ਪੰਜਾਬਪਟਿਆਲਾ

ਭਾਜਪਾ ਅਤੇ ਕਾਂਗਰਸ ਖੇਤੀ ਆਰਡੀਨੈਂਸ ਬਿੱਲਾਂ ‘ਤੇ ਖੇਡ ਰਹੇ ਫਿਕਸ ਮੈਚ : ਪਰਮਬੰਸ ਸਿੰਘ ਬੰਟੀ ਰੋਮਾਣਾ

ਯੂਥ ਆਗੂ ਬੰਟੀ ਰੋਮਾਣਾ ਦੀ ਅਗਵਾਈ ‘ਚ ਕਰਜ਼ੇ ‘ਚ ਡੁੱਬੇ ਕਿਸਾਨਾਂ ਦੇ ਹੱਕ ‘ਚ ਧਰਨਾ ਪ੍ਰਦਰਸ਼ਨ
ਰਾਹੁਲ ਗਾਂਧੀ ਨੂੰ ਮਿਲਣ ਜਾ ਰਹੇ ਯੂਥ ਵਰਕਰਾਂ ਨੂੰ ਬੈਰੀਕੇਡ ਲਗਾਕੇ ਪੁਲਿਸ ਨੇ ਰੋਕਿਆ
ਪਟਿਆਲਾ 7 ਅਕਤੂਬਰ (ਰਮਨਦੀਪ/ਮਧੂਸਾਰ ਬਿਊਰੋ) ਕਾਂਗਰਸ ਵੱਲੋਂ ਚੋਣ ਮੈਨੀਫੈਸਟੋ ‘ਚ ਕਿਸਾਨਾਂ ਨਾਲ ਕੀਤੀ ਗਈ ਵਾਅਦਾਖਿਲਾਫ਼ੀ ਦੇ ਵਿਰੋਧ ‘ਚ ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਦੀ ਅਗਵਾਈ ‘ਚ ਅੱਜ ਕਰਜ਼ੇ ‘ਚ ਡੁੱਬੇ ਕਿਸਾਨ ਪਰਿਵਾਰਾਂ ਨੂੰ ਨਾਲ ਲੈ ਕੇ ਰਾਹੁਲ ਗਾਂਧੀ ਦਾ ਘਿਰਾਓ ਕਰਨ ਜਾ ਰਹੇ ਯੂਥ ਵਰਕਰਾਂ ਨੇ ਧਰਨਾ ਪ੍ਰਦਰਸ਼ਨ ਕੀਤਾ। ਇਸ ਮੌਕੇ ਯੂਥ ਅਕਾਲੀ ਦਲ ਦੇ ਵਰਕਰਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਰਾਹੁਲ ਗਾਂਧੀ ਦੇ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਪੰਜਾਬ ‘ਚ ਕਿਸਾਨਾਂ ਦੇ ਹੱਕ ‘ਚ ਟਰੈਕਟਰ ਰੈਲੀ ਕਰ ਰਹੇ ਰਾਹੁਲ ਗਾਂਧੀ ਤੋਂ ਜਵਾਬ ਲੈਣ ਜਾ ਰਹੇ ਕਿਸਾਨ ਪਰਿਵਾਰਾਂ ਅਤੇ ਯੂਥ ਵਰਕਰਾਂ ਨੂੰ ਰੋਕਣ ਲਈ ਪੁਲਿਸ ਪ੍ਰਸ਼ਾਸਨ ਵੱਲੋਂ ਪੁਖਤਾ ਇੰਤਜਾਮ ਕੀਤੇ ਗਏ ਸਨ। ਯੂਥ ਅਕਾਲੀ ਦਲ ਦੇ ਵਰਕਰਾਂ ਨੂੰ ਬੈਰੀਕੇਡ ਲਗਾਕੇ ਮੰਡੀ ਦੇ ਚੇਅਰਮੈਨ ਲਾਲ ਸਿੰਘ ਦੀ ਸਰਕਾਰੀ ਰਿਹਾਇਸ਼ ਅੱਗੇ ਬੈਰੀਕੇਡ ਲਗਾਕੇ ਰੋਕ ਲਿਆ ਗਿਆ।
ਧਰਨੇ ਦੀ ਅਗਵਾਈ ਕਰ ਰਹੇ ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਕਿਹਾ ਕਿ ਕਾਂਗਰਸ ਨੇ ਚੋਣ ਮੈਨੀਫੈਸਟੋ ‘ਚ ਕਰਜ਼ੇ ‘ਚ ਡੁੱਬੇ ਅਤੇ ਖੁਦਕਸ਼ੀਆਂ ਕਰ ਗਏ ਕਿਸਾਨਾਂ ਦੇ ਕਰਜ਼ਿਆਂ ‘ਤੇ ਲੀਕ ਮਾਰਨ ਦੇ ਨਾਲ-ਨਾਲ ਪਰਿਵਾਰ ਦੇ ਇਕ-ਇਕ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ 10 ਲੱਖ ਰੁਪਏ ਤੋਂ ਇਲਾਵਾ ਪੂਰਨ ਤੌਰ ਤੇ ਕਰਜ਼ਾ ਮੁਆਫ਼ੀ ਦਾ ਵਾਅਦਾ ਕੀਤਾ ਸੀ, ਜੋ ਅੱਜ ਤੱਕ ਏਨਾ ਪਰਿਵਾਰਾਂ ਨਾਲ ਪੂਰਾ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਹਮਦਰਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੇ ਏਨਾ ਦੁੱਖੀ ਕਿਸਾਨ ਪਰਿਵਾਰਾਂ ਦੀ ਬਾਹ ਫੜੀ ਅਤੇ ਵਿਧਾਨ ਸਭਾ ਸੈਸ਼ਨ ‘ਚ ਕਰਜ਼ਾ ਮੁਆਫੀ ਦਾ ਵਾਅਦਾ ਯਾਦ ਕਰਵਾਇਆ ਇਥੋਂ ਤੱਕ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਦੁਖੀ ਪਰਿਵਾਰ ਮਿਲੇ ਪਰ ਅੱਜ ਤੱਕ ਸਰਕਾਰ ਚੋਣ ਮੈਨੀਫੈਸਟੋ ‘ਚ ਕੀਤਾ ਵਾਅਦਾ ਪੂਰਾ ਨਹੀਂ ਕਰ ਸਕੀ। ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਕਿਹਾ ਕਿ ਇਕ ਪਾਸੇ ਤਾਂ ਕਰਜ਼ੇ ਦੀ ਮਾਰ ਝੱਲ ਰਹੇ ਪਰਿਵਾਰਾਂ ਦਾ ਸਾਰਾ ਕੁਝ ਉਜੜ ਚੁੱਕਿਆ ਦੂਜੇ ਪਾਸੇ ਰਾਹੁਲ ਗਾਂਧੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ‘ਚ ਟਰੈਕਟਰ ਰੈਲੀਆਂ ਕੱਢਕੇ ਕਿਸਾਨੀ ਦੀ ਗੱਲ ਕਰ ਰਹੇ, ਪਰ ਦੁਖੀ ਕਿਸਾਨ ਪਰਿਵਾਰ ਤੁਹਾਡੇ ਤੋਂ ਜਵਾਬ ਮੰਗਦੇ ਹਨ ਕਿ ਸਾਡੇ ਨਾਲ ਧੱਕਾ ਕਿਉਂ ਹੋ ਰਿਹਾ ਹੈ।
ਇਕ ਸਵਾਲ ਦੇ ਜਵਾਬ ‘ਚ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਕਿਹਾ ਕਿ ਖੇਤੀ ਆਰਡੀਨੈਂਸ ‘ਤੇ ਸ਼੍ਰੋਮਣੀ ਅਕਾਲੀ ਦਲ ਆਪਣਾ ਸਟੈਂਡ ਸਪੱਸ਼ਟ ਕਰ ਚੁੱਕਿਆ ਹੈ, ਜਦਕਿ ਭਾਜਪਾ ਅਤੇ ਕਾਂਗਰਸ ਕਿਸਾਨ ਖੇਤੀ ਬਿੱਲਾਂ ‘ਤੇ ਫਿਕਸ ਮੈਚ ਖੇਡ ਰਹੇ ਹਨ। ਉਨ੍ਹਾਂ ਕਿਹਾ ਕਿ ਇਕ ਪਾਸੇ ਭਾਜਪਾ ਬਿੱਲ ਲੈ ਕੇ ਆਉਂਦੀ ਹੈ ਦੂਜੇ ਪਾਸੇ ਜਦ ਪਾਰਲੀਮੈਂਟ ‘ਚ ਬਿੱਲਾਂ ਦਾ ਵਿਰੋਧ ਕਰਨ ਦਾ ਸਮਾਂ ਸੀ ਉਸ ਸਮੇਂ ਕਾਂਗਰਸ ਦੇ ਸਾਰੇ ਪਾਰਲੀਮੈਂਟ ਮੈਂਬਰ ਅਤੇ ਰਾਹੁਲ ਗਾਂਧੀ ਚੁੱਪ ਕਿਉਂ ਸਨ। ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਾਰਿਆਂ ਨੂੰ ਉਕਸਾਕੇ ਦਿੱਲੀ ਭਿਜਵਾਉਣ ਦੀ ਗੱਲ ਕਰਦੇ ਹਨ, ਪਰ ਹੁਣ ਰਾਹੁਲ ਗਾਂਧੀ ਪੰਜਾਬ ਟਰੈਕਟਰ ਰੈਲੀ ਕੱਢਕੇ ਕਿਸ ਨੂੰ ਵਿਖਾ ਰਹੇ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਮਾਲਵਾ ਜ਼ੋਨ ਦੇ ਇੰਚਾਰਜ ਸਤਬੀਰ ਸਿੰਘ ਖੱਟੜਾ, ਅਮਿਤ ਰਾਠੀ, ਅਮਰਿੰਦਰ ਸਿੰਘ ਬਜਾਜ, ਇੰਦਰਜੀਤ ਸਿੰਘ ਰਾਣਾ, ਗੁਰਸੇਵਕ ਸਿੰਘ ਗੋਲੂ, ਕੁਲਵਿੰਦਰ ਸਿੰਘ ਵਿੱਕੀ ਰਿਵਾਜ, ਅਵਤਾਰ ਸਿੰਘ ਹੈਪੀ, ਹੈਰੀ ਮੁਖਮੈਲਪੁਰ, ਰਵਿੰਦਰ ਸਿੰਘ ਸ਼ੱਕੂ ਗਰੋਵਰ ਅਤੇ ਯੂਥ ਅਕਾਲੀ ਦੇ ਵਰਕਰ ਵੱਡੀ ਗਿਣਤੀ ਵਿਚ ਹਾਜ਼ਰ ਸਨ।

Leave a Reply

Your email address will not be published. Required fields are marked *