ਦੇਸ਼-ਵਿਦੇਸ਼ਪੰਜਾਬ

ਪੰਜਾਬ ਤੋਂ ਲੱਖਾਂ ਕਿਸਾਨ ਦਿੱਲੀ ਜਾਣ ਲਈ ਤਿਆਰ !

ਚੰਡੀਗੜ 10 ਨਵੰਬਰ (ਮਧੂਸਾਰ ਬਿਊਰੋ) ਦੇਸ਼ ਭਰ ਦੀਆਂ ਕਰੀਬ 500 ਜਥੇਬੰਦੀਆਂ ਵੱਲੋਂ ਕੇਂਦਰ-ਸਰਕਾਰ ਦੇ ਤਿੰਨ ਖੇਤੀ- ਕਾਨੂੰਨਾਂ ਅਤੇ ਬਿਜਲੀ ਸੋਧ ਬਿਲ-2020 ਖਿਲਾਫ ਸੰਘਰਸ਼ ਦੀ ਅਗਲੀ ਕੜੀ ਵਜੋਂ 26-27 ਨਵੰਬਰ ਦਿੱਲੀ-ਚੱਲੋ ਦੇ ਸੱਦੇ ਨੂੰ ਸਫਲ ਬਨਾਉਣ ਲਈ ਭਾਰਤੀ ਕਿਸਾਨ ਯੂਨੀਅਨ-ਏਕਤਾ(ਡਕੌਂਦਾ) ਵੱਲੋਂ ਜ਼ੋਰਦਾਰ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।

ਪਿੰਡਾਂ ਵਿਚ ਸਵੇਰੇ-ਸ਼ਾਮ ਨੁੱਕੜ ਮੀਟਿੰਗਾਂ ਕਰਦਿਆਂ ਕਿਸਾਨਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ। ਬੀਕੇਯੂ-ਏਕਤਾ(ਡਕੌਂਦਾ) ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ਼ਗਿੱਲ ਅਤੇ ਜਨਰਲ ਸਕੱਤਰ ਜਗਮੋਹਣ ਸਿੰਘ ਪਟਿਆਲਾ ਨੇ ਦੱਸਿਆ ਕਿ ਸੂਬਾ ਹੈਡਕੁਆਟਰ ਉੱਪਰ ਪੁੱਜੀਆਂ ਰਿਪੋਰਟਾਂ ਮੁਤਾਬਕ ਪੂਰੇ ਪੰਜਾਬ ਦੇ ਕਿਸਾਨ ਲੱਖਾਂ ਦੀ ਗਿਣਤੀ ‘ਚ ਦਿੱਲੀ ਕੂਚ ਕਰਨ ਲਈ ਉਤਾਵਲੇ ਹਨ। ਹੁਣ ਜਦੋਂ ‘ਦਿੱਲੀ-ਚਲੋ’ ਵਿੱਚ ਸਿਰਫ 15 ਦਿਨ ਬਾਕੀ ਹਨ ਤਾਂ ਪੂਰੇ ਪੰਜਾਬ ਅੰਦਰ 1 ਅਕਤੂਬਰ ਤੋਂ ਲਗਤਾਰ ਚੱਲ ਰਹੇ ਸੰਘਰਸ਼ ਦੇ ਨਾਲ-ਨਾਲ 26-27 ਨਵੰਬਰ ਦੀਆਂ ਤਿਆਰੀਆਂ ਪੂਰੇ ਪੰਜਾਬ ਅੰਦਰ ਪੂਰੇ ਜ਼ੋਰ ਨਾਲ ਸ਼ੁਰੂ ਹੋ ਗਈਆਂ ਹਨ।ਪਿੰਡਾਂ ਅੰਦਰ ਬਕਾਇਦਾ ਕਿਸਾਨ ਆਗੂ ਮੀਟਿੰਗਾਂ/ਰੈਲੀਆਂ ਰਾਹੀਂ ‘ਦਿੱਲੀ-ਚੱਲੋ’ ਦਾ ਸੁਨੇਹਾ ਦੇ ਰਹੇ ਹਨ। ਇਸ ਵਾਰ ਦਾ ਨਵਾਂ ਉਸਾਰੂ ਪੱਖ ਇਹ ਹੈ ਕਿ ਜਥੇਬੰਦੀ ਦੀ ਅਗਵਾਈ ਵਿੱਚ ਕਿਸਾਨ ਔਰਤਾਂ ਅਤੇ ਨੌਜਵਾਨ ਵੀ ਬਰਾਬਰ ਤਿਆਰੀ ਵਿੱਚ ਜੁਟੇ ਗਏ ਹਨ। ਥੋਥੀਆਂ ਸ਼ਰਤਾਂ ਤਹਿਤ ਪੰਜਾਬ ਅੰਦਰ ਮਾਲ ਗੱਡੀਆਂ ਬੰਦ ਕਰਨ ਨਾਲ ਮੋਦੀ ਸਰਕਾਰ ਦੇ ਕਿਸਾਨ/ਲੋਕ ਵਿਰੋਧੀ ਜਾਬਰ ਕਦਮ ਗੁੱਸੇ ਦੀ ਲਹਿਰ ਹੋਰ ਪ੍ਰਚੰਡ ਹੋ ਰਹੀ ਹੈ। ਮੋਦੀ ਸਰਕਾਰ ਮੁਲਕ ਨੇ ਨਾ ਸਿਰਫ ਖੇਤੀ ਖੇਤਰ ਦੀ ਮੌਤ ਦੇ ਵਰੰਟ ਜਾਰੀ ਕੀਤੇ ਹਨ, ਇਸ ਦਾ ਸਭ ਤੋਂ ਵੱਧ ਖਮਿਆਜਾ ਪੰਜਾਬ ਦੇ ਕਿਸਾਨਾਂ ਨੂੰ ਭੁਗਤਣਾ ਪਵੇਗਾ। ਨਾਲ ਦੀ ਨਾਲ ਕਿਉਂਕਿ ਪੰਜਾਬ ਦੀ ਸਮੁੱਚੀ ਆਰਥਿਕਤਾ ਹੀ ਖੇਤੀ ਉੱਪਰ ਨਿਰਭਰ ਹੋਣ ਕਰਕੇ ਸਮੁੱਚਾ ਅਰਥਚਾਰਾ ਹੀ ਖਤਮ ਹੋਣ ਲਈ ਸਰਾਪਿਆ ਜਾਵੇਗਾ।
ਪੰਜਾਬ ਅੰਦਰ ਬੀਜੇਪੀ ਦੇ ਲੀਡਰਾਂ ਦੀ ਹਾਲਤ ਘਰਾਂ ਅੰਦਰ ਕੈਦ ਹੋਣ ਵਾਲੀ ਬਣੀ ਹੋਈ ਹੈ। ਅਨੇਕਾਂ ਥਾਵਾਂ ਉੱਪਰ ਬੀਜੇਪੀ ਦੇ ਲੀਡਰਾਂ ਨੂੰ ਥਾਂ-ਥਾਂ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਿਆ ਹੈ। ਬੀਜੇਪੀ ਸਰਕਾਰ ਦੀ ਛਤਰਛਾਇਆ ਵਾਲੇ ਉੱਚ ਅਮੀਰ ਘਰਾਣਿਆਂ ਅਡਾਨੀ, ਅੰਬਾਨੀ ਦੇ 40 ਦਿਨਾਂ ਤੋਂ ਠੱਪ ਪਏ ਕਾਰੋਬਾਰਾਂ ਵਿੱਚ ਉੱਲੂ ਬੋਲ ਰਹੇ ਹਨ। ਦੋਵੇਂ ਆਗੂਆਂ ਕਿਹਾ ਕਿ ਇਕੱਲੇ ਪੰਜਾਬ ਵਿੱਚੋਂ ਹੀ 26-27 ਨਵੰਬਰ ਨੂੰ ਲੱਖਾਂ ਦੀ ਗਿਣਤੀ ਵਿੱਚ ਮਰਦ/ਔਰਤਾਂ/ਨੌਜਵਾਨਾਂ ਦੇ ਕਿਸਾਨ ਕਾਫਲੇ ਪੁੱਜਣਗੇ ਅਤੇ ਮੋਦੀ ਸਰਕਾਰ ਨੂੰ ਕਿਸਾਨ ਵਿਰੋਧੀ ਕਾਨੂੰਨ ਅਤੇ ਬਿਜਲੀ ਸੋਧ ਬਿਲ ਵਾਪਸ ਲੈਣ ਲਈ ਮਜਬੂਰ ਕਰਨਗੇ।

Leave a Reply

Your email address will not be published. Required fields are marked *