ਦੇਸ਼-ਵਿਦੇਸ਼ਪੰਜਾਬਪਟਿਆਲਾ

ਨਵਜੋਤ ਸਿੱਧੂ ਦੀ ਗੈਰ-ਹਾਜ਼ਰੀ ਕਾਰਨ ਰਾਹੁਲ ਦੀ ਆਖਰੀ ਰੈਲੀ ਫਿੱਕੀ ਨਜ਼ਰ ਆਈ

ਕਾਂਗਰਸੀ ਵਰਕਰਾਂ ‘ਚ ਸਿੱਧੂ ਦੀ ਬਣੀ ਰਹੀ ਚਰਚਾ
ਪਟਿਆਲਾ, 6 ਅਕਤੂਬਰ (ਮਧੂਸਾਰ ਬਿਊਰੋ) ਕਾਂਗਰਸ ਦੇ ਸੀਨੀਅਰ ਲੀਡਰ ਨਵਜੋਤ ਸਿੰਘ ਸਿੱਧੂ ਦੀ ਅੱਜ ਦੂਜੇ ਦਿਨ ਵੀ ਰਾਹੁਲ ਗਾਂਧੀ ਦੀ ਟਰੈਕਟਰ ਰੈਲੀ ‘ਚ ਗੈਰ ਹਾਜ਼ਰੀ ਕਾਰਨ ਪੰਜਾਬ ਦੀ ਆਖਰੀ ਰੈਲੀ ਫਿੱਕੀ ਨਜ਼ਰ ਆਈ। ਇਹ ਰੈਲੀ ਮੁੱਖ ਮੰਤਰੀ ਦੇ ਆਪਣੇ ਜ਼ਿਲ੍ਹੇ ਪਟਿਆਲਾ ਦੇ ਕਸਬਾ ਦੂਧਨਸਾਧਾਂ ਵਿਖੇ ਰੱਖੀ ਗਈ ਸੀ। ਅੱਜ ਜਿਉਂ ਹੀ ਰਾਹੁਲ ਗਾਂਧੀ ਪਟਿਆਲਾ ਦੇ ਸਰਕਟ ਹਾਊਸ ‘ਚੋਂ ਨਿਕਲੇ ਤਾਂ ਵਰਕਰਾਂ ਅਤੇ ਕਾਫਲੇ ਵਿਚ ਪਹਿਲਾਂ ਵਾਲਾ ਜੋਸ਼ ਨਹੀਂ ਵਿਖਾਈ ਦਿੱਤਾ। ਇਸ ਕਾਫਲੇ ਵਿਚ ਵੀ ਜ਼ਿਆਦਾਤਰ ਵਰਕਰ ਅਤੇ ਆਗੂ ਨਵਜੋਤ ਸਿੱਧੂ ਨੂੰ ਯਾਦ ਕਰਦੇ ਨਜ਼ਰ ਆਏ। ਇਸ ਲਈ ਸਿੱਧੂ ਦੀ ਗੈਰ ਹਾਜ਼ਰੀ ਨੇ ਅੱਜ ਦੀ ਆਖਰੀ ਰੈਲੀ ਨੂੰ ਖੁੰਝੇ ਲਗਾ ਕੇ ਰੱਖ ਦਿੱਤਾ। ਦੱਸਣਯੋਗ ਹੈ ਕਿ ਲੰਬੇ ਸਮੇਂ ਬਾਅਦ ਸਿੱਧੂ ਕਾਂਗਰਸ ਦੇ ਮੰਚ ‘ਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੀ ਟਰੈਕਟਰ ਰੈਲੀ ਦੌਰਾਨ ਨਜ਼ਰ ਆਏ ਸੀ ਪਰ ਰੈਲੀ ਦੇ ਦੂਜੇ ਹੀ ਦਿਨ ਉਹ ਰੈਲੀ ਤੋਂ ਬਾਹਰ ਹੋ ਗਏ। ਸਿੱਧੂ ਦੀ ਗੈਰ-ਹਾਜ਼ਰੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਉਧਰ ਕਾਂਗਰਸ ਦੇ ਸੂਬਾ ਇੰਚਾਰਜ ਹਰੀਸ਼ ਰਾਵਤ ਅਜੇ ਵੀ ਸਿੱਧੂ ਦਾ ਬਚਾਅ ਕਰ ਰਹੇ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਸਿੱਧੂ ਜ਼ਰੂਰੀ ਕੰਮ ਕਰਕੇ ਗੈਰ-ਹਾਜ਼ਰ ਹਨ। ਮੀਡੀਆ ਵਿੱਚ ਛਿੜੀ ਚਰਚਾ ਮਗਰੋਂ ਪਾਰਟੀ ਦੇ ਸੀਨੀਅਰ ਨੇਤਾਵਾਂ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਸਿੱਧੂ ਨੂੰ ਕੁਝ ਜ਼ਰੂਰੀ ਕੰਮ ਸੀ। ਇਸ ਲਈ ਉਹ ਰੈਲੀ ਵਿੱਚ ਸ਼ਾਮਲ ਨਹੀਂ ਹੋਏ। ਸੂਤਰਾਂ ਦਾ ਕਹਿਣਾ ਹੈ ਕਿ ਸਿੱਧੂ ਦੇ ਰੈਲੀ ਵਿੱਚ ਨਾ ਆਉਣ ਦਾ ਕਾਰਨ ਇਹ ਹੈ ਕਿ ਪਹਿਲੇ ਦਿਨ ਦੀ ਰੈਲੀ ਵਿੱਚ ਵੀ ਉਨ੍ਹਾਂ ਨੂੰ ਕਾਫ਼ੀ ਸਮੇਂ ਲਈ ਬੈਠਾ ਕੇ ਰੱਖਿਆ ਗਿਆ। ਉਨ੍ਹਾਂ ਨੂੰ ਲੰਬੇ ਸਮੇਂ ਬਾਅਦ ਬੋਲਣ ਦਾ ਮੌਕਾ ਦਿੱਤਾ ਗਿਆ ਜਿਸ ਕਾਰਨ ਸਿੱਧੂ ਨਾਰਾਜ਼ ਹੋ ਗਏ। ਇਸ ਤੋਂ ਬਾਅਦ ਜਦੋਂ ਸਿੱਧੂ ਨੂੰ ਬੋਲਣ ਦਾ ਮੌਕਾ ਦਿੱਤਾ ਤਾਂ ਕੁਝ ਹੀ ਮਿੰਟਾਂ ਬਾਅਦ ਇਕ ਕੈਬਨਿਟ ਮੰਤਰੀ ਨੇ ਉਨ੍ਹਾਂ ਨੂੰ ਇਕ ਪਰਚੀ ਫੜਾ ਕੇ ਬੈਠਣ ਦਾ ਇਸ਼ਾਰਾ ਕਰ ਦਿੱਤਾ। ਇਸ ਪਰਚੀ ਕਾਰਨ ਵੀ ਸਿੱਧੂ ਤਲਖ ਸੁਭਾਅ ਵਿਚ ਨਜ਼ਰ ਆਏ। ਸਿੱਧੂ ਨੇ ਉਸ ਸਮੇਂ ਸਟੇਜ ਤੋਂ ਹੀ ਆਪਣੀ ਭੜਾਸ ਕੱਢੀ ਅਤੇ ਸਾਰੇ ਮੰਚ ਨੂੰ ਆਪਣੇ ਵੱਲ ਖਿੱਚ ਲਿਆ। ਦੱਸ ਦਈਏ ਕਿ ਪਹਿਲੇ ਦਿਨ ਰੈਲੀ ਦੌਰਾਨ ਇਹ ਸਾਫ ਜਾਪਦਾ ਸੀ ਕਿ ਸਿੱਧੂ ਲੰਬੇ ਸਮੇਂ ਤੋਂ ਇੱਕ ਪਾਸੇ ਰਹਿਣ ਤੋਂ ਨਾਰਾਜ਼ ਸੀ ਤੇ ਉਨ੍ਹਾਂ ਦੀ ਇੱਕ ਵੀਡੀਓ ਨੂੰ ਟ੍ਰੋਲ ਕੀਤਾ ਜਾ ਰਿਹਾ ਹੈ ਪਰ ਸਿੱਧੂ ਦੇ ਨਜ਼ਦੀਕੀ ਲੋਕ ਸਾਫ ਤੌਰ ‘ਤੇ ਕਹਿੰਦੇ ਹਨ ਕਿ ਰੈਲੀ ਵਿੱਚ ਉਨ੍ਹਾਂ ਨਾਲ ਹੋਏ ਵਿਵਹਾਰ ਤੋਂ ਸਿੱਧੂ ਨਾਖੁਸ਼ ਹਨ।

Leave a Reply

Your email address will not be published. Required fields are marked *