ਸੈਰ ਸਪਾਟੇ ਨੂੰ ਉਤਸ਼ਾਹਤ ਕਰਨ ਲਈ 40.93 ਕਰੋੜ ਰੁਪਏ ਨਾਲ ਤਿਆਰ ਹੋਵੇਗੀ 2 ਕਿਲੋਮੀਟਰ ਲੰਮੀ ‘ਹੈਰੀਟੇਜ ਸਟਰੀਟ’
ਪਟਿਆਲਾ, 15 ਸਤੰਬਰ (ਮਧੂਸਾਰ ਬਿਊਰੋ) : ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਤੇ ਸ਼ਹਿਰ ਨੂੰ ਆਰਥਿਕ ਤੌਰ ‘ਤੇ ਮਜ਼ਬੂਤ ਬਣਾਉਣ ਦੇ ਨਾਲ-ਨਾਲ ਸ਼ਹਿਰ ਦੀ ਸੁੰਦਰਤਾ ਨੂੰ ਚਾਰ ਚੰਨ ਲਗਾਉਣ ਲਈ ਹੈਰੀਟੇਜ ਸਟਰੀਟ ਦਾ ਕੰਮ ਜਲਦ ਸ਼ੁਰੂ ਹੋਣ ਜਾ ਰਿਹਾ ਹੈ। ਸਮਾਨੀਆ ਗੇਟ ਤੋਂ ਸ਼ੁਰੂ ਹੋ ਕੇ ਸ਼ਾਹੀ ਸਮਾਧਾਂ ਤੋਂ ਹੁੰਦੇ ਹੋਏ ਦਾਲ ਦਲੀਆ ਚੌਕ, ਗੁੜ੍ਹ ਮੰਡੀ, ਬਰਤਨ ਬਾਜ਼ਾਰ, ਕਿਲਾ ਚੌਕ, ਚੂੜੀਆਂ ਵਾਲਾ ਬਾਜ਼ਾਰ, ਪੁਰਾਣੀ ਕੋਤਵਾਲੀ ਚੌਕ, ਸਦਰ ਬਾਜ਼ਾਰ, ਏ ਟੈਂਕ ਤੱਕ ਹੈਰੀਟੇਜ ਸਟਰੀਟ ਦੋ ਕਿਲੋਮੀਟਰ ਲੰਮੀ ਬਣਾਈ ਜਾਵੇਗੀ। ਜਿਸ ‘ਤੇ 40 ਕਰੋੜ 93 ਲੱਖ ਰੁਪਏ ਦਾ ਖਰਚਾ ਆਉਣ ਦਾ ਅਨੁਮਾਨ ਹੈ ਤੇ ਇਸਨੂੰ 18 ਮਹੀਨੇ ਵਿਚ ਪੂਰਾ ਕੀਤਾ ਜਾਣਾ ਹੈ।
ਸਟਰੀਟ ਦਾ ਕੰਮ ਸ਼ੁਰੂ ਹੋਣ ਤੋਂ ਪਹਿਲਾਂ ਮੇਅਰ ਸੰਜੀਵ ਸ਼ਰਮਾ ਬਿੱਟੂ ਦੀ ਪ੍ਰਧਾਨਗੀ ਵਿਚ ਅਹਿਮ ਬੈਠਕ ਸੋਮਵਾਰ ਨੂੰ ਨਿਗਮ ਦਫਤਰ ਵਿਚ ਹੋਈ। ਜਿਸ ਵਿਚ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਤੋਂ ਇਲਾਵਾ ਨਿਗਮ ਕਮਿਸ਼ਨਰ ਪੂਨਮਦੀਪ ਕੌਰ, ਪੁੱਡਾ ਐਕਸੀਅਨ ਅਜੈ ਗਰਗ ਸਮੇਤ ਕਈ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਮੌਜੂਦ ਹੋਏ। ਬੈਠਕ ਦੌਰਾਨ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਦੱਸਿਆ ਕਿ ਹੈਰੀਟੇਜ ਬਣਾ ਕੇ ਸ਼ਹਿਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਵਾਂ ਰੂਪ ਦੇਣਾ ਚਾਹੁੰਦੇ ਹਨ। ਟੈਂਡਰ ਦੀ ਸਾਰੀ ਪ੍ਰਕਿਰਿਆਵਾਂ ਪੂਰੀਆਂ ਹੋਣ ਤੋਂ ਬਾਅਦ ਇਸ ਦਾ ਕੰਮ ਸ਼ੁਰੂ ਹੋ ਜਾਵੇਗਾ। ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਕਿਹਾ ਕਿ ਲੋਕਾਂ ਦੀ ਮੁੱਢਲੀਆਂ ਸਹੂਲਤਾਵਾਂ ਦੇ ਨਾਲ ਕਿਸੇ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ ਜਾ ਸਕਦਾ। ਰੋਜ਼ਾਨਾ ਬਿਜਲੀ ਕੱਟ ਨਹੀਂ ਲਗਾਏ ਜਾ ਸਕਦੇ, ਇਸ ਲਈ ਜ਼ਰੂਰੀ ਹੈ ਕਿ ਹੈਰੀਟੇਜ ਸਟਰੀਟ ਦਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਪਾਵਰਕਾਮ ਤੇ ਹੋਰ ਵਿਭਾਗ ਨਿਗਮ ਦੇ ਨਾਲ ਮਿਲ ਕੇ ਇਸ ਦੀ ਯੋਜਨਾ ਤਿਆਰ ਕਰੇ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਹੈਰੀਟੇਜ ਸਟਰੀਟ ਸ਼ਹਿਰ ਨੂੰ ਮਿਲਣਾ ਭਾਗਾਂ ਵਾਲੀ ਗੱਲ ਹੈ। ਪੁੱਡਾ ਐਕਸੀਅਨ ਅਜੇ ਗਰਗ ਨੇ ਦੱਸਿਆ ਕਿ ਕੁਲ ਦੋ ਕਿਲੋਮੀਟਰ ਦੀ ਲੰਮੀ ਹੈਰੀਟੇਜ ਸਟਰੀਟ ਨੂੰ 18 ਮਹੀਨੇ ਵਿਚ ਪੂਰਾ ਕੀਤਾ ਜਾਣਾ ਹੇ। ਟੈਂਡਰ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਤਿੰਨ ਕੰਪਨੀਆਂ ਸਾਂਝੇ ਤੌਰ ‘ਤੇ ਕੰਮ ਕਰਨਗੀਆਂ।

