ਅੰਮ੍ਰਿਤਸਰਪੰਜਾਬ

ਨਵੇਂ ਚਿੱਤਰਕਾਰਾਂ ਲਈ ਮਾਰਗ ਦਰਸ਼ਨ ਵਜੋਂ ਮੇਹਰ ਸਿੰਘ ਰੋਲ ਮਾਡਲ ਰਹਿਣਗੇ : ਦਿਲਜੀਤ ਸਿੰਘ ਬੇਦੀ

ਮੇਹਰ ਸਿੰਘ ਚਿੱਤਰਕਾਰ ਦੀ ਮੌਤ ਤੇ ਵੱਖ-ਵੱਖ ਸਖਸ਼ੀਅਤਾਂ ਨੇ ਪ੍ਰਗਟਾਇਆ ਦੁੱਖ
ਅੰਮ੍ਰਿਤਸਰ, 29 ਅਗਸਤ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਭਾਰਤ ਪੰਜਾਬ ਦੇ ਨਾਮਵਰ ਚਿੱਤਰਕਾਰ ਅਤੇ ਪੰਜਾਬ ਲਲਿਤ ਕਲਾ ਅਕੈਡਮੀ ਦੇ ਪ੍ਰਧਾਨ ਰਹੇ ਸ੍ਰ. ਮੇਹਰ ਸਿੰਘ ਦੇ ਅਕਾਲ ਚਲਾਣਾ ਕਰ ਜਾਣ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਸਕੱਤਰ ਅਤੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਸਕੱਤਰ ਵਜੋਂ ਸੇਵਾ ਨਿਭਾ ਰਹੇ ਸ. ਦਿਲਜੀਤ ਸਿੰਘ ਬੇਦੀ, ਗੁਰਭਜਨ ਸਿੰਘ ਗਿੱਲ, ਕੇਵਲ ਧਾਲੀਵਾਲ, ਚਿਤ੍ਰਕਾਰ ਕੁਲਵੰਤ ਸਿੰਘ ਗਿੱਲ, ਸਤਪਾਲ ਦਾਨਿਸ, ਪ੍ਰਸਿੱਧ ਫੋਟੋਗ੍ਰਾਫਰ ਸ੍ਰੀ ਹਰਭਜਨ ਬਾਜਵਾ ਵਟਾਲਾ, ਜੈਤੇਗ ਸਿੰਘ ਅਨੰਤ ਅਤੇ ਆਰ. ਐਨ. ਸਿੰਘ ਨੇ ਗਹਿਰੇ ਦੁਖ ਦਾ ਇਜ਼ਹਾਰ ਕੀਤਾ ਹੈ।

ਸਰਦਾਰ ਬੇਦੀ ਨੇ ਕਿਹਾ ਕਿ ਸ੍ਰ. ਮੇਹਰ ਸਿੰਘ ਨੇ ਸਿਖ ਇਤਿਹਾਸ ਨੂੰ ਚਿੱਤਰਣ ਵਿੱਚ ਜੋ ਯਾਦਗਾਰੀ ਭੂਮਿਕਾ ਨਿਭਾਈ ਹੈ ਉਹ ਪ੍ਰਸੰਸ਼ਾਜਨਕ ਹੈ, ਚਿੱਤਰਕਾਰੀ ਖੇਤਰ ਵਿਚ ਪਾਇਆ ਯੋਗਦਾਨ ਮੇਹਰ ਸਿੰਘ ਦੇ ਨਾਮ ਨੂੰ ਹਮੇਸ਼ਾਂ ਜਿਉਂਦਾ ਰੱਖੇਗਾ।ਸ੍ਰ. ਬੇਦੀ ਨੇ ਕਿਹਾ ਕਿ ਮੇਹਰ ਸਿੰਘ ਨਵੇਂ ਚਿੱਤਰਕਾਰਾਂ ਲਈ ਮਾਰਗ ਦਰਸ਼ਨ ਵਜੋਂ ਰੋਲ ਮਾਡਲ ਬਣੇ ਰਹਿਣਗੇ।
ਮੇਹਰ ਸਿੰਘ ਚਿੱਤਰਕਾਰ ਨੇ ਅਮਰੀਕਨ ਦੂਤਘਰ ਵਿਖੇ ਬਤੌਰ ਆਰਟਿਸਟ ਕੰਮ ਵੀ ਕੀਤਾ।ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਗੁਰਭਜਨ ਸਿੰਘ ਗਿੱਲ ਨੇ ਕਿਹਾ ਰੰਗਾਂ ਨੂੰ ਜਿਊਂਦਾ ਰੱਖਣ ਤੇ ਬੋਲਣ ਦੀ ਸਮਰੱਥਾ ਵਾਲਾ ਚਿੱਤਰਕਾਰ ਸੀ।ਉਸ ਤੋਂ ਡਾ. ਐਮ. ਐਸ. ਰੰਧਾਵਾ ਨੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣੇ ਵਿਖੇ ਬਹੁਤ ਕੰਮ ਕਰਵਾਇਆ ਹੈ।ਚਿੱਤਰਕਾਰ ਕੁਲਵੰਤ ਸਿੰਘ ਸਿੰਘ ਗਿੱਲ ਨੇ ਕਿਹਾ ਕਿ ਪੋਰਟਰੇਟ ਤੇ ਉਨ੍ਹਾਂ ਦਾ ਕੰਮ ਯਾਦਗਾਰੀ ਹੈ।ਸ੍ਰੀ ਸੱਤਪਾਲ ਦਾਨਿਸ਼ ਨੇ ਕਿਹਾ ਕਿ ਸਿੱਖ ਇਤਿਹਾਸ ਨੂੰ ਚਿੱਤਰਣ ਵਿਚ ਉਨ੍ਹਾਂ ਦੀ ਵਿਸ਼ੇਸ਼ ਮੁਹਾਰਤ ਸੀ ਤੇ ਉਹ ਸ੍ਰ. ਸੋਭਾ ਸਿੰਘ ਤੋਂ ਪ੍ਰਭਾਵਤ ਸਨ ਅਤੇ ਉਨ੍ਹਾਂ ਦੇ ਸੰਪਰਕ ‘ਚ ਰਹੇ।ਸ੍ਰ. ਜੈਤੇਗ ਸਿੰਘ ਅਨੰਤ ਤੇ ਚਿੱਤਰਕਾਰ ਆਰ. ਐਨ. ਸਿੰਘ ਨੇ ਕਿਹਾ ਕਿ ਸੋਭਾ ਸਿੰਘ ਮਗਰੋ ਯਥਾਰਥ ਕਲਾ ਵਿਚ ਕੰਮ ਕਰਨ ਵਾਲੇ ਉਹ ਵਾਹਿਦ ਚਿੱਤਰਕਾਰ ਸਨ।ਸ੍ਰ. ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਸ੍ਰ. ਮੇਹਰ ਸਿੰਘ ਨੂੰ ਵੱਖ-ਵੱਖ ਸੰਸਥਾਵਾਂ ਨੇ ਸਨਮਾਨ ਦੇ ਕੇ ਨਿਵਾਜਿਆ।ਉਹ ਪੰਜਾਬ ਲਲਿਤ ਕਲਾਂ ਅਕੈਡਮੀ ਦੇ ਪ੍ਰਧਾਨ ਅਤੇ ਪੰਜਾਬ ਆਰਟਸ ਕੌਸਲ ਦੇ ਮੀਤ ਪ੍ਰਧਾਨ ਰਹੇ।ਚਿੱਤਰਕਾਰੀ ਦੇ ਖੇਤਰ ਵਿਚ ਉਨ੍ਹਾਂ ਵਲੋਂ ਪਾਏ ਯੋਗਦਾਨ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ।ਉਹ ਦਿੱਲੀ ਵਿਖੇ ਜ਼ੇਰੇ ਇਲਾਜ ਸਨ ਜਿਥੇ ਉਨ੍ਹਾਂ ਨੇ 26 ਅਗਸਤ ਨੂੰ ਆਖਰੀ ਸਾਹ ਲਿਆ।ਸ੍ਰ. ਮੇਹਰ ਸਿੰਘ ਬੜੀ ਮਿਲਾਪੜੀ ਰੂਹ ਵਾਲੇ ਦਿਲਦਾਰ ਵਿਅਕਤੀ ਸਨ।ਉਨ੍ਹਾਂ ਦੀ ਮੌਤ ਨਾਲ ਪਿਆ ਘਾਟਾ ਕਦੇ ਵੀ ਪੂਰਿਆ ਨਹੀਂ ਜਾ ਸਕਦਾ।

Leave a Reply

Your email address will not be published. Required fields are marked *