ਭਾਈ ਲੌਂਗੋਵਾਲ ਵੱਲੋਂ ਗੁਰਮਤਿ ਕੁਇਜ਼ ਮੁਕਾਬਲੇ ‘ਚ ਹਿੱਸਾ ਲੈਣ ਵਾਲੇ ਵਿਦਿਆਰਥੀ ਸਨਮਾਨਤ
400 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਕੈਂਬੋਵਾਲ ਵਿਖੇ ਗੁਰਮਤਿ ਕੁਇਜ਼ ਮੁਕਾਬਲੇ
ਅਜੌਕੀ ਪੀੜੀ ਗੁਰਮਤਿ ਸੱਭਿਆਚਾਰ ਨੂੰ ਆਪਣੇ ਜੀਵਨ ਦਾ ਅਹਿਮ ਅੰਗ ਬਣਾਵੇ : ਭਾਈ ਲੋਂਗੋਵਾਲ
ਲੌਂਗੋਵਾਲ/ਸੰਗਰੂਰ 24 ਜੁਲਾਈ (ਮਧੂਸਾਰ ਬਿਊਰੋ) ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਯੋਗ ਅਗਵਾਈ ‘ਚ ਧਰਮ ਪ੍ਰਚਾਰ ਕਮੇਟੀ ਵੱਲੋਂ ਸਕੱਤਰ ਮਨਜੀਤ ਸਿੰਘ ਬਾਠ ਅਤੇ ਸਿਮਰਜੀਤ ਸਿੰਘ ਕੰਗ ਦੀ ਪ੍ਰੇਰਨਾ ਸਦਕਾ ਅੱਜ ਗੁਰਦੁਆਰਾ ਜਨਮ ਅਸਥਾਨ ਸ਼ਹੀਦ ਭਾਈ ਮਨੀ ਸਿੰਘ ਕੈਂਬੋਵਾਲ (ਲੌਂਗੋਵਾਲ) ਸੰਗਰੂਰ ਵਿਖੇ ਗੁਰਮਤਿ ਕੁਇਜ਼ ਮੁਕਾਬਲੇ ਕਰਵਾਏ। ਇਸ ਮੌਕੇ ਬੱਚਿਆਂ ਦੀ ਹੌਂਸਲਾ ਅਫਜ਼ਾਈ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ।
ਗੁਰਮਤਿ ਕੁਇਜ਼ ਮੁਕਾਬਲਿਆਂ ‘ਚ ਹਿੱਸਾ ਲੈਣ ਵਾਲੇ ਬੱਚਿਆਂ ਨੂੰ ਪ੍ਰੇਰਨਾ ਦਿੰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੋਂਗੋਵਾਲ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਅਜੌਕੀ ਪੀੜ੍ਹੀ ਨੂੰ ਗੁਰੂ ਸਾਹਿਬ ਦੇ ਜੀਵਨ, ਵਿਚਾਰਧਾਰਾ ਅਤੇ ਫਲਸਫੇ ਨਾਲ ਜੋੜਨ ਦਾ ਵਿਲੱਖਣ ਉਪਰਾਲਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅੱਜ ਸਮੇਂ ਦੀ ਵੱਡੀ ਲੋੜ ਹੈ ਕਿ ਸਾਡੀ ਆਉਣ ਵਾਲੀ ਪੀੜੀ ਗੁਰੂ ਸਾਹਿਬਾਨ ਵੱਲੋਂ ਵਿਖਾਏ ਮਾਰਗ ‘ਤੇ ਚੱਲਕੇ ਆਪਣੇ ਭਵਿੱਖ ਨੂੰ ਰੌਸ਼ਨਮਈ ਬਣਾਵੇ। ਉਨ੍ਹਾਂ ਕਿਹਾ ਕਿ ਸ਼ਬਦ ਗੁਰੂ ਦਾ ਆਸਰਾ ਪ੍ਰਾਪਤ ਕਰਕੇ ਬੱਚਿਆਂ ਨੂੰ ਧਰਮ ਦੀ ਕਸਵੱਟੀ ‘ਤੇ ਲਿਜਾਇਆ ਜਾ ਸਕਦਾ ਹੈ। ਭਾਈ ਲੌਂਗੋਵਾਲ ਨੇ ਕਿਹਾ ਕਿ ਅੱਜ ਲੋੜ ਹੈ ਕਿ ਸਾਡੇ ਬੱਚੇ ਸਿੱਖ ਧਰਮ, ਸਿੱਖ ਇਤਿਹਾਸ ਅਤੇ ਗੁਰਮਤਿ ਸੱਭਿਆਚਾਰ ਨੂੰ ਆਪਣੇ ਜੀਵਨ ਦਾ ਅਹਿਮ ਅੰਗ ਬਣਾਉਣ ਅਤੇ ਉਨ੍ਹਾਂ ਦਾ ਜੀਵਨ ਹਮੇਸ਼ਾ ਪ੍ਰੇਰਨਾਮਈ ਬਣਿਆ ਰਹੇ। ਇਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਗੁਰਮਤਿ ਕੁਇਜ਼ ਮੁਕਾਬਲੇ ‘ਚ ਹਿੱਸਾ ਲੈਣ ਵਾਲੇ ਬੱਚਿਆਂ ਨੂੰ ਮੈਡਲ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਤ ਵੀ ਕੀਤਾ ਗਿਆ।
ਗੁਰਮਤਿ ਕੁਇਜ਼ ਮੁਕਾਬਲੇ ਦੌਰਾਨ ਹੋਰਨਾਂ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਉਦੈ ਸਿੰਘ ਲੌਂਗੋਵਾਲ, ਪ੍ਰਚਾਰਕ ਭਾਈ ਬਲਵਿੰਦਰ ਸਿੰਘ, ਭਾਈ ਬਲਦੇਵ ਸਿੰਘ ਲੌਂਗੋਵਾਲ ਨੇ ਵੀ ਬੱਚਿਆਂ ਨੂੰ ਸਿੱਖ ਰਹਿਤ ਮਰਿਆਦਾ ਅਨੁਸਾਰ ਜੀਵਨ ਜਾਂਚ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਨਿੱਜੀ ਸਹਾਇਕ ਦਰਸ਼ਨ ਸਿੰਘ , ਬਾਬਾ ਬਲਵਿੰਦਰ ਸਿੰਘ, ਮੈਨੇਜਰ ਅਜੈਬ ਸਿੰਘ, ਰਣਜੀਤ ਸਿੰਘ ਗਾਜੀਪੁਰ, ਪ੍ਰਿੰਸੀਪਲ ਸ. ਪਰਮਜੀਤ ਸਿੰਘ ਭਾਈ ਮਨੀ ਸਿੰਘ ਖਾਲਸਾ ਕਾਲਜ, ਮੈਨੇਜਰ ਮੇਜਰ ਸਿੰਘ ਲੌਂਗੋਵਾਲ ਆਦਿ ਹਾਜ਼ਰ ਸਨ।

