ ਪਾਣੀ ਵੀ ਖੇਤ ‘ਚ ਹੀ ਜੀਰ ਜਾਂਦਾ ਹੈ, ਜੋ ਕਿ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਉੱਚਾ ਚੁੱਕੇਗਾ। ਇਸ ਦੇ ਉਲਟ ਕੱਦੂ ਕੀਤੇ ਖੇਤ ‘ਚ ਵਰਖਾ ਦਾ ਜਿਆਦਾਤਰ ਪਾਣੀ ਜ਼ਮੀਨ ‘ਚ ਨਾ ਜੀਰ ਕੇ ਹਵਾ ‘ਚ ਉੱਡ ਜਾਂਦਾ ਸੀ, ਜੋ ਕਿ ਪੰਜਾਬ ‘ਚ ਪਾਣੀ ਦੇ ਡੂੰਘੇ ਜਾਣ ਦਾ ਬਹੁਤ ਵੱਡਾ ਕਾਰਨ ਹੈ।
ਇਸ ਮੌਕੇ ਕਾਲਜ ਪਿ੍ਰੰਸੀਪਲ ਡਾ. ਮਹਿਲ ਸਿੰਘ ਨੇ ਕਿਹਾ ਕਿ ਸਾਨੂੰ ਖੇਤੀਬਾੜੀ ਦੇ ਨਾਲ-ਨਾਲ ਪੰਜਾਬ ਦੇ ਪਾਣੀ ਨੂੰ ਸਾਡੀਆਂ ਆਉਣ ਵਾਲੀਆਂ ਨਸਲਾਂ ਲਈ ਸੰਭਾਲਣ ਲਈ ਬਹੁਤ ਜਾਗਰੂਕ ਅਤੇ ਅਗਾਂਹਵਧੂ ਹੋਣਾ ਪਵੇਗਾ। ਪੰਜਾਬ ਚਾਵਲ ਪੈਦਾ ਕਰਨ ਲਈ ਭਾਰਤ ਦਾ ਮੋਹਰੀ ਸੂਬਾ ਹੈ। ਪੰਜਾਬ ‘ਚ 30 ਲੱਖ ਹੈਕਟੇਅਰ ਝੋਨਾ ਲਗਾਇਆ ਜਾਂਦਾ ਹੈ ਅਤੇ ਇਹ ਰਕਬਾ ਆਜ਼ਾਦੀ ਤੋਂ ਬਾਅਦ ਲਗਭਗ 10 ਗੁਣਾ ਵਧਿਆ ਹੈ, ਜਿਸ ਦਾ ਕਾਰਨ ਨਵੀਆਂ ਕਿਸਮਾਂ ਅਤੇ ਮੰਡੀ ‘ਚ ਘੱਟੋਂ-ਘੱਟ ਸਮਰਥਣ ਮੁਲ ਦਾ ਯਕੀਨੀ ਮਿਲਣਾ ਹੈ। ਉਨਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੇ ਪਿਛਲੇ ਸਾਲ 134 ਲੱਖ ਟਨ ਝੋਨਾ ਪੈਦਾ ਕੀਤਾ ਹੈ, ਜੋ ਕਿ ਇਕ ਰਿਕਾਰਡ ਹੈ।
ਇਸ ਦੌਰਾਨ ਐਗਰੀਕਲਚਰ ਵਿਭਾਗ ਦੇ ਮੁੱਖੀ ਡਾ. ਰਣਦੀਪ ਕੌਰ ਬੱਲ ਨੇ ਸਭਨਾਂ ਨੂੰ ਜੀ ਆਇਆ ਕਿਹਾ ਅਤੇ ਦੱਸਿਆ ਕਿ ਤਕਨੀਕ ਨਾਲ ਧਰਤੀ ਹੇਠਲੇ ਸਦੀਆ ਤੋਂ ਜਮਾ ਹੋਏ ਪਾਣੀ ਦੀ ਦੁਰਵਰਤੋਂ ਨੂੰ ਰੋਕਿਆ ਜਾ ਸਕਦਾ ਹੈ। ਇਸ ਮੌਕੇ ਸ. ਗੁਰਦਿਆਲ ਸਿੰਘ ਬੱਲ, ਚੀਫ਼ ਐਗਰੀਕਲਚਰ ਅਫ਼ਸਰ ਅੰਮਿ੍ਰਤਸਰ, ਡਾ. ਰਣਬੀਰ ਸਿੰਘ ਰੰਧਾਵਾ ਐਗਰੀਕਲਚਰ ਇੰਜ਼ੀਨੀਅਰ ਅੰਮਿ੍ਰਤਸਰ ਅਤੇ ਸ. ਮਸਤਿੰਦਰ ਸਿੰਘ ਹਾਜ਼ਰ ਸਨ।

