ਪੰਜਾਬਪਟਿਆਲਾ

ਹੜ੍ਹਾਂ ਤੋਂ ਬਚਾਅ ਲਈ ਮਗਨਰੇਗਾ ਸਕੀਮ ਤਹਿਤ 96.73 ਲੱਖ ਰੁਪਏ ਨਾਲ 29 ਡਰੇਨਾਂ ਦੀ ਸਫ਼ਾਈ ਤੇ ਬੰਨ੍ਹ ਪੱਕੇ ਕੀਤੇ

ਪਟਿਆਲਾ ਜ਼ਿਲ੍ਹੇ ਦੇ 9 ਬਲਾਕਾਂ ‘ਚ 36780 ਲੋਕਾਂ ਨੂੰ ਮਿਲਿਆ ਰੋਜ਼ਗਾਰ, ਬੰਨ੍ਹ ਹੋਏ ਮਜ਼ਬੂਤ
ਪਟਿਆਲਾ, 30 ਜੁਲਾਈ (ਮਧੂਸਾਰ ਬਿਊਰੋ)
ਬਰਸਾਤ ਦੇ ਸੀਜ਼ਨ ਦੇ ਮੱਦੇਨਜ਼ਰ ਹੜ੍ਹਾਂ ਤੋਂ ਬਚਾਅ ਲਈ ਮਹਾਤਮਾ ਗਾਂਧੀ ਨਰੇਗਾ ਸਕੀਮ ਹੇਠ ਪਟਿਆਲਾ ਜ਼ਿਲ੍ਹੇ ‘ਚੋਂ ਵਗਦੀਆਂ ਨਦੀਆਂ ਅਤੇ ਨਿਕਾਸੀ ਨਾਲਿਆਂ ਦੀ ਸਫ਼ਾਈ ਅਤੇ ਬੰਨ੍ਹ ਮਜ਼ਬੂਤ ਕਰਵਾਏ ਗਏ ਹਨ, ਇਸ ਕੰਮ ‘ਤੇ 96.73 ਲੱਖ ਰੁਪਏ ਖ਼ਰਚਾ ਕੀਤਾ ਗਿਆ ਅਤੇ ਇਸ ਨਾਲ ਜ਼ਿਲ੍ਹੇ ਦੇ 36780 ਲੋਕਾਂ ਨੂੰ ਰੋਜ਼ਗਾਰ ਵੀ ਉਪਲਬਧ ਹੋਇਆ ਹੈ।

ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਸਾਲ 2020-21 ਦੌਰਾਨ ਪਟਿਆਲਾ ਡਰੇਨੇਜ ਡਵੀਜਨ ਅਧੀਨ ਆਉਂਦੀਆਂ ਅਤੇ ਜ਼ਿਲ੍ਹੇ ਦੇ 9 ਬਲਾਕਾਂ ਅਧੀਨ ਪੈਂਦੀਆਂ ਵੱਖ-ਵੱਖ ਡਰੇਨਾਂ ਦੀ 29 ਥਾਵਾਂ ‘ਤੇ ਸਫ਼ਾਈ ਕਰਕੇ ਬੰਨ੍ਹ ਮਜ਼ਬੂਤ ਕਰਨ ਦਾ ਕੰਮ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਕੰਮ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਡਾ. ਪ੍ਰੀਤੀ ਯਾਦਵ ਦੀ ਨਿਗਰਾਨੀ ਹੇਠ ਕਰਵਾਇਆ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬਲਾਕ ਘਨੌਰ ਵਿਖੇ 5 ਕੰਮ ਕਰਵਾਏ ਗਏ, ਇਨ੍ਹਾਂ ‘ਚ ਪੱਚੀਦਰਾ ਡਰੇਨ ਵਿੱਚੋਂ ਬੂਟੀ ਪੁੱਟਣ ਸਮੇਤ ਮਹਿਦੂਦਾ ਡੈਮ ਦੀ ਮੁਰੰਮਤ ਸਮੇਤ ਭੂਰੀ ਮਾਜਰਾ ਅਤੇ ਮੀਰਾਪੁਰ ਚੋਅ ਦੀ ਸਫ਼ਾਈ ਅਤੇ ਬੰਨ੍ਹ ਪੱਕੇ ਕਰਨਾ ਅਤੇ ਅਤੇ ਰਾਜਪੁਰਾ ਬਲਾਕ ‘ਚ ਪੱਚੀਦਰਾ ਦੀ ਸਫ਼ਾਈ ਕਰਵਾਉਣੀ ਸ਼ਾਮਲ ਹੈ। ਸ਼ੰਭੂ ਬਲਾਕ ‘ਚ ਭਸਮਾ ਤੇਪਲਾ ਰੋਡ ‘ਤੇ ਪਾਣੀ ਦੇ ਵਹਾਅ ਦੀ ਸਫ਼ਾਈ ਕਰਵਾਈ ਗਈ।
ਇਸੇ ਤਰ੍ਹਾ ਬਲਾਕ ਭੁੱਨਰਹੇੜੀ ਵਿਖੇ ਕਰਵਾਏ ਗਏ 7 ਕੰਮਾਂ ‘ਚ ਘੱਗਰ ਦਰਿਆ ਦੇ ਵਹਾਅ ‘ਚ ਆਈਆਂ ਰੁਕਾਵਟਾਂ ਦੂਰ ਕਰਵਾਉਣ ਸਮੇਤ ਸ਼ੇਖਪੁਰਾ ਅਦਾਲਤੀਵਾਲਾ ਡਰੇਨ, ਰੋਹੜ ਜਗੀਰ ਡਰੇਨ ਅਤੇ ਮੀਰਾਪੁਰਾ ਚੋਅ ਦੀ ਸਾਫ਼ ਸਫ਼ਾਈ ਅਤੇ ਘੱਗਰ ਦੇ ਬੰਨ੍ਹ ਮਜ਼ਬੂਤ ਕੀਤੇ ਗਏ ਹਨ।
ਇਸ ਤੋਂ ਬਿਨ੍ਹਾਂ ਸਨੌਰ ਬਲਾਕ ‘ਚ ਨਿੰਮ ਸਾਹਿਬ ਡਰੇਨ ਅਤੇ ਮੀਰਾਪੁਰ ਚੋਅ ਦੇ ਕੰਮ ਸਮੇਤ ਪਟਿਆਲਾ ਬਲਾਕ ‘ਚ ਫੱਗਣ ਮਾਜਰਾ ਡਰੇਨ, ਕਾਲਵਾ ਸੁਨਿਆਰਹੇੜੀ ਡਰੇਨ ਅਤੇ ਮੀਰਾਪੁਰ ਚੋਅ ਦਾ ਕੰਮ, ਨਾਭਾ ਬਲਾਕ ‘ਚ ਸਰਹਿੰਦ ਚੋਅ ਅਤੇ ਸਮਾਣਾ ਬਲਾਕ ‘ਚ ਝੰਬੋਵਾਲੀ ਚੋਅ ਦੀ ਸਫ਼ਾਈ ਅਤੇ ਬੰਨ੍ਹੇ ਮਜ਼ਬੂਤ ਕਰਨ ਸਮੇਤ ਪਾਤੜਾਂ ਬਲਾਕ ‘ਚ ਸਾਗਰ ਪਾੜਾ ਡੈਮ ਦੀ ਮੁਰੰਮਤ, ਝੰਬੋਵਾਲੀ ਚੋਅ ਦਾ ਕੰਮ ਅਤੇ ਕਲਵਾਣੂ ਡਰੇਨ ਦਾ ਕੰਮ ਕਰਵਾਇਆ ਗਿਆ ਹੈ।
ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਇਸ ਕੰਮ ਦੇ ਕਰਵਾਏ ਜਾਣ ਨਾਲ ਇਨ੍ਹਾਂ ਬਰਸਾਤੀ ਨਾਲਿਆਂ ਤੇ ਨਦੀਆਂ ਦੇ ਨੇੜਲੀਆਂ ਫ਼ਸਲਾਂ ਨੂੰ ਨੁਕਸਾਨ ਹੋਣ ਤੋਂ ਬਚੇਗਾ ਅਤੇ ਸੰਭਾਵੀ ਹੜ੍ਹਾਂ ਤੋਂ ਵੀ ਬਚਾਅ ਹੋਵੇਗਾ ਜਦੋਂਕਿ ਇਹ ਕੰਮ ਕਰਵਾਏ ਜਾਣ ਨਾਲ ਲੋੜਵੰਦ ਲੋਕਾਂ ਨੂੰ ਰੋਜ਼ਗਾਰ ਵੀ ਮਿਲਿਆ ਹੈ।

Leave a Reply

Your email address will not be published. Required fields are marked *