ਨਿਗਮ ਕਮਿਸ਼ਨਰ ਨੂੰ ਆਮ ਆਦਮੀ ਪਾਰਟੀ ਦਾ ਵਫ਼ਦ ਮਿਲਿਆ
ਪਟਿਆਲਾ: 20 ਅਗਸਤ (ਰਮ ਨਦੀਪ/ਮਧੂਸਾਰ ਬਿਊਰੋ) ਪਟਿਆਲਾ ਸ਼ਹਿਰ ਦੇ ਘਰਾਂ ਵਿੱਚੋਂ ਕੂੜਾ ਇਕੱਠਾ ਕਰਨ ਵਾਲਿਆਂ ਦੀਆਂ ਮੰਗਾਂ ਨੂੰ ਲੈ ਕੇ ਇੱਕ ਵਫਦ ਸੰਯੁਕਤ ਕਮਿਸ਼ਨਰ ਨਗਰ ਨਿਗਮ ਪਟਿਆਲਾ ਨੂੰ ਪ੍ਰਿੰਸੀਪਲ ਜੇ ਪੀ ਸਿੰਘ ਆਮ ਆਦਮੀ ਪਾਰਟੀ ਦੀ ਅਗਵਾਈ ਵਿੱਚ ਮਿਲਿਆ। ਵਫਦ ਵਿੱਚ ਕੂੜਾ ਰੇਹੜੀ ਯੂਨੀਅਨ ਵੱਲੋਂ ਦੀਪਕ ਸਹੋਤਾ ਅਤੇ ਰਿਸ਼ੀ ਕੁਮਾਰ ਵੀ ਸ਼ਾਮਲ ਸਨ।
ਸ਼੍ਰੀ ਲਾਲ ਵਿਸ਼ਵਾਸ ਸੰਯੁਕਤ ਕਮਿਸ਼ਨਰ ਪਟਿਆਲਾ ਨੇ ਵਫਦ ਨੂੰ ਭਰੋਸਾ ਦਿੱਤਾ ਕਿ ਕੂੜਾ ਰੇਹੜੀ ਵਾਲਿਆਂ ਨੂੰ ਇਨਸਾਫ਼ ਮਿਲੇਗਾ ਅਤੇ ਉਨ੍ਹਾਂ ਦਾ ਰੁਜ਼ਗਾਰ ਨਹੀਂ ਖੋਹਿਆ ਜਾਵੇਗਾ ਅਤੇ ਨਾਂ ਹੀ ਉਨ੍ਹਾਂ ਦੇ ਢਿੱਡ ਤੇ ਲੱਤ ਮਾਰੀ ਜਾਵੇਗੀ। ਪ੍ਰੈਸ ਵਾਰਤਾ ਵਿੱਚ ਪ੍ਰਿੰਸੀਪਲ ਜੇ ਪੀ ਸਿੰਘ ਨੇ ਦੱਸਿਆ ਕਿ ਪਟਿਆਲਾ ਸ਼ਹਿਰ ਦੇ ਘਰਾਂ ਵਿੱਚੋਂ ਕੂੜਾ ਰੇਹੜੀ ਵਾਲੇ ਲੰਬੇ ਸਮੇਂ ਤੋਂ ਕੂੜਾ ਇਕੱਠਾ ਕਰ ਰਹੇ ਹਨ। ਪ੍ਰੰਤੂ ਹੁਣ ਕਾਰਪੋਰੇਸ਼ਨ ਨੇ ਹਰੀ ਭਰੀ ਨਾਂ ਦੀ ਕੰਪਨੀ ਨੂੰ ਠੇਕਾ ਦਿੱਤਾ ਹੈ ਜੋ ਘਰਾਂ ਵਿੱਚੋਂ ਗਿੱਲਾ ਅਤੇ ਸੁੱਕਾ ਕੂੜਾ ਇਕੱਠਾ ਕਰਨਗੇ। ਸੰਯੁਕਤ ਕਮਿਸ਼ਨਰ ਅਨੁਸਾਰ ਕੂੜੇ ਦੀ ਡਿਸਪੋਜ਼ਲ ਵੀ ਇਹੀ ਕੰਪਨੀ ਕਰੇਗੀ। ਪ੍ਰੰਤੂ ਕੂੜਾ ਰੇਹੜੀ ਵਾਲਿਆਂ ਦਾ ਰੁਜ਼ਗਾਰ ਖਤਮ ਨਹੀਂ ਕੀਤਾ ਜਾਵੇਗਾ। ਜਲਦੀ ਹੀ ਦੋਵੇਂ ਧਿਰਾਂ ਦੀ ਪੈਨਲ ਮੀਟਿੰਗ ਹੋਵੇਗੀ ਜਿਸ ਵਿੱਚ ਆਮ ਆਦਮੀ ਪਾਰਟੀ ਨੂੰ ਵੀ ਸੱਦਾ ਦਿੱਤਾ ਜਾਵੇਗਾ। ਕੁਰਾ ਰੇਹੜੀ ਵਾਲਿਆਂ ਦੇ ਰੁਜ਼ਗਾਰ ਨੂੰ ਧਿਆਨ ਵਿੱਚ ਰੱਖ ਕੇ ਹੀ ਕੋਈ ਫੈਸਲਾ ਲਿਆ ਜਾਵੇਗਾ। ਮੀਟਿੰਗ ਦਾ ਸੱਦਾ ਜਲਦ ਦਿੱਤਾ ਜਾਵੇਗਾ।

