ਗੁਰਦੁਆਰਾ ਅਰਦਾਸਪੁਰਾ ਸਾਹਿਬ ਵਿਖੇ ਬਣਾਈ 11 ਮੈਂਬਰੀ ਕਮੇਟੀ ਦਾ ਵਿਰੋਧ!
ਕਮੇਟੀ ’ਚ ਸ਼ਾਮਲ ਸਿਆਸੀ ਚਿਹਰਿਆਂ ਨੂੰ ਪਿੰਡ ਵਾਸੀ ਬਰਦਾਸ਼ਤ ਨਹੀਂ ਕਰਨਗੇ
ਪਟਿਆਲਾ 21 ਸਤੰਬਰ (ਰਮਨਦੀਪ/ਮਧੂਸਾਰ ਬਿਊਰੋ) ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਦੀ ਅਗਵਾਈ ’ਚ ਗੁਰਦੁਆਰਾ ਅਰਦਾਸਪੁਰਾ ਕਲਿਆਣ ਵਿਖੇ ਬਣਾਈ ਕਮੇਟੀ ਦਾ ਪਿੰਡ ਕਲਿਆਣ ਦੇ ਵਾਸੀਆਂ ਨੇ ਸਖਤ ਵਿਰੋਧ ਜਿਤਾਉਂਦਿਆਂ ਅਪ੍ਰਵਾਨ ਕੀਤਾ ਹੈ। ਪਾਵਨ ਸਫਰੀ ਸਰੂਪ ਮਾਮਲੇ ਦੀ ਜਾਂਚ ਦੇ ਚੱਲਦਿਆਂ ਪੁਰਾਣੀ ਕਮੇਟੀ ਨੇ ਨੈਤਿਕਤਾ ਦੇ ਆਧਾਰ ’ਤੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੂੰ ਅਸਤੀਫੇ ਸੌਂਪ ਦਿੱਤੇ, ਜਿਸ ਮਗਰੋਂ ਮੁੜ 11 ਮੈਂਬਰੀ ਕਮੇਟੀ ਦਾ ਗਠਨ ਕਰ ਦਿੱਤਾ ਗਿਆ। ਨਵੀਂ ਬਣੀ 11 ਕਮੇਟੀ ਮੈਂਬਰਾਂ ਦਾ ਵਿਰੋਧ ਅੱਜ ਪਿੰਡ ਕਲਿਆਣ ਦੇ ਵਾਸੀਆਂ ਨੇ ਇਕੱਠੇ ਹੋ ਕੇ ਕੀਤਾ ਅਤੇ ਕਿਹਾ ਕਿ ਜਥੇਦਾਰ ਦਾਦੂਵਾਲ ਕੋਣ ਹੁੰਦੇ ਹਨ, ਜੋ ਕਮੇਟੀ ਮੈਂਬਰਾਂ ਦੀ ਚੋਣ ਕਰਨ ਵਾਲੇ।
ਉਨ੍ਹਾਂ ਕਿਹਾ ਕਿ ਕਮੇਟੀ ’ਚ ਬਾਹਰੀ ਸਿਆਸੀ ਚਿਹਰਿਆਂ ਨੂੰ ਸ਼ਾਮਲ ਕੀਤਾ ਗਿਆ, ਜਿਨ੍ਹਾਂ ਨੂੰ ਪਿੰਡ ਵਾਸੀ ਬਰਦਾਸ਼ਤ ਨਹੀਂ ਕਰਨਗੇ। ਪਿੰਡ ਵਾਸੀਆਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਨਵੀਂ ਬਣੀ ਕਮੇਟੀ ਉਹ ਮੁੱਢੋ ਰੱਦ ਕਰਦੇ ਹਾਂ। ਉਨ੍ਹਾਂ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਦਾ ਵਿਰੋਧ ਕਰਦਿਆਂ ਕਿਹਾ ਕਿ ਅਸੀਂ ਇਸ ਕਮੇਟੀ ਨੂੰ ਪ੍ਰਵਾਨ ਨਹੀਂ ਕਰ ਸਕਦੇ ਕਿਉਂਕਿ ਪਿੰਡ ਵਾਸੀਆਂ ਦੀ ਇਸ ’ਤੇ ਸਹਿਮਤੀ ਨਹੀਂ ਲਈ ਗਈ। ਉਨ੍ਹਾਂ ਕਿਹਾ ਕਿ ਕਮੇਟੀ ਗੁਰੂ ਘਰ ਦੀ ਸੇਵਾ ਲਈ ਚੁਣੀ ਜਾਦੀ ਹੈ, ਜਦਕਿ ਬਾਹਰੀ ਵਿਅਕਤੀ ਗੁਰਦੁਆਰਾ ਪ੍ਰਬੰਧ ਨੂੰ ਸੁਚਾਰੂ ਤਰੀਕੇ ਨਾਲ ਨਹੀਂ ਚਲਾ ਸਕਦੇ।
ਰੋਸ ਪ੍ਰਗਟ ਕਰਦਿਆਂ ਸਮੂਹ ਪਿੰਡ ਵਾਸੀਆਂ ਨੇ ਦਾਦੂਵਾਲ ਤੇ ਹੋਰ ਬਾਹਰੀ ਅਖੌਤੀ ਲੀਡਰਾਂ ਨੂੰ ਚੇਤਾਵਨੀ ਦਿੰਦੇਂ ਹੋਏ ਕਿਹਾ ਕਿ ਉਹ ਆਪਣੀ ਲੀਡਰੀ ਅਪਣੇ ਘਰਾ ਤੱਕ ਹੀ ਸੀਮਤ ਰੱਖਣ ਜੇ ਕਰ ਗੁਰੂਦੁਆਰਾ ਸਾਹਿਬ ਕਲਿਆਣ ਦੇ ਵਿੱਚ ਸਿਆਸੀ ਰੋਟੀਆਂ ਸੇਕਣ ਦਾ ਯਤਨ ਕੀਤਾ ਤਾ ਪਿੰਡ ਵਾਸੀ ਚੁੱਪ ਨਹੀ ਬੈਠਣੇ ਅਤੇ ਅਖੌਤੀ ਆਗੂਆਂ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇਗਾ।
ਰੋਸ ਪ੍ਰਗਟ ਕਰਨ ਵਾਲਿਆਂ ’ਚ ਸੁਰਜੀਤ ਸਿੰਘ ਮੈਂਬਰ ਬਲਾਕ ਸੰਮਤੀ, ਮਨਜੀਤ ਸਿੰਘ ਸਰਪੰਚ ਆਸੇਮਾਜਰਾ, ਸਰਬਜੀਤ ਸਿੰਘ ਸਾਬਕਾ ਸਰਪੰਚ, ਰਾਮ ਸਿੰਘ ਨੰਬਰਦਾਰ, ਜਰਨੈਲ ਸਿੰਘ ਕਲਿਆਣ, ਗੁਲਜਾਰ ਸਿੰਘ ਨੰਬਰਦਾਰ, ਹਰਨੇਕ ਸਿੰਘ ਨੰਬਰਦਾਰ,ਬੀਬੀ ਰਾਜ ਕੁਮਾਰੀ, ਜਥੇਦਾਰ ਜਗਰੂਪ ਸਿੰਘ, ਸੁਖਵਿੰਦਰ ਸਿੰਘ ਸਾਬਕਾ ਬਲਾਕ ਸੰਮਤੀ ਮੈਂਬਰ, ਉਂਕਾਰ ਸਿੰਘ ਪੰਚ, ਅਜੈਬ ਸਿੰਘ ਸਾਬਕਾ ਪੰਚ,ਹਰਦੇਵ ਸਿੰਘ,ਰੇਸਮ ਸਿੰਘ, ਦਲਵੀਰ ਸਿੰਘ ਗਰੇਵਾਲ, ਗੁਰਦੀਪ ਸਿੰਘ ਗਰੇਵਾਲ, ਜਗਮੇਲ ਸਿੰਘ ਬੀਬੀਪੁਰ, ਬਹਾਦਰ ਸਿੰਘ ਦਦਹੇੜਾ,ਸਤਵੀਰ ਸਿੰਘ ਕਲਿਆਣ ਤੋ ਇਲਾਵਾ ਵੱਡੀ ਗਿਣਤੀ ਪਿੰਡ ਵਾਸੀ ਹਾਜ਼ਰ ਸਨ।

