Tuesday, October 13, 2026
ਪੰਜਾਬਪਟਿਆਲਾ

ਡਵੀਜ਼ਨਲ ਕਮਿਸ਼ਨਰ ਵੱਲੋਂ ਬਰਨਾਲਾ ਦੇ ਡਿਪਟੀ ਕਮਿਸ਼ਨਰ ਤੇ ਈ.ਆਰ.ਓਜ ਨਾਲ ਬੈਠਕ

ਵਿਧਾਨ ਸਭਾ ਚੋਣਾਂ ਲਈ ਜ਼ਿਲ੍ਹਾ ਚੋਣ ਪ੍ਰਬੰਧਨ ਪਲਾਨ ਤੁਰੰਤ ਤਿਆਰ ਕੀਤੀ ਜਾਵੇ-ਚੰਦਰ ਗੈਂਦ

ਬਰਨਾਲਾ ਜ਼ਿਲ੍ਹੇ ‘ਚ ਕੁਲ 4 ਲੱਖ 88 ਹਜ਼ਾਰ 583 ਵੋਟਰ : ਕੁਮਾਰ ਸੌਰਭ

ਪਟਿਆਲਾ, 23 ਨਵੰਬਰ:(ਮਧੂਸਾਰ ਬਿਊਰੋ) ਆਗਾਮੀ ਵਿਧਾਨ ਸਭਾ ਚੋਣਾਂ ਦੀਆਂ ਚੱਲ ਰਹੀਆਂ ਤਿਆਰੀਆਂ ਦੇ ਮੱਦੇਨਜ਼ਰ ਪਟਿਆਲਾ ਡਵੀਜ਼ਨ ਦੇ ਕਮਿਸ਼ਨਰ ਸ੍ਰੀ ਚੰਦਰ ਗੈਂਦ ਨੇ ਬਰਨਾਲਾ ਜ਼ਿਲ੍ਹੇ ਦੇ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਕੁਮਾਰ ਸੌਰਭ ਅਤੇ ਏ.ਡੀ.ਸੀ. (ਸ਼ਹਿਰੀ ਵਿਕਾਸ) ਅਮਿਤ ਬੇਬੀ ਸਮੇਤ ਜ਼ਿਲ੍ਹੇ ਦੇ ਸਮੂਹ ਵਿਧਾਨ ਸਭਾ ਹਲਕਿਆਂ ਦੇ ਇਲੈਕਟ੍ਰੋਲ ਰਜਿਸਟ੍ਰੇਸ਼ਨ ਅਧਿਕਾਰੀਆਂ (ਈ.ਆਰ.ਓਜ) ਨਾਲ ਮੀਟਿੰਗ ਮੌਕੇ ਹਦਾਇਤ ਕੀਤੀ ਕਿ ਜ਼ਿਲ੍ਹਾ ਚੋਣ ਪ੍ਰਬੰਧਨ ਪਲਾਨ ਤੁਰੰਤ ਤਿਆਰ ਕੀਤਾ ਜਾਵੇ।

ਬਰਨਾਲਾ ਜ਼ਿਲ੍ਹੇ ‘ਚ ਵਿਧਾਨ ਸਭਾ ਚੋਣਾਂ ਨਾਲ ਸੰਬੰਧਤ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਕੀਤੀ ਇੱਕ ਬੈਠਕ ਦੌਰਾਨ ਡਵੀਜ਼ਨਲ ਕਮਿਸ਼ਨਰ ਸ੍ਰੀ ਚੰਦਰ ਗੈਂਦ ਨੇ ਕਿਹਾ ਕਿ ਚੋਣ ਪ੍ਰਕ੍ਰਿਆ ਨੂੰ ਨਿਰਵਿਘਨ, ਸੁਤੰਤਰ ਅਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਬਹੁਤ ਬਾਰੀਕੀ ਨਾਲ ਤਿਆਰੀਆਂ ਕੀਤੀਆਂ ਜਾਣ। ਉਨ੍ਹਾਂ ਨੇ ਵੋਟਾਂ ਬਣਵਾਉਣ ਤੋਂ ਪਿਛੇ ਰਹਿ ਗਏ ਨਾਗਰਿਕਾਂ, ਤੀਜੇ ਲਿੰਗ ਵਾਲੇ ਨਾਗਰਿਕਾਂ ਅਤੇ ਖਾਸ ਕਰਕੇ ਦਿਵਿਆਂਗਜਨਾਂ ਦੀਆਂ ਵੋਟਾਂ ਤੁਰੰਤ ਬਣਵਾਉਣ ਸਮੇਤ ਵੋਟਰਾਂ ਨੂੰ ਆਪਣੀਆਂ ਵੋਟਾਂ ਪਾਉਣ ਅਤੇ ਵੋਟਰਾਂ ਨੂੰ ਜਾਗਰੂਕ ਕਰਨ ਲਈ ਸਵੀਪ ਗਤੀਵਿਧੀਆਂ ਤੇਜ ਕਰਨ ਦੀ ਵੀ ਹਦਾਇਤ ਕੀਤੀ।

ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਸੌਰਭ ਨੇ ਸ੍ਰੀ ਗੈਂਦ ਨੂੰ ਦੱਸਿਆ ਕਿ ਬਰਨਾਲਾ ਜ਼ਿਲ੍ਹੇ ‘ਚ ਇਸ ਸਮੇਂ ਕੁਲ ਵੋਟਰ 4 ਲੱਖ 88 ਹਜ਼ਾਰ 583 ਹਨ, ਜਿਨ੍ਹਾਂ ‘ਚੋਂ 2,29,831 ਮਹਿਲਾ, 2,58,737 ਮਰਦ ਅਤੇ 15 ਤੀਜੇ ਲਿੰਗ ਵਾਲੇ ਵੋਟਰ ਹਨ, ਇਨ੍ਹਾਂ ਦੇ 100 ਫੀਸਦੀ ਫੋਟੋ ਪਛਾਣ ਵਾਲੀਆਂ ਵੋਟਰ ਸੂਚੀਆਂ ਅਤੇ ਐਪਿਕ ਕਾਰਡ ਬਣੇ ਹੋਏ ਹਨ ਜਦਕਿ ਰਹਿ ਗਏ ਨਾਗਰਿਕਾਂ ਜਾਂ 18 ਤੋਂ 19 ਸਾਲ ਦੇ ਬਾਲਗਾਂ, ਦਿਵਿਆਂਗਜਨਾਂ ਤੇ ਤੀਜੇ ਲਿੰਗ ਵਾਲੇ ਨਾਗਰਿਕਾਂ ਦੀਆਂ ਨਵੀਆਂ ਵੋਟਾਂ ਬਣਾਈਆਂ ਜਾ ਰਹੀਆਂ ਹਨ।

ਬੈਠਕ ਦੌਰਾਨ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਸ੍ਰੀ ਚੰਦਰ ਗੈਂਦ ਨੇ ਵਿਧਾਨ ਸਭਾ ਹਲਕਿਆਂ, ਭਦੌੜ, ਬਰਨਾਲਾ ਤੇ ਮਹਿਲਕਲਾਂ ਲਈ ਲਗਾਏ ਗਏ ਈ.ਆਰ.ਓਜ ਵੱਲੋਂ ਆਪਣੇ ਹਲਕੇ ‘ਚ ਚੋਣ ਤਿਆਰੀਆਂ ਦੀ ਪੂਰੀ ਗੰਭੀਰਤਾ ਨਾਲ ਸਮੀਖਿਆ ਕੀਤੀ।

Leave a Reply

Your email address will not be published. Required fields are marked *