ਪਟਿਆਲਾ

ਧਰਮਸ਼ਾਲਾ ਵਿਖੇ ਲਗਾਏ ਦਰੱਖਤ ਛਾਂਗਣ ‘ਤੇ ਦਲਿਤ ਪਰਿਵਾਰਾਂ ਵੱਲੋਂ ਰੋਸ

ਛਾਂ ਵਿਚ ਬੈਠਣ ਤੋਂ ਵਿਰਵੇ ਕਰਨ ਦੇ ਦੋਸ਼
ਰਾਜਪੁਰਾ, 31 ਜੁਲਾਈ (ਮਧੂਸਾਰ ਬਿਊਰੋ)
ਸਥਾਨਕ ਮਿਰਚ ਮੰਡੀ ਵਿਖੇ ਬਣੀ ਇਕ ਧਰਮਸ਼ਾਲਾ ਦੇ ਆਲ਼ੇ ਦੁਆਲ਼ੇ ਛਾਂ ਲਈ ਲਗਾਏ ਦਰਖਤਾਂ ਨੂੰ ਇਕ ਕਥਿਤ ਉੱਚ ਜਾਤੀ ਦੇ ਵਿਅਕਤੀ ਵੱਲੋਂ ਬੇ-ਮੌਸਮੀ ਛਗਾਂਉਣ ‘ਤੇ ਮਿਰਚ ਮੰਡੀ ਦੇ ਦਲਿਤ ਪਰਿਵਾਰਾਂ ਵੱਲੋਂ ਰੋਸ ਪ੍ਰਗਟ ਕੀਤਾ ਗਿਆ।

ਇਸ ਸਬੰਧੀ ਦਲਿਤ ਪਰਿਵਾਰਾਂ ਨੇ ਇਕ ਸ਼ਿਕਾਇਤ ਪੱਤਰ ਸਾਂਝ ਕੇਂਦਰ ਅਤੇ ਇਕ ਪੱਤਰ ਥਾਣਾ ਮੁਖੀ ਰਾਜਪੁਰਾ ਨੂੰ ਉਕਤ ਵਿਅਕਤੀ ਖ਼ਿਲਾਫ਼ ਕਾਰਵਾਈ ਕਰ ਲਈ ਦਿੱਤਾ। ਦਲਿਤ ਪਰਿਵਾਰ ਨਾਲ ਸਬੰਧਤ ਹਜ਼ਾਰਾ ਸਿੰਘ, ਮਨਪ੍ਰੀਤ ਸਿੰਘ, ਸਤਨਾਮ ਸਿੰਘ,ਸਤਪਾਲ ਸਿੰਘ, ਸ਼ਿਵ ਨਾਥ, ਕਰਮ ਸਿੰਘ, ਸ਼ਿਵ ਕੁਮਾਰ, ਬਲਵਿੰਦਰ ਸਿੰਘ, ਬਲਜਿੰਦਰ ਸਿੰਘ ਵਗ਼ੈਰਾ ਨੇ ਲਿਖਿਆ ਕਿ ਧਰਮਸ਼ਾਲਾ ਦੇ ਆਲ਼ੇ ਦੁਆਲ਼ੇ ਛਾਂ ਲਈ ਦਰੱਖਤ ਲਗਾਏ ਗਏ ਸਨ ਜਿਸ ਦੀ ਛਾਂ ਹੇਠ ਉਨ੍ਹਾਂ ਦੇ ਬੱਚੇ ਅਤੇ ਪਰਿਵਾਰ ਦੇ ਮੈਂਬਰ ਕੁੱਝ ਦੇਰ ਲਈ ਆਰਾਮ ਕਰ ਲੈਂਦੇ ਸਨ ਪਰ ਇੱਥੇ ਰਹਿੰਦੇ ਇਕ ਜਸਵੀਰ ਸਿੰਘ ਚੀਮਾ ਨਾਮ ਦੇ ਇਕ ਵਿਅਕਤੀ ਨੇ ਉਕਤ ਦਰੱਖਤ ਛੰਗਵਾ ਕੇ ਰੁੰਡ ਮੁੰਡ ਕਰ ਦਿੱਤੇ ਹਨ ਜਿਸ ਕਾਰਨ ਦਲਿਤ ਪਰਿਵਾਰ ਛਾਂ ਤੋਂ ਵਿਰਵੇ ਹੋ ਗਏ ਹਨ। ਉਨ੍ਹਾਂ ਕਥਿਤ ਦੋਸ਼ ਲਗਾਇਆ ਕਿ ਉਕਤ ਵਿਅਕਤੀ ਵੱਲੋਂ ਜਾਤ ਪਾਤ ਦਾ ਵਖਰੇਵੇਂ ਦੌਰਾਨ ਉਕਤ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਨਿਯਮਾਂ ਅਨੁਸਾਰ ਬਰਸਾਤ ਅਤੇ ਸਾਉਣ ਦੇ ਮਹੀਨੇ ਵਿਚ ਦਰਖਤਾਂ ਨੂੰ ਛੰਗਵਾਇਆ ਨਹੀਂ ਜਾ ਸਕਦਾ ਹੈ। ਜੇਕਰ ਕੋਈ ਬਹੁਤ ਜ਼ਿਆਦਾ ਜ਼ਰੂਰੀ ਹੋਵੇ ਤਾਂ ਇਸ ਲਈ ਜੰਗਲਾਤ ਵਿਭਾਗ ਦੀ ਮਨਜ਼ੂਰੀ ਲਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜਸਵੀਰ ਸਿੰਘ ਨੇ ਦਰਖਤਾਂ ਨੂੰ ਛੰਗਵਾ ਕੇ ਉਨ੍ਹਾਂ ਦੀਆਂ ਛਤਰੀਆਂ ਖ਼ਤਮ ਕਰ ਦਿੱਤੀਆਂ ਗਈਆਂ ਹਨ, ਹੁਣ ਕੇਵਲ ਦਰਖਤਾਂ ਦੇ ਤਣੇ ਹੀ ਰਹਿ ਗਏ ਹਨ। ਉਨ੍ਹਾਂ ਕਿਹਾ ਕਿ ਹਰੇ ਦਰੱਖਤ ਬੇ-ਮੌਸਮ ਵਿਚ ਛਗਵਾਉਣਾ ਇਕ ਕਾਨੂੰਨੀ ਜੁਰਮ ਹੈ ਅਤੇ ਦਲਿਤ ਪਰਿਵਾਰਾਂ ਨਾਲ ਇਸ ਤਰਾਂ ਨਾ-ਬਰਾਬਰੀ ਵਾਲ਼ਾ ਰਵੱਈਆ ਅਖ਼ਤਿਆਰ ਕਰਨਾ ਵੀ ਭਾਰਤੀ ਸੰਵਿਧਾਨ ਦੇ ਵਿਰੁੱਧ ਹੈ। ਇੱਥੇ ਇਹ ਦੱਸਣਯੋਗ ਹੈ ਕਿ ਜਸਵੀਰ ਸਿੰਘ ਚੀਮਾ ਦਾ ਘਰ ਧਰਮਸ਼ਾਲਾ ਤੋਂ ਕਾਫ਼ੀ ਦੂਰ ਹੈ। ਪਰ ਉਸ ਨੇ ਜ਼ਿੱਦ ਵੱਸ ਹੋ ਕੇ ਉਕਤ ਕਾਰਵਾਈ ਨੂੰ ਅੰਜਾਮ ਦਿੱਤਾ ਹੈ। ਸ਼ਿਕਾਇਤ ਕਤਰਾਵਾਂ ਨੇ ਮੰਗ ਕੀਤੀ ਹੈ ਕਿ ਉਕਤ ਵਿਅਕਤੀ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਇਸ ਸਬੰਧੀ ਜਦੋਂ ਜਸਬੀਰ ਸਿੰਘ ਚੀਮਾ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਉਨ੍ਹਾਂ ਉਪਰ ਲਗਾਏ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਅਤੇ ਕਿਹਾ ਕਿ ਦਰਖਤਾਂ ਉਪਰ ਅਮਰ ਵੇਲ ਚੜ ਗਈ ਸੀ ਇਸ ਲਈ ਛਗਾਂਏ ਗਏ ਹਨ। ਇਸ ਸਬੰਧੀ ਨਗਰ ਕੌਂਸਲ ਦੇ ਸਾਬਕਾ ਉਪ ਪ੍ਰਧਾਨ ਅਮਨਦੀਪ ਸਿੰਘ ਨਾਗੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਨਹੀਂ ਹੈ ਅਤੇ ਜੇਕਰ ਕਿਸੇ ਨੇ ਗ਼ਲਤੀ ਕੀਤੀ ਹੈ ਤਾਂ ਕਾਨੂੰਨ ਅਨੁਸਾਰ ਕਾਰਵਾਈ ਕਰਵਾਈ ਜਾਵੇਗੀ। ਇਸ ਸਬੰਧੀ ਐੱਸ.ਸੀ. ਕਮਿਸ਼ਨ ਦੇ ਮੈਂਬਰ ਪਰਮਜੀਤ ਕੌਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਕ ਕਾਰਵਾਈ ਬਹੁਤ ਮੰਦਭਾਗੀ ਹੈ। ਇਸ ਸਬੰਧੀ ਸ਼ਿਕਾਇਤ ਮਿਲਣ ‘ਤੇ ਉਹ ਤੁਰੰਤ ਕਰਵਾਈ ਕਰਨਗੇ।

Leave a Reply

Your email address will not be published. Required fields are marked *