ਫਤਹਿਗੜ੍ਹ ਸਾਹਿਬ ਵਿਖੇ ਦੋ ਬੇਅਦਬੀ ਦੀਆਂ ਘਟਨਾਵਾਂ : ਦੋਸ਼ੀ ਨੌਜਵਾਨ ਦਬੋਚਿਆ
ਸਰਹਿੰਦ ਥਾਣੇ ਅੱਗੇ ਜਾਮ ਲਗਾਕੇ ਲੋਕਾਂ ਨੇ ਜਿਤਾਇਆ ਰੋਸ
ਫ਼ਤਹਿਗੜ੍ਹ ਸਾਹਿਬ 12 ਅਕਤੂਬਰ (ਹਰਪ੍ਰੀਤ ਕੌਰ ਟਿਵਾਣਾ/ਮਧੂਸਾਰ ਬਿਊਰੋ ) ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿੱਚ ਅੱਜ ਦੋ ਵੱਖ ਵੱਖ ਪਿੰਡਾਂ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀਆਂ ਦੀਆਂ ਘਟਨਾਵਾਂ ਵਾਪਰੀਆਂ ਹਨ । ਪਹਿਲਾ ਮਾਮਲਾ ਜ਼ਿਲ੍ਹੇ ਦੇ ਪਿੰਡ ਤਰਖਾਣ ਮਾਜਰਾ ਵਿੱਚ ਸਾਹਮਣੇ ਆਇਆ ਜਿੱਥੇ ਗੁਰੂ ਘਰ ਦਾ ਜਿੰਦਰਾ ਖੁਲਵਾਕੇ ਇਕ ਸਿਰਫਿਰੇ ਨੌਜਵਾਨ ਨੇ ਗੁਰੂ ਗ੍ਰੰਥ ਸਾਹਿਬ ਜੀ ਅਤੇ ਗੁਟਕਾ ਸਾਹਿਬ ਦੇ ਅੰਗ ਪਾੜੇ, ਤੇ ਉੱਥੇ ਇਸ ਨੂੰ ਗੁਰੂ ਘਰ ਦੇ ਗ੍ਰੰਥੀ ਅਤੇ ਉਸ ਦੇ ਲੜਕੇ ਵੱਲੋਂ ਕਾਬੂ ਕਰ ਲਿਆ ਗਿਆ । ਉਸ ਦੀ ਇਸ ਹਰਕਤ ਦਾ ਜਦੋਂ ਰੌਲਾ ਪਿਆ ਤਾਂ ਪਿੰਡ ਦੇ ਹੋਰ ਲੋਕ ਇਕੱਠੇ ਹੋ ਗਏ ਅਤੇ ਇਸ ਨੌਜਵਾਨ ਦੀ ਖੂਬ ਛਿੱਤਰ ਪਰੇਡ ਵੀ ਪਿੰਡ ਵਾਸੀਆਂ ਵੱਲੋਂ ਕੀਤੀ ਗਈ ਅਤੇ ਫਿਰ ਪੁਲਸ ਹਵਾਲੇ ਕਰ ਦਿੱਤਾ ਗਿਆ ।
ਗੁਰੂ ਘਰ ਦੇ ਗ੍ਰੰਥੀ ਸਿੰਘ ਨੇ ਦੱਸਿਆ ਕਿ ਇਸ ਸਿਰਫਿਰੇ ਨੌਜਵਾਨ ਨੇ ਜੋ ਕਿ ਗੱਡੀ ਇੱਕ ਸਵਿਫ਼ਟ ਕਾਰ ਵਿੱਚ ਆਇਆ ਸੀ ਤੇ ਕਾਰ ਸਟਾਰਟ ਰੱਖ ਕੇ ਹੀ ਗੁਰੂ ਘਰ ਮੱਥਾ ਟੇਕਣ ਲਈ ਕਹਿਣ ਲੱਗਾ ਕਿ ਜਿੰਦਰਾ ਖੋਲ੍ਹ ਦਿਓ, ਉਸ ਨੇ ਮੱਥਾ ਟੇਕਣਾ ਹੈ । ਉਸ ਦੇ ਕਹਿਣ ਤੇ ਜਦੋਂ ਗ੍ਰੰਥੀ ਸਿੰਘ ਵੱਲੋਂ ਗੁਰੂ ਘਰ ਦਾ ਤਾਲਾ ਤੋੜ ਖੋਲਿਆ ਗਿਆ ਤਾਂ ਜਦੋਂ ਇਹ ਨੌਜਵਾਨ ਅੰਦਰ ਗਿਆ ਤਾਂ ਅੰਦਰ ਜਾ ਕੇ ਇਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਗੁਟਕਾ ਸਾਹਿਬ ਦੀ ਬੇਅਦਬੀ ਕਰ ਦਿੱਤੀ ਤੇ ਉਸ ਦੀ ਇਸ ਹਰਕਤ ਨੂੰ ਦੇਖ ਕੇ ਉਨ੍ਹਾਂ ਨੇ ਮੌਕੇ ਤੇ ਹੀ ਇਸ ਨੂੰ ਫੜ ਲਿਆ । ਇੰਨੇ ਵਿੱਚ ਇਕੱਠੇ ਹੋਏ ਗੁੱਸੇ ਤੇ ਰੋਹ ਵਿੱਚ ਆਏ ਪਿੰਡ ਵਾਸੀਆਂ ਨੇ ਵੀ ਉਸ ਨੌਜਵਾਨ ਦੀ ਕੁੱਟਮਾਰ ਕੀਤੀ ਅਤੇ ਗੱਡੀ ਤੱਕ ਭੰਨ ਦਿੱਤੀ ਜਿਸ ਨੂੰ ਬਾਅਦ ਵਿਚ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਅਤੇ ਹੌਲੀ ਹੌਲੀ ਪਿੰਡ ਵਾਸੀਆਂ ਦੇ ਨਾਲ ਵੱਖ ਵੱਖ ਜਥੇਬੰਦੀਆਂ ਦਾ ਵੱਡਾ ਇਕੱਠ ਥਾਣਾ ਸਰਹੰਦ ਅੱਗੇ ਜੁੜਨਾ ਸ਼ੁਰੂ ਹੋ ਗਿਆ ਤੇ ਭੜਕੇ ਲੋਕਾਂ ਵੱਲੋਂ ਮੰਗ ਕੀਤੀ ਗਈ ਕਿ ਇਸ ਨੌਜਵਾਨ ਨੂੰ ਲੋਕਾਂ ਦੇ ਹਵਾਲੇ ਕੀਤਾ ਜਾਵੇ ਜਿਸ ਨੇ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਹੈ ਉਸ ਨੂੰ ਲੋਕ ਸਜ਼ਾ ਦੇਣਗੇ । ਇੱਥੇ ਹੀ ਬੱਸ ਨਹੀਂ ਗੁੱਸੇ ਵਿਚ ਆਏ ਵੱਡੀ ਗਿਣਤੀ ਵਿੱਚ ਲੋਕਾਂ ਨੇ ਜੀ ਟੀ ਰੋਡ ਤੱਕ ਜਾਮ ਕਰ ਦਿੱਤਾ ਤੇ ਸੰਗਤਾਂ ਸਤਿਨਾਮ ਵਾਹਿਗੁਰੂ ਦੇ ਨਾਮ ਦਾ ਜਾਪ ਕਰਨ ਲੱਗੀਆਂ
ਇੱਥੇ ਹੀ ਬੱਸ ਨਹੀਂ ਲੋਕ ਜੀ.ਟੀ ਰੋਡ ਤੇ ਧਰਨਾ ਦੇ ਰਹੇ ਸਨ ਕੇ ਪਤਾ ਲੱਗਾ ਕਿ ਪਿੰਡ ਤਰਖਾਣ ਮਾਜਰਾ ਤੋਂ ਲਗਪਗ ਇੱਕ ਕਿਲੋਮੀਟਰ ਦੂਰ ਰਸਤੇ ਤੋਂ ਪਿੰਡ ਜੱਲਾ ਵਿਖੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਹੈ ਜਦੋਂ ਪੱਤਰਕਾਰਾਂ ਵੱਲੋਂ ਪਿੰਡ ਜੱਲਾ ਜਾ ਕੇ ਦੇਖਿਆ ਗਿਆ ਤਾਂ ਉੱਥੇ ਵੀ ਸੇਮ ਇਸੇ ਤਰ੍ਹਾਂ ਦੀ ਹੀ ਘਟਨਾ ਵਾਪਰੀ ਦਿਖਾਈ ਦਿੱਤੀ । ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਸਰਪੰਚ ਦਵਿੰਦਰ ਸਿੰਘ ਜੱਲਾ ਨੇ ਦੱਸਿਆ ਕਿ ਪਿੰਡ ਦੀ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਪਿੰਡ ਤਰਖਾਣ ਮਾਜਰਾ ਦੇ ਗੁਰਦੁਆਰਾ ਸਾਹਿਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਨੇ ਤੁਰੰਤ ਆਪਣੇ ਪਿੰਡ ਦੇ ਗੁਰੂ ਘਰ ਆ ਕੇ ਦੇਖਿਆ ਤਾਂ ਉਨ੍ਹਾਂ ਦੇ ਪਿੰਡ ਵਿੱਚ ਵੀ ਇਹ ਘਟਨਾ ਵਾਪਰੀ ਦੇਖੀ ਜਿਸ ਤੋਂ ਬਾਅਦ ਉਨ੍ਹਾਂ ਨੇ ਹੋਰ ਲੋਕਾਂ ਤੇ ਪੰਚਾਇਤ ਨੂੰ ਵੀ ਸੁਚੇਤ ਕੀਤਾ ਅਤੇ ਪੁਲਿਸ ਪ੍ਰਸ਼ਾਸਨ ਨੂੰ ਜਾਣਕਾਰੀ ਦਿੱਤੀ ਤੇ ਮੌਕੇ ਤੇ ਪੁਲਿਸ ਵੀ ਪਹੁੰਚ ਗਈ ਜੋ ਕਿ ਮਾਮਲੇ ਦੀ ਪੂਰੀ ਜਾਂਚ ਕਰ ਰਹੀ ਹੈ ।
ਫਤਹਿਗੜ੍ਹ ਸਾਹਿਬ ਵਿੱਚ ਵਾਪਰੀਆਂ ਇਨ੍ਹਾਂ ਦੋ ਘਟਨਾਵਾਂ ਨੇ ਸਮੁੱਚੇ ਸਿੱਖ ਪੰਥ ਦੇ ਹਿਰਦੇ ਵਲੂੰਧਰ ਕੇ ਰੱਖ ਦਿੱਤੇ ਹਨ ਵੱਖ ਵੱਖ ਰਾਜਸੀ ਧਾਰਮਿਕ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੇ ਮੰਗ ਕੀਤੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਇਸ ਵਿਅਕਤੀ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਅਤੇ ਇਹ ਕੰਮ ਕਿਸ ਦੇ ਇਸ਼ਾਰੇ ਤੇ ਕੀਤਾ ਗਿਆ ਹੈ ਉਸ ਦਾ ਸੱਚ ਜਨਤਾ ਦੇ ਸਾਹਮਣੇ ਲਿਆਇਆ ਜਾਣਾ ਚਾਹੀਦਾ ਹੈ ।
ਇਸ ਮੌਕੇ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਹਰਪਾਲ ਸਿੰਘ ਸ਼੍ਰੋਮਣੀ, ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇਦਾਰ ਕਰਨੈਲ ਸਿੰਘ ਪੰਜੋਲੀ, ਭਾਈ ਅਵਤਾਰ ਸਿੰਘ ਰਿਆ, ਭਾਈ ਰਵਿੰਦਰ ਸਿੰਘ ਖ਼ਾਲਸਾ, ਭਾਈ ਗੁਰਪ੍ਰੀਤ ਸਿੰਘ ਰੰਧਾਵਾ, ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਜਗਦੀਪ ਸਿੰਘ ਚੀਮਾ, ਸਾਬਕਾ ਵਿਧਾਇਕ ਦੀਦਾਰ ਸਿੰਘ ਭੱਟੀ, ਹਲਕਾ ਫਤਹਿਗੜ੍ਹ ਸਾਹਿਬ ਦੇ ਵਿਧਾਇਕ ਕੁਲਜੀਤ ਸਿੰਘ ਨਾਗਰਾ, ਬੀਬੀ ਮਨਦੀਪ ਕੌਰ ਨਾਗਰਾ, ਪਰਮਿੰਦਰ ਸਿੰਘ ਟਿਵਾਣਾ ਮੀਡੀਆ ਸਲਾਹਕਾਰ, ਗੁਰਵਿੰਦਰ ਸਿੰਘ ਸ਼ਾਹੀ ਸਾਬਕਾ ਸਰਪੰਚ ਮਲਕਪੁਰ, ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਅਜੈਬ ਸਿੰਘ ਜਖ਼ਵਾਲੀ, ਹਰਵਿੰਦਰ ਸਿੰਘ ਬੱਬਲ ਸਰਕਲ ਪ੍ਰਧਾਨ ਸਰਹੰਦ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਮੁੱਖ ਬੁਲਾਰੇ ਇਕਬਾਲ ਸਿੰਘ ਟਿਵਾਣਾ, ਭੁਪਿੰਦਰ ਸਿੰਘ ਫ਼ਤਿਹਪੁਰ ਜਨਰਲ ਸਕੱਤਰ ਮਾਨ ਦਲ ਨੇ ਇਨ੍ਹਾਂ ਬੇਅਦਬੀਆਂ ਦੀਆਂ ਘਟਨਾਵਾਂ ਤੇ ਗਹਿਰੀ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਪੁਲਿਸ ਪ੍ਰਸ਼ਾਸਨ ਇਸ ਸਿਰਫਿਰੇ ਨੌਜਵਾਨ ਤੋਂ ਜੋ ਅਸਲ ਸੱਚਾਈ ਹੈ ਉਹ ਸਾਹਮਣੇ ਲਿਆਂਦੀ ਜਾਵੇ । ਇਸ ਮੌਕੇ ਜ਼ਿਲ੍ਹਾ ਪੁਲਿਸ ਮੁਖੀ ਫ਼ਤਹਿਗੜ੍ਹ ਸਾਹਿਬ ਅਮਨੀਤ ਕੌਂਡਲ, ਐੱਸ ਪੀ ਐੱਚ ਹਰਪਾਲ ਸਿੰਘ, ਐੱਸ ਪੀ ਡੀ ਜਗਜੀਤ ਸਿੰਘ, ਡੀਐੱਸਪੀ ਮਨਜੀਤ ਸਿੰਘ, ਐਸਐਚਓ ਜੀ.ਐਸ.ਸਿਕੰਦ, ਐਸਐਚਓ ਫਤਹਿਗੜ੍ਹ ਸਾਹਿਬ ਰਜਨੀਸ਼ ਸੂਦ ਅਤੇ ਵੱਡੀ ਗਿਣਤੀ ਵਿੱਚ ਪੁਲਿਸ ਪਾਰਟੀ ਮੈਂ ਪਹੁੰਚ ਕੇ ਸਥਿਤੀ ਨੂੰ ਕੰਟਰੋਲ ਕੀਤਾ ।

