‘ਰੈਫਰੰਡਮ 2020’ ਸਿੱਖ ਫਾਰ ਜਸਟਿਸ ਪ੍ਰਸਤਾਵ ਬਾਰੇ ਸਥਿਤੀ ਸਪੱਸ਼ਟ ਕਰੇ : ਪ੍ਰੋ. ਮਹਿੰਦਰਪਾਲ ਸਿੰਘ
ਖਾਲਿਸਤਾਨ ਦੀ ਮੰਗ ਕਰਨ ਵਾਲੇ ਸਿੱਖਾਂ ਨੂੰ ਅੱਤਵਾਦੀ ਐਲਾਨਣਾ ਭਾਰਤ ਸਰਕਾਰ ਦੀ ਗਹਿਰੀ ਚਾਲ : ਦਲ ਖਾਲਸਾ
ਖਾਲਿਸਤਾਨ ਦੀ ਸਥਾਪਨਾ ਲਈ ਯੂ.ਐਨ.ਓ ਵਰਗੇ ਪਲੇਟਫਾਰਮ ‘ਤੇ ਹੋਵੇ ਵੋਟਿੰਗ
ਪਟਿਆਲਾ 4 ਜੁਲਾਈ (ਮਧੂਸਾਰ ਬਿਊਰੋ) ਭਾਰਤ ਸਰਕਾਰ ਵੱਲੋਂ ਖਾਲਿਸਤਾਨੀ ਸੰਘਰਸ਼ ਨਾਲ ਸਬੰਧਤ 9 ਸਿੱਖਾਂ ਨੂੰ ਅੱਤਵਾਦੀ ਐਲਾਨਣ ਦੀ ਸ਼੍ਰੋਮਣੀ ਅਕਾਲੀ ਦਲ (ਮਾਨ) ਅਤੇ ਦਲ ਖਾਲਸਾ ਦੇ ਆਗੂਆਂ ਨੇ ਸਖਤ ਨਿੰਦਾ ਕਰਦਿਆਂ ਦੁਨੀਆ ਦੀਆਂ ਨਜ਼ਰਾਂ ‘ਚ ਸਿੱਖ ਕੌਮ ਦਾ ਅਕਸ ਵਿਗਾੜਨ ਦੀ ਗਹਿਰੀ ਚਾਲ ਕਰਾਰ ਦਿੱਤਾ।
ਇਕ ਸਵਾਲ ਦੇ ਜਵਾਬ ਅਕਾਲੀ ਦਲ ਮਾਨ ਦੇ ਜਨਰਲ ਸਕੱਤਰ ਪ੍ਰੋ. ਮਹਿੰਦਰਪਾਲ ਸਿੰਘ ਅਤੇ ਦਲ ਖਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ‘ਰੈਫਰੰਡਮ-2020’ ਦੇ ਬੈਨਰ ਹੇਠ ਵੋਟਿੰਗ ਰਾਹੀਂ ਖਾਲਿਸਤਾਨ ਦੀ ਮੰਗ ਸਿੱਖ ਫਾਰ ਜਸਟਿਸ ਦਾ ਆਪਣਾ ਮਿਸ਼ਨ ਹੈ, ਜਦਕਿ ਖਾਲਿਸਤਾਨ ਰਾਜ ਲਈ ਇਹ ਵੋਟਿੰਗ ਯੂ.ਐਨ.ਓ ਵਰਗੇ ਪਲੇਟਫਾਰਮ ‘ਤੇ ਹੋਣੀ ਚਾਹੀਦੀ ਹੈ। ਇਕ ਮਿਸਾਲ ਦਾ ਹਵਾਲਾ ਦਿੰਦਿਆਂ ਆਗੂਆਂ ਨੇ ਕਿਹਾ ਕਿ ਜੇ ਇੰਗਲੈਂਡ ਵਰਗਾ ਦੇਸ਼ ਸਕਾਟਲੈਂਡ ਵਾਸੀਆਂ ਨੂੰ ਵੋਟਿੰਗ ਦਾ ਅਧਿਕਾਰ ਦੇ ਕੇ ਵੱਖਰੇ ਰਾਜ ਦਾ ਅਧਿਕਾਰ ਦੇ ਸਕਦਾ ਹੈ ਤਾਂ ਅਸੀਂ ਵੀ ਭਾਰਤ ਸਰਕਾਰ ਤੋਂ ਵੱਖਰੇ ਰਾਜ ਲਈ ਵੋਟਿੰਗ ਦਾ ਅਧਿਕਾਰ ਮੰਗਦੇ ਹਾਂ ਤਾਂ ਕਿ ਸਿੱਖਾਂ ਨੂੰ ਵੀ ਵੱਖਰਾ ਰਾਜ ਖਾਲਿਸਤਾਨ ਮਿਲ ਸਕੇ।
ਇਂਸ ਮੌਕੇ ਗੱਲਬਾਤ ਕਰਦਿਆਂ ਪ੍ਰੋ. ਮਹਿੰਦਰਪਾਲ ਸਿੰਘ ਨੇ ਕਿਹਾ ਕਿ ਰੈਫਰੰਡਮ 2020 ਵਾਲੇ ਪ੍ਰਸਤਾਵ ਬਾਰੇ ਸਿੱਖ ਫਾਰ ਜਸਟਿਸ ਨੂੰ ਅਸਪੱਸ਼ਟਤਾ ਅਤੇ ਭੁਲੇਖੇ ਦੂਰ ਕਰਨ ਲਈ ਜੁਲਾਈ 2018 ‘ਚ ਪੱਤਰ ਲਿਖਕੇ ਅਪੀਲ ਕੀਤੀ ਗਈ ਸੀ, ਪਰ ਅਫਸੋਸ ਉਨ੍ਹਾਂ ਦਾ ਕੋਈ ਜਵਾਬ ਅੱਜ ਤੱਕ ਨਹੀਂ ਮਿਲ ਸਕਿਆ। ਉਨ੍ਹਾਂ ਕਿਹਾ ਕਿ ਰੈਫਰੰਡਮ 2020 ਬਾਰੇ ਸਿੱਖ ਫਾਰ ਜਸਟਿਸ ਨੂੰ ਸਾਰੀ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਹੈ।
ਦਲ ਖਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੋਦੀ ਸਰਕਾਰ ਨੇ ਨਾਗਰਿਕਤਾ ਕਾਨੂੰਨ ‘ਚ ਸੋਧ ਕਰਕੇ ਜਿਥੇ ਮੁਸਲਿਮ ਭਾਈਚਾਰੇ ਦੇ ਜ਼ਬਰੀ ਹੱਕ ਖੋਹੇ ਹਨ, ਉਥੇ ਹੀ ਸਿੱਖਾਂ ਨੂੰ ਵੀ ਕਾਨੂੰਨਾਂ ‘ਚ ਸੋਧ ਕਰਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਅੰਦਰ ਘੱਟ ਗਿਣਤੀਆਂ ਦੀ ਹੋਂਦ ਖ਼ਤਰੇ ‘ਚ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਮੋਦੀ ਅਤੇ ਸ਼ਾਹ ਦੀ ਜੋੜੀ ਨੇ ਸਾਲ 2019 ‘ਚ ਐਕਟ ‘ਚ ਸੋਧ ਕਰਕੇ ਸਿੱਖਾਂ ਅਤੇ ਮੁਸਲਮਾਨਾਂ ਨੂੰ ਅੱਤਵਾਦੀ ਨਾਮਜ਼ਦ ਕੀਤਾ ਜਾ ਰਿਹਾ ਹੈ, ਜਦਕਿ ਹਿੰਦੂਤਵੀ ਅੱਤਵਾਦੀ ਗਰੁੱਪ ਸਟੇਟ ਦੀ ਸਰਪ੍ਰਸਤੀ ਦਾ ਆਨੰਦ ਮਾਣ ਰਹੇ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਜਥੇਦਾਰ ਹਰਭਜਨ ਸਿੰਘ ਕਸ਼ਮੀਰੀ, ਗੁਰਜੰਟ ਸਿਘ ਕੱਟੂ, ਦਲ ਖਾਲਸਾ ਦੇ ਜਨਰਲ ਸਕੱਤਰ ਪਰਮਜੀ ਸਿੰਘ ਟਾਂਡਾ ਅਤੇ ਸਿੱਖ ਯੂਥ ਆਫ ਪੰਜਾਬ ਦੇ ਪ੍ਹਘਾਨ ਪਰਮਜੀਤ ਸਿੰਘ ਮੰਡੀ ਵੀਮ ੌਜੂਦ ਸਨ।

