ਪੰਜਾਬਪਟਿਆਲਾ

ਪਰਨੀਤ ਕੌਰ ਨੇ ਪਟਿਆਲਾ ਜ਼ਿਲ੍ਹੇ ‘ਚੋਂ ਅੱਵਲ ਰਹੀ ਸੋਨਲ ਨੂੰ ਵੀਡੀਓ ਕਾਲ ਕਰਕੇ ਦਿੱਤੀ ਮੁਬਾਰਕਬਾਦ

ਅਗਲੀ ਪੜ੍ਹਾਈ ਲਈ ਦਾਖਲੇ ਸਬੰਧੀਂ ਹਰ ਸੰਭਵ ਮਦਦ ਕਰਨ ਦਾ ਦਿੱਤਾ ਭਰੋਸਾ
ਲੋਕ ਸਭਾ ਮੈਂਬਰ ਨੇ ਪਟਿਆਲਾ ਜ਼ਿਲ੍ਹੇ ਦੇ 12ਵੀਂ ਪਾਸ ਕਰਕੇ ਅੱਗੇ ਵਧਣ ਵਾਲੇ ਸਮੂਹ ਵਿਦਿਆਰਥੀਆਂ ਨੂੰ ਦਿੱਤੀ ਵਧਾਈ

ਪਟਿਆਲਾ, 24 ਜੁਲਾਈ (ਰਮਨਦੀਪ/ਮਧੂਸਾਰ ਬਿਊਰੋ) ਪਟਿਆਲਾ ਤੋਂ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਕੀਤੇ ਬਾਰਵੀਂ ਜਮਾਤ ਦੇ ਨਤੀਜਿਆਂ ‘ਚ ਮੱਲਾਂ ਮਾਰਨ ਵਾਲੇ ਪਟਿਆਲਾ ਜ਼ਿਲ੍ਹੇ ਦੇ ਵਿਦਿਆਰਥੀਆਂ ਨੂੰ ਹਾਰਦਿਕ ਵਧਾਈ ਦਿੱਤੀ ਹੈ। ਮੈਂਬਰ ਪਾਰਲੀਮੈਂਟ ਪਰਨੀਤ ਕੌਰ ਨੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਕੰਨਿਆ ਸਕੂਲ, ਪੁਰਾਣੀ ਪੁਲਿਸ ਲਾਇਨ ਦੀ ਨਾਨ-ਮੈਡੀਕਲ ਗਰੁੱਪ ‘ਚੋਂ 98.22 ਫੀਸਦੀ ਅੰਕ ਲੈਕੇ ਪਟਿਆਲਾ ਜ਼ਿਲ੍ਹੇ ‘ਚੋਂ ਅੱਵਲ ਰਹਿਣ ਵਾਲੀ ਵਿਦਿਆਰਥਣ ਸੋਨਲ ਨੂੰ ਵੀਡੀਓ ਕਾਲ ਕਰਕੇ ਮੁਬਾਰਕਬਾਦ ਵੀ ਦਿੱਤੀ।

ਜ਼ਿਲ੍ਹੇ ‘ਚ ਪ੍ਰਾਪਤ ਕੀਤੀ ਉਪਲੱਬਧੀ ‘ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਸ੍ਰੀਮਤੀ ਪਰਨੀਤ ਕੌਰ ਨੇ ਹੋਣਹਾਰ ਵਿਦਿਆਰਥਣ ਸੋਨਲ ਦੀ ਹੌਂਸਲਾ ਅਫ਼ਜਾਈ ਕਰਦਿਆਂ, ਜਿੱਥੇ ਉਸਦੇ ਮਾਪਿਆਂ ਨੂੰ ਵੀ ਵਧਾਈ ਦਿੱਤੀ ਉਥੇ ਹੀ ਸੋਨਲ ਵੱਲੋਂ ਸਰਕਾਰੀ ਮਹਿੰਦਰਾ ਕਾਲਜ ਵਿਖੇ ਬੀ.ਐਸ.ਸੀ. ਦੀ ਕੀਤੀ ਜਾਣ ਵਾਲੀ ਅਗਲੇਰੀ ਪੜ੍ਹਾਈ ਬਾਬਤ ਜਾਣਕਾਰੀ ਹਾਸਲ ਕਰਦਿਆਂ ਹਰ ਤਰ੍ਹਾਂ ਦੀ ਸੰਭਵ ਮਦਦ ਦੇਣ ਦਾ ਭਰੋਸਾ ਵੀ ਦਿੱਤਾ।
ਜਿਕਰਯੋਗ ਹੈ ਕਿ ਵਿਦਿਅਰਥਣ ਸੋਨਲ ਪੁੱਤਰੀ ਸ੍ਰੀ ਅਮਨਦੀਪ, ਆਪਣੇ ਮਾਪਿਆਂ ਦੀ ਇਕਲੌਤੀ ਔਲਾਦ ਹੈ, ਜਿਸ ਨੇ ਆਪਣੇ ਮਾਪਿਆਂ ਸਮੇਤ ਪੂਰੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ। ਸ੍ਰੀਮਤੀ ਪਰਨੀਤ ਕੌਰ ਨੇ ਇਸ ਵਿਦਿਆਰਥਣ ਨਾਲ ਵੀਡੀਓ ਕਾਲ ਰਾਹੀਂ ਗੱਲਬਾਤ ਕਰਕੇ ਉਸਨੂੰ ਭਵਿੱਖ ‘ਚ ਵੀ ਇਸੇ ਤਰ੍ਹਾਂ ਮੱਲਾਂ ਮਾਰਨ ਲਈ ਹੱਲਾਸ਼ੇਰੀ ਵੀ ਦਿੱਤੀ।
ਇਸਦੇ ਨਾਲ ਹੀ ਵਿਦਿਆਰਥਣ ਵੱਲੋਂ ਆਪਣੀ ਪੜ੍ਹਾਈ ਦੌਰਾਨ ਆਪਣੀ ਸਿਹਤ ਦਾ ਖਿਆਲ ਨਾ ਰੱਖਣ ਕਰਕੇ ਦੋ ਸਾਲਾਂ ‘ਚ 20 ਕਿੱਲੋ ਵਜਨ ਘਟ ਜਾਣ ਬਾਰੇ ਦੱਸਣ ‘ਤੇ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਆਪਣੀ ਸਿਹਤ ਦਾ ਵੀ ਪੂਰਾ ਖਿਆਲ ਰੱਖਣਾ ਚਾਹੀਦਾ ਹੈ ਅਤੇ ਇਸ ਨੌਜਵਾਨ ਉਮਰ ‘ਚ ਕਸਰਤਾਂ ਕਰਕੇ ਆਪਣੀ ਸਿਹਤ ਵੀ ਨਾਲੋ-ਨਾਲ ਬਣਾਉਣੀ ਚਾਹੀਦੀ ਹੈ।

Leave a Reply

Your email address will not be published. Required fields are marked *