ਬਾਜਵਾ ਬੋਲੇ, ਬਿਨਾਂ ਅਗਵਾਈ ਦੇ ਨਹੀਂ ਜਿੱਤੀ ਜਾ ਸਕਦੀ ‘ਜੰਗ’
ਕਿਸਾਨ ਆਗੂ ਵੱਖੋ-ਵੱਖਰੇ ਸੁਰ ਅਲਾਪਣ ਤੋਂ ਕਰਨ ਗੁਰੇਜ਼
ਪਟਿਆਲਾ 1 ਦਸੰਬਰ (ਮਧੂਸਾਰ ਬਿਊਰੋ) ਖੇਤੀ ਬਿੱਲ ਰੱਦ ਕਰਵਾਉਣ ਲਈ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਦੀ ਏਕਤਾ ਦੀ ਸ਼ਲਾਘਾ ਕਰਦਿਆਂ ਉਚੇਰੀ ਸਿੱਖਿਆ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨੇ ਕਿਹਾ ਕਿ ਧਰਨੇ ‘ਤੇ ਕਿਸਾਨ ਆਗੂ ਵੱਖ-ਵੱਖ ਬਿਆਨ ਦਾਗ ਰਹੇ ਹਨ, ਜਦਕਿ ਕੋਈ ਲੜਾਈ ਅਤੇ ਸੰਘਰਸ਼ ਬਿਨਾਂ ਕਿਸੇ ਇਕ ਦੀ ਅਗਵਾਈ ਨਾਲ ਨਹੀਂ ਜਿੱਤਿਆ ਜਾ ਸਕਦਾ।
ਕੈਬਨਿਟ ਮੰਤਰੀ ਸ. ਬਾਜਵਾ ਅੱਜ ਗੁਰਮਤਿ ਸਮਾਗਮ ਕਾਲਜ ਸਮਾਗਮ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਅੱਜ ਜਦੋਂ ਕਿਸਾਨ ਜਥੇਬੰਦੀਆਂ ਲੋਕ ਆਵਾਜ਼ ਬਣ ਚੁੱਕੀਆਂ ਹਨ ਤਾਂ ਇਸ ਸਮੇਂ ਕਿਸਾਨਾਂ ਨੂੰ ਅਗਵਾਈ ਦੀ ਅਹਿਮ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਨੂੰ ਵੱਖੋ-ਵੱਖਰੀ ਸੁਰ ਅਲਾਪਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਸੰਜਮ ਅਤੇ ਸਹਿਜ ਰਹਿ ਕੇ ਕਿਸੇ ਇਕ ਦੀ ਅਗਵਾਈ ‘ਚ ਇਕ ਆਵਾਜ਼ ਬਣਨਾ ਚਾਹੀਦਾ।
ਇਕ ਸਵਾਲ ਦੇ ਜਵਾਬ ‘ਚ ਬਾਜਵਾ ਨੇ ਕਿਹਾ ਕਿ ਕੇਂਦਰ ਸਰਕਾਰ ਆਪਣੀ ਜ਼ਿੱਦ ਦਾ ਤਿਆਗ ਕਰਕੇ ਕਿਸਾਨਾਂ ਦੀਆਂ ਮੰਗਾਂ ਨੂੰ ਤੁਰੰਤ ਪ੍ਰਵਾਨ ਕਰੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਕਿਸਾਨੀ ਮਸਲੇ ਦੇ ਹੱਲ ਲਈ ਪੂਰੀ ਗੰਭੀਰ ਹੈ ਅਤੇ ਕਿਸਾਨਾਂ ਦੇ ਨਾਲ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਿਸਾਨੀ ਮਸਲੇ ਨੂੰ ਗੰਭੀਰਤਾ ਨਾਲ ਲੈ ਕੇ ਹੱਲ ਵੱਲ ਵਧੇ। ਉਨ੍ਹਾਂ ਕਿਹਾ ਕਿ ਕੇਂਦਰ ਅਤੇ ਕਿਸਾਨ ਜਥੇਬੰਦੀਆਂ ਦਰਮਿਆਨ ਹੋਣ ਵਾਲੀ ਗੱਲਬਾਤ ਰਾਹੀਂ ਮਸਲਾ ਹੱਲ ਹੋਣ ਦੀ ਉਮੀਦ ਬੱਝੀ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਗੱਲਬਾਤ ਨਾਲ ਕਿਸਾਨਾਂ ਦੀ ਜਿੱਤ ਪੱਕੀ ਹੋਵੇਗੀ।

