‘ਅਸਤੀਫਾ’ ਦੇਣ ਲਈ ‘ਕੈਪਟਨ’ ਫੇਰਦੇ ਰਹੇ ਖਾਲੀ ਜੇਬ ‘ਚ ਹੱਥ!
ਕੰਵਰ ਸਿੰਘ ਬੇਦੀ
ਪਟਿਆਲਾ 21 ਅਕਤੂਬਰ : ਕੇਂਦਰੀ ਖੇਤੀ ਬਿੱਲਾਂ ਵਿਰੁੱਧ ਸੱਦੇ ਸੈਸ਼ਨ ‘ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਖੇਤੀ ਆਰਡੀਨੈਂਸ ਵਿਰੁੱਧ ਚਾਰ ਬਿੱਲ ਲੈ ਕੇ ਆਉਣ ਨਾਲ ਜਿਥੇ ਸਿਆਸੀ ਮਾਹਿਰਾਂ ਵੱਲੋਂ ਵੱਖ-ਵੱਖ ਕਿਆਸੇ ਲਗਾਏ ਜਾ ਰਹੇ ਸਨ, ਉਥੇ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੇ ਕੁੜਤੇ ਦੀ ਜੇਬ ਨੂੰ ਹੱਥ ਪਾ ਕੇ ਇਹ ਆਖਣਾ ਕਿ ‘ਮੈਂ ਅਸਤੀਫਾ ਦੇਣ ਤੋਂ ਨਹੀਂ ਡਰਦਾ’ ‘ਅਸਤੀਫਾ’ ਮੇਰੀ ਜੇਬ ‘ਚ ਪਿਆ। ਭਾਵੇਂ ਕੈਪਟਨ ਦੇ ਇਸ ਬਿਆਨ ਨਾਲ ਹਾਊਸ ‘ਚ ਮੇਜ ਥਪਥਪਾਏ ਗਏ, ਫੈਸਲੇ ਦੀ ਸ਼ਲਾਘਾ ਹੋਈ, ਪਰ ‘ਕੈਪਟਨ’ ਦੀ ਕੁੜਤੇ ਵਾਲੀ ਜੇਬ ‘ਚ ਅਸਤੀਫੇ ਵਰਗਾ ਕੋਈ ਕਾਗਜ਼ ਜਾਂ ‘ਅਸਤੀਫਾ’ ਨਾ ਹੋਣ ਨੂੰ ਸਿਆਸੀ ਡਰਾਮੇਬਾਜ਼ੀ ਹੀ ਦੱਸਿਆ ਜਾ ਰਿਹਾ ਹੈ। ਹਾਊਸ ‘ਚ ਕੈਪਟਨ ਅਮਰਿੰਦਰ ਦੇ ਅਸਤੀਫੇ ਵਾਲਾ ਵੀਡੀਓ ਸ਼ੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਇਹ ਚਰਚਾ ਸਾਹਮਣੇ ਆਉਣ ਲੱਗੀ ਕਿ ‘ਕੈਪਟਨ’ ਅਮਰਿੰਦਰ ਸਿੰਘ ਖਾਲੀ ਜੇਬ ਹੀ ਹਿਲਾਉਂਦੇ ਰਹੇ, ਜਦਕਿ ‘ਅਸਤੀਫਾ’ ਕੈਪਟਨ ਅਮਰਿੰਦਰ ਲੈ ਕੇ ਹੀ ਨਹੀਂ ਆਏ। ਅਸਤੀਫੇ ਨੂੰ ਲੈ ਕੇ ਸ਼ੋਸ਼ਲ ਮੀਡੀਏ ‘ਤੇ ਇਥੋਂ ਤੱਕ ਆਖ ਦਿੱਤਾ ਕਿ ਅਸਤੀਫਾ ਜੇਬ ‘ਚ ਨਹੀਂ ‘ਹੱਥ’ ਵਿਚ ਜਾਂ ਮੇਜ ‘ਤੇ ਪਿਆ ਹੀ ਮਿਲਦਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੁੜਤੇ ਦੀ ਖਾਲੀ ‘ਜੇਬ’ ‘ਚ ਅਸਤੀਫਾ ਦੇਣ ਲਈ ਹੱਥ ਫੇਰਨਾ ਤੇ ‘ਅਸਤੀਫਾ’ ਨਾ ਦਿੱਤੇ ਜਾਣ ਨੂੰ ਸਿਆਸਤਦਾਨਾਂ ਵੱਲੋਂ ਸਿਆਸੀ ਡਰਾਮੇਬਾਜ਼ੀ ਹੀ ਦੱਸਿਆ ਜਾ ਰਿਹਾ ਹੈ।
ਮੈਂ ਵੇਖਿਆ ‘ਕੈਪਟਨ’ ਖਾਲੀ ਜੇਬ ਹਿਲਾਉਂਦਾ ਰਿਹਾ : ਹਰਪਾਲ ਚੀਮਾ
ਆਮ ਆਦਮੀ ਪਾਰਟੀ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਖੇਤੀ ਬਿੱਲਾਂ ਦੇ ਵਿਰੁੱਧ ਅਸਤੀਫਾ ਦਿੱਤੇ ਜਾਣ ਵਾਲੇ ਬਿਆਨ ਨੂੰ ਸਿਆਸੀ ਡਰਾਮਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਮੇਰੀ ਕੁਰਸੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੀ ਕੁਰਸੀ ਸਾਹਮਣੇ ਲੱਗੀ ਹੋਈ ਮੈਂ ਖੁਦ ਵੇਖਿਆ ਕਿ ਕੈਪਟਨ ਅਮਰਿੰਦਰ ਦੀ ਜੇਬ ‘ਚ ਖਾਲੀ ਨਜ਼ਰ ਆਈ, ਜਦਕਿ ਅਸਤੀਫਾ ਦੇਣ ਦਾ ਡਰਾਮਾ ਨੌਟੰਕੀ ਸਾਬਤ ਹੋਇਆ। ਇਕ ਸਵਾਲ ਦੇ ਜਵਾਬ ‘ਚ ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਕਿਸਾਨਾਂ ਨੂੰ ਐਮਐਸਪੀ ਦੇਣ ਬਾਰੇ ਸਥਿਤੀ ਸਪੱਸ਼ਟ ਕਰਨ ਜਦਕਿ ਪੰਜਾਬ ਤੇ ਕੇਂਦਰ ‘ਚ ਪਈ ਲੜਾਈ ਲੰਮਾ ਸਮਾਂ ਵੀ ਲੈ ਸਕਦੀ ਹੈ।

