ਪਟਿਆਲਾ

ਕਿਸਾਨ ਆਗੂ ਬਹਿਰੂ ਦੀ ਅਗਵਾਈ ‘ਚ ਕਿਸਾਨ ਜਥੇਬੰਦੀਆਂ ਨੇ ਮਾਰੂ ਆਰਡੀਨੈਂਸ ਕੀਤਾ ਰੱਦ

ਪਟਿਆਲਾ 10 ਸਤੰਬਰ (ਗੁਰਜੀਤ ਸਿੰਘ/ਮਧੂਸਾਰ ਬਿਊਰੋ) ਇੰਡੀਅਨ ਫਾਰਮਜ਼ ਐਸੋਸੀਏਸ਼ਨ ਜਿਲ੍ਹਾ ਪਟਿਆਲਾ ਤੋਂ ਪ੍ਰਧਾਨ ਸ੍ਰ. ਰਣਜੀਤ ਸਿੰਘ ਆਕੜ ਦੀ ਅਗਵਾਈ ਹੇਠ ਬਾਰਾਂਦਰੀ ਪਟਿਆਲਾ ਵਿਖੇ ਕਿਸਾਨਾਂ ਦੇ ਭੱਖਦੇ ਮਸਲਿਆਂ ਦੀ ਅਗਾਮੀ ਮੀਟਿੰਗ ਹੋਈ। ਜਿਸ ਵਿੱਚ ਵਿਸ਼ੇਸ਼ ਤੌਰ ਤੇ ਜਥੇਬੰਦੀ ਦੇ ਕੌਮੀ ਪ੍ਰਧਾਨ ਸ੍ਰ. ਸਤਨਾਮ ਸਿੰਘ ਜੀ ਬਹਿਰੂ ਸ਼ਾਮਲ ਹੋਏ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰ. ਬਹਿਰੂ ਨੇ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਖੇਤੀ ਸੁਧਾਰਾਂ ਦੇ ਨਾਂ ਤੇ ਲਿਆਂਦੇ ਗਏ ਤਿੰਨ ਆਰਡੀਨੈਂਸਾਂ ਬਾਰੇ ਕਿਸਾਨਾਂ ਉਤੇ ਹੋਣ ਵਾਲੇ ਮਾਰੂ ਅਸਰ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸਾਨ ਵਿਰੋਧੀ ਆਰਡੀਨੈਂਸ ਪਾਰਲੀਮੈਂਟ ਵਿੱਚ ਪਾਸ ਕਰਾਉਣ ਵਿੱਚ ਕਾਮਯਾਬ ਹੋ ਜਾਂਦੀ ਹੈ ਤਾਂ ਦੇਸ਼ ਦੇ ਕਿਸਾਨਾਂ ਦੀ ਤਬਾਹੀ ਹੋਣੀ ਪੱਕੀ ਹੈ। ਉਨ੍ਹਾਂ ਕਿਹਾ ਸੱਚ ਇਹ ਹੈ ਕਿ ਸ੍ਰੀ ਨਰਿੰਦਰ ਮੋਦੀ ਪੂਰੇ ਦੇਸ਼ ਦੇ ਖੇਤੀ ਕਾਰੋਬਾਰ ਉੱਤੇ ਕਾਰਪੋਰੇਟ ਘਰਾਣਿਆ ਦਾ ਕਬਜਾ ਕਰਾਉਣ ਉੱਤੇ ਤੁਲੇ ਹੋਏ ਹਨ। ਇਸ ਲਈ ਕਿਸਾਨਾਂ ਦਾ ਪਿਤਾ ਪੁਰਖੀ ਕਿੱਤਾ ਬਚਾਉਣ ਲਈ ਸਾਡੇ ਕੋਲ ਕਿਸਾਨ ਅੰਦੋਲਨ ਕਰਨ ਤੋਂ ਬਿਨਾਂ ਕੋਈ ਚਾਰਾ ਨਹੀਂ ਬਚਿਆ ਇਸ ਲਈ 11 ਪ੍ਰਮੁੱਖ ਕਿਸਾਨ ਜਥੇਬੰਦੀਆਂ ਨੇ ਇਕ ਸਰਬ ਸਾਂਝੀ ਕਿਸਾਨ ਕੋਆਰਡੀਨੇਸ਼ਨ ਕਮੇਟੀ ਵੱਲੋਂ ਐਲਾਨ ਕੀਤਾ ਹੈ ਕਿ ਕਿਸਾਨ ਮਾਰੂ ਆਰਡੀਨੈਂਸ ਜਾਰੀ ਕਰਵਾਉਣ ਲਈ 15 ਸਤੰਬਰ ਨੂੰ ਪੰਜਾਬ ਵਿੱਚੋਂ ਲੰਘ ਰਹੇ ਹਾਈਵੇ ਪੂਰੇ ਜਾਮ ਕੀਤੇ ਜਾਣਗੇ।ਉਨ੍ਹਾਂ ਦੱਸਿਆ ਕਿ ਜਿਲ੍ਹਾ ਪਟਿਆਲਾ ਦੇ ਕਿਸਾਨ ਰਾਜਪੁਰਾ ਹਾਈਵੇ 12 ਤੋਂ 2 ਵਜੇ ਤੱਕ ਪੁਰ—ਅਮਨ ਜਾਮ ਕਰਨਗੇ।

ਮੀਟਿੰਗ ਵਿੱਚ ਜੁੜੇ ਕਿਸਾਨਾਂ ਵਿੱਚ ਉਦੋਂ ਰੋਹ ਪੈਦਾ ਹੋ ਗਿਆ ਜਦੋਂ ਸ੍ਰ. ਬਹਿਰੂ ਨੇ ਦੱਸਿਆ ਕਿ ਅੱਜ 10 ਸਤੰਬਰ ਨੂੰ ਹਰਿਆਣਾ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਕਿਸਾਨਾਂ ਦੇ ਮੌਤ ਦੇ ਵਰੰਟਾਂ ਵਾਲੇ ਆਰਡੀਨੈਂਸਾਂ ਨੂੰ ਰੱਦ ਕਰਾਉਣ ਲਈ ਜਿਲ੍ਹਾ ਕੁਰਕਸ਼ੇਤਰ ਦੇ ਕਸਬਾ ਪੀਪਲੀ ਵਿੱਚ ਲੰਘ ਰਹੇ ਹਾਈਵੇ ਨੂੰ ਸ਼ਾਂਤਮਈ ਢੰਗ ਨਾਲ ਜਾਮ ਲਗਾਉਣ ਦੀ ਕੋਸ਼ਿਸ਼ ਕੀਤੀ ਤਾਂ ਹਰਿਆਣਾ ਦੇ ਮੁੱਖ ਮੰਤਰੀ ਦੇ ਹੁਕਮ ਉਤੇ ਪੁਸਿਲ ਨੇ ਨਿਹੱਥੇ ਕਿਸਾਨਾਂ ਉਤੇ ਬੇਤਹਾਸਾ ਲਾਠੀਚਾਰਜ, ਅੱਥਰੂ ਗੈਸ ਅਤੇ ਪਾਣੀ ਦੀਆਂ ਵਾਛੜਾਂ ਵਰਾਉਣ ਦੀ ਕੋਈ ਕੋਸ਼ਿਸ਼ ਨਹੀਂ ਛੱਡੀ ਪਰ ਅਣਖੀ ਕਿਸਾਨਾਂ ਨੇ ਆਪਣਾ ਰੋਸ ਜਬਰਦਸਤ ਕਰਨ ਵਿੱਚ ਕਾਮਯਾਬ ਰਹੇ।
ਮੀਟਿੰਗ ਨੇ ਇੱਕ ਮਤਾ ਪਾਸ ਕਰਕੇ ਇਸ ਅੰਦੋਲਨਕਾਰੀ ਕਿਸਾਨਾਂ ਦੀ ਪ੍ਰਸੰਸਾ ਕੀਤੀ ਉੱਥੇ ਹੀ ਹਰਿਆਣਾ ਦੀ ਪੁਲਿਸ ਦੀ ਇਸ ਘਨੋਣੀ ਹਰਕਤ ਦੀ ਜ਼ੋਰਦਾਰ ਨਿੰਦਿਆ ਕਰਦਿਆਂ ਭਾਰਤੀ ਜਨਤਾ ਪਾਰਟੀ ਨੂੰ ਵੰਗਾਰਦਿਆਂ ਕਿਹਾ ਕਿ ਦੇਸ਼ ਦੇ ਕਿਸਾਨਾਂ ਨੂੰ ਕਿੰਨੀਆਂ ਵੀ ਕੁਰਬਾਨੀਆਂ ਕਰਨੀਆਂ ਪੈਣ ਕਿਸਾਨ ਨੂੰ ਤਬਾਹ ਕਰਨ ਵਾਲੇ ਮਾਰੂ ਆਰਡੀਨੈਂਸ ਕਿਸੇ ਵੀ ਕੀਮਤ ਤੇ ਲਾਗੂ ਨਹੀਂ ਹੋਣ ਦਿੱਤੇ ਜਾਣਗੇ। ਮੀਟਿੰਗ ਵਿੱਚ ਹਾਜ਼ਰ ਵਰਕਰਾਂ ਨੇ ਵਿਸ਼ਵਾਸ ਦਿਵਾਇਆ ਹੈ ਕਿ 15 ਸਤੰਬਰ ਨੂੰ ਰਾਜਪੁਰਾ ਵਿਖੇ ਹਾਈਵੇ ਰੋਕਣ ਵਾਲੇ ਰੋਸ ਧਰਨੇ ਆਪਣੇ ਆਪਣੇ ਸਾਧਨਾਂ ਨਾਲ ਪੁੱਜਾਂਗੇ। ਅੱਜ ਦੀ ਮੀਟਿੰਗ ਵਿੱਚ ਜਿਹੜੇ ਹੋਰ ਕਿਸਾਨ ਲੀਡਰ ਸ਼ਾਮਲ ਹੋਏ ਉਨ੍ਹਾਂ ਵਿੱਚ ਸ੍ਰ. ਸੇਵਾ ਸਿੰਘ ਪਨੋਦੀਆਂ, ਗੁਰਮੇਲ ਸਿੰਘ ਬੋਸਰ, ਬਲਿਹਾਰ ਸਿੰਘ ਰੁੜਕੀ, ਰਘਬੀਰ ਸਿੰਘ ਕਰਤਾਰਪੁਰ, ਗੁਰਦਿਆਲ ਸਿੰਘ ਵਿਰਕ, ਗੁਰਪੀਰ ਸਿੰਘ ਪੰਜੋਲਾ, ਰਣਬੀਰ ਸਿੰਘ ਰਾਣਾ, ਅਵਤਾਰ ਸਿੰਘ ਆਕੜ, ਹਰਵਿੰਦਰ ਸਿੰਘ ਬਲਬੇੜਾ, ਗੁਰਦੇਵ ਸਿੰਘ ਨਾਭਾ ਬਲਾਕ ਰਾਜਪੁਰਾ ਦੇ ਬਲਾਕ ਪ੍ਰਧਾਨ ਅਮਰੀਕ ਸਿੰਘ ਪਬਰੀ ਤੋਂ ਇਲਾਵਾ 45 ਤੋਂ ਵੱਧ ਸਰਗਰਮ ਵਰਕਰ ਸ਼ਾਮਿਲ ਹੋਏ।

Leave a Reply

Your email address will not be published. Required fields are marked *