ਕਰਮਚਾਰੀਆਂ ਦਾ ਰਿਕਾਰਡ ਆਨਲਾਈਨ ਕਰਨ ਵਿਚ ਪੰਜਾਬੀ ਯੂਨੀਵਰਸਿਟੀ ਮੋਹਰੀ ਬਣੀ
ਪਟਿਆਲਾ 6 ਜੁਲਾਈ (ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ, ਪਟਿਆਲਾ ਸੂਬੇ ਵਿਚ ਪਹਿਲੀ ਅਜਿਹੀ ਸਟੇਟ ਯੂਨੀਵਰਸਿਟੀ ਬਣ ਗਈ ਹੈ ਜਿਸ ਨੇ ਇੰਟੀਗਰੇਟਿਡ ਹਿਊਮਨ ਰਿਸੋਰਸ ਮੈਨੇਜਮੈਂਟ ਸਿਸਟਮ ਰਾਹੀਂ ਕੈਂਪਸ ਵਿਚਲੇ ਸਮੂਹ ਰੈਗੂਲਰ ਅਧਿਆਪਨ ਫੈਕਲਟੀ ਦੇ ਸਰਵਿਸ ਰਿਕਾਰਡ ਨੂੰ ਨੈਸ਼ਨਲ ਇਨਫੌਰਮੈਟਿਕ ਸੈਂਟਰ ਦੀ ਮਦਦ ਨਾਲ ਆਨਲਾਈਨ ਕਰ ਦਿੱਤਾ ਹੈ।
ਪਹਿਲੇ ਪੜਾਅ ਤਹਿਤ ਅਧਿਆਪਨ ਵਰਗ ਦੇ ਕਰਮਚਾਰੀਆਂ ਦੀ ਇਹ ਪ੍ਰਕਿਰਿਆ ਮੁਕੰਮਲ ਕਰਨ ਉਪਰੰਤ ਹੁਣ ਗੈਰ ਅਧਿਆਪਨ ਅਮਲੇ ਦਾ ਸਾਰਾ ਰਿਕਾਰਡ ਵੀ ਆਨਲਾਈਨ ਕਰ ਦਿਤਾ ਜਾਵੇਗਾ। ਪਹਿੜੇ ਪੜਾਅ ਦੇ ਮੁਕੰਮਲ ਹੋਣ ਤੇ ਖੁਸ਼ੀ ਪ੍ਰਗਟਾਉਂਦਿਆਂ ਵਾਈਸ ਚਾਂਸਲਰ ਡਾ. ਬੀ. ਐੱਸ. ਘੁੰਮਣ ਨੇ ਦੱਸਿਆ ਕਿ ਬਿਨਾ ਕੋਈ ਖਰਚ ਕੀਤਿਆਂ ਜ਼ੀਰੋ ਕੌਸਟ ਤੇ ਇਹ ਕਾਰਜ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹਾ ਹੋਣ ਨਾਲ ਜਿੱਥੇ ਪਾਰਦਰਸ਼ਤਾ ਆਵੇਗੀ ਉੱਥੇ ਹੀ ਸਭ ਕਰਮਚਾਰੀਆਂ ਲਈ ਆਪਣੇ ਸਰਵਿਸ-ਬੁੱਕ ਆਦਿ ਰਿਕਾਰਡ ਨੂੰ ਦੇਖਣ ਜਾਂ ਪ੍ਰਾਪਤ ਕਰਨ ਸੰਬੰਧੀ ਬਹੁਤ ਕੁੱਝ ਸੁਖਾਲ਼ਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਦਿਸ਼ਾ ਵਿਚ ਪੰਜਾਬੀ ਯੂਨੀਵਰਸਿਟੀ ਵੱਲੋਂ ਹੋਰਨਾਂ ਦੇ ਮੁਕਾਬਲੇ ਪਹਿਲ ਕਰਨਾ ਵੀ ਇਕ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਪਾਰਦਰਸ਼ਤਾ ਸੰਬੰਧੀ ਅਜਿਹੇ ਕਿਸੇ ਵੀ ਫੈਸਲੇ ਲਈ ਉਹ ਹਮੇਸ਼ਾ ਤਿਆਰ ਰਹਿੰਦੇ ਹਨ।
ਜ਼ਿਕਰਯੋਗ ਹੈ ਕਿ ਰਜਿਸਟਰਾਰ ਡਾ. ਮਨਜੀਤ ਸਿੰਘ ਨਿੱਜਰ ਦੀ ਅਗਵਾਈ ਅਤੇ ਵਿਸ਼ੇਸ਼ ਦੇਖ ਰੇਖ ਹੇਠ ਸੰਪੰਨ ਹੋਏ ਇਸ ਪ੍ਰਾਜੈਕਟ ਨੂੰ ਕੰਪਿਊਟਰ ਸਾਇੰਸ ਵਿਭਾਗ ਦੇ ਡਾ. ਵਿਸ਼ਾਲ ਗੋਇਲ ਵੱਲੋਂ ਸੁਝਾਇਆ ਗਿਆ ਸੀ।
ਇਸ ਮੌਕੇ ਬੋਲਦਿਆਂ ਡਾ. ਨਿੱਜਰ ਨੇ ਦੱਸਿਆ ਕਿ ਡਿਪਟੀ ਰਜਿਸਟਰਾਰ ਸ੍ਰੀ ਦਲਬੀਰ ਸਿੰਘ, ਸ੍ਰੀ ਰਾਕੇਸ਼ ਡਾਵਰਾ ਅਤੇ ਸ੍ਰੀ ਸਤੀਸ਼ ਮਿੱਤਲ ਦੀ ਟੀਮ ਨੇ ਇਸ ਕਾਰਜ ਵਿਚ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਦੱਸਿਆ ਕਿ ਹੁਣ ਅਗਲੇ ਪੜਾਅ ਵਿਚ ਸਮੂਹ ਕੰਸਟੀਚੁਐਂਟ ਕਾਲਜਾਂ, ਨੇਬਰਹੁੱਡ ਕੈਂਪਸਿਜ਼ ਅਤੇ ਰਿਜਨਲ ਸੈਂਟਰਜ਼ ਰੈਗੂਲਰ ਅਧਿਆਪਕਾਂ ਦਾ ਰਿਕਾਰਡ ਆਨਲਾਈਨ ਕੀਤਾ ਜਾਣਾ ਹੈ। ਇਸ ਦੇ ਨਾਲ ਹੀ ਕੈਂਪਸ ਵਿਚਲੇ ਗੈਰ ਅਧਿਆਪਨ ਵਰਗ ਵਿਚੋਂ ਵੀ ਬਹੁ ਗਿਣਤੀ ਦਾ ਡਾਟਾ ਵੀ ਇਸ ਸਿਸਟਮ ਵਿਚ ਪਾ ਦਿੱਤਾ ਗਿਆ ਹੈ ਜਿਸ ਦੀ ਪੁਨਰ-ਪੜਚੋਲ ਆਦਿ ਦੇ ਕੁੱਝ ਅਗਲੇਰੇ ਪੜਾਅ ਹੀ ਬਾਕੀ ਹਨ, ਜਿਨ੍ਹਾਂ ਉਪਰ ਤੇਜ਼ੀ ਨਾਲ ਕੰਮ ਹੋ ਰਿਹਾ ਹੈ। ਆਉਣ ਵਾਲੇ ਦਿਨਾਂ ਵਿਚ ਉਨ੍ਹਾਂ ਦਾ ਰਿਕਾਰਡ ਵੀ ਆਨਲਾਈਨ ਹੋ ਜਾਵੇਗਾ।
ਕੋਆਰਡੀਨੇਟਰ ਆਈ.ਐਚ.ਐਮ.ਆਰ. ਐਸ ਡਾ. ਵਿਸ਼ਾਲ ਗੋਇਲ ਨੇ ਕਿਹਾ ਕਿ ਉਹ ਸਰਕਾਰ ਦੇ ਨੈਸ਼ਨਲ ਇਨਫੌਰਮੈਟਿਕ ਸੈਂਟਰ ਨੂੰ ਅਪੀਲ ਕਰਨਗੇ ਕਿ ਉਹ ਤਨਖਾਹ ਆਦਿ ਸੰਬੰਧੀ ਕੁੱਝ ਉਨ੍ਹਾਂ ਵੇਰਵਿਆਂ ਬਾਰੇ ਆਪਣੇ ਸਾਫਟਵੇਅਰ ਨੂੰ ਅਪਡੇਟ ਕਰਨ ਤਾਂ ਕਿ ਬਾਕੀ ਸਾਰੀਆਂ ਸੇਵਾਵਾਂ ਵੀ ਇਸ ਨਾਲ ਜੋੜੀਆਂ ਜਾ ਸਕਣ।
ਵਿੱਤ ਅਫਸਰ ਡਾ. ਰਾਕੇਸ਼ ਖੁਰਾਣਾ ਨੇ ਇਸ ਮੌਕੇ ਬੋਲਦਿਆਂ ਭਰੋਸਾ ਦਿੱਤਾ ਕਿ ਇਸ ਸੰਬੰਧੀ ਬਾਕੀ ਰਹਿੰਦੇ ਤਨਖਾਹ ਆਦਿ ਵੇਰਵਿਆਂ ਨੂੰ ਵੀ ਜਲਦੀ ਹੀ ਆਨਲਾਈਨ ਕਰ ਦਿੱਤਾ ਜਾਵੇਗਾ ਜਿਸ ਨਾਲ ਕਰਮਚਾਰੀਆਂ ਨੂੰ ਆਪਣੇ ਅਜਿਹੇ ਵੇਰਵੇ ਜਾਣਨ ਲਈ ਵਾਰ ਵਾਰ ਸੰਬੰਧਤ ਸ਼ਾਖਾ ਵਿਚ ਆਉਣ ਦੀ ਜ਼ਰ੍ਰੂਤ ਨਹੀਂ ਹੋਵੇਗੀ।

