ਪਟਿਆਲਾ

ਸ਼ਬਦ ਗੁਰੂ ਸਿਧਾਂਤ ਨਾਲ ਜੁੜਨਾ 550ਵੇਂ ਪ੍ਰਕਾਸ਼ ਪੁਰਬ ਦਾ ਸਭ ਤੋਂ ਵੱਡਾ ਸੁਨੇਹਾ : ਤ੍ਰਿਪਤ ਰਾਜਿੰਦਰ ਸਿੰਘ ਬਾਜਵਾ

ਕੈਬਨਿਟ ਮੰਤਰੀ ਬਾਜਵਾ ਵੱਲੋਂ ਸਿੱਖ ਸੰਸਥਾਵਾਂ ਨੂੰ ਰਵਾਇਤੀ ਲੰਗਰਾਂ ਦੇ ਨਾਲ ਨਾਲ ‘ਗੁਰ ਸ਼ਬਦ’ ਦਾ ਲੰਗਰ ਲਾਉਣ ਦੀ ਅਪੀਲ
ਰਾਜ ਹੱਠ ਦਾ ਤਿਆਗ ਕਰਕੇ ਕਿਸਾਨਾਂ ਦੀਆਂ ਮੰਗਾਂ ਮੰਨੇ ਮੋਦੀ ਸਰਕਾਰ-ਬਾਜਵਾ
ਗੁਰਮਤਿ ਕਾਲਜ ਵਿਖੇ ਪੁਸਤਕ ਸੰਗਤ ਅਰਪਣ ਸਮਾਰੋਹ ‘ਚ 6 ਕਿਤਾਬਾਂ ਜਾਰੀ
ਪਟਿਆਲਾ, 1 ਦਸੰਬਰ (ਰਮਨਦੀਪ ਕੌਰ/ਮਧੂਸਾਰ ਬਿਊਰੋ)
ਪੰਜਾਬ ਦੇ ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਅੱਜ ਸਿੱਖਾਂ ਨੂੰ ‘ਸ਼ਬਦ ਗੁਰੂ’ ਨਾਲ ਜੁੜਣ ਦੀ ਅਪੀਲ ਕਰਦਿਆਂ ਕਿਹਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਦੇ 550ਵੇਂ ਪ੍ਰਕਾਸ਼ ਪੁਰਬ ਦਾ ਸਭ ਤੋਂ ਵੱਡਾ ਸੁਨੇਹਾ ਗੁਰੂ ਸਾਹਿਬ ਵੱਲੋਂ ਦਿੱਤੇ ਇਸ ਵਿਲੱਖਣ ਸਿਧਾਂਤ ਨਾਲ ਜੁੜਣ ਦਾ ਹੈ। ਉਹਨਾਂ ਸਿੱਖ ਸੰਸਥਾਵਾਂ ਨੂੰ ਵੀ ਅਪੀਲ ਕੀਤੀ ਕਿ ਉਹ ਰਵਾਇਤੀ (ਭੋਜਨ ਪਦਾਰਥਾਂ ਦਾ) ਲੰਗ ਰ ਲਾਉਣ ਦੇ ਨਾਲ ਨਾਲ ”ਗੁਰ ਸ਼ਬਦ” ਦਾ ਲੰਗਰ ਵੀ ਲਾਉਣ। ਕੈਬਨਿਟ ਮੰਤਰੀ ਬਾਜਵਾ ਅੱਜ ਇੱਥੇ ਗੁਰਮਤਿ ਕਾਲਜ, ਡੇਰਾ ਬਾਬਾ ਜੱਸਾ ਸਿੰਘ ਵਿਖੇ ਗੁਰੂ ਨਾਨਕ ਫਾਊਂਡੇਸ਼ਨ ਨਵੀਂ ਦਿੱਲੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ 6 ਪੁਸਤਕਾਂ ਨੂੰ ਸੰਗਤ ਅਰਪਣ ਕਰਨ ਦੇ ਸਮਾਰੋਹ ਵਿੱਚ ਸ਼ਿਰਕਤ ਕਰਨ ਪੁੱਜੇ ਹੋਏ ਸਨ।

ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੇਂਡੂ ਵਿਕਾਸ ਤੇ ਪੰਚਾਇਤ ਅਤੇ ਪਸ਼ੂ ਪਾਲਣ ਮੰਤਰੀ ਸ. ਬਾਜਵਾ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਰਾਜ ਹੱਠ ਦਾ ਤਿਆਗ ਕਰਕੇ ਕਿਸਾਨਾਂ ਦੀਆਂ ਮੰਗਾਂ ਤੁਰੰਤ ਮੰਨਣੀਆਂ ਚਾਹੀਦੀਆਂ ਹਨ। ਇੱਕ ਹੋਰ ਸਵਾਲ ਦੇ ਜਵਾਬ ‘ਚ ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਹਰ ਹਾਲ ਸੰਘਰਸ਼ ਕਰ ਰਹੇ ਕਿਸਾਨਾਂ ਦੇ ਨਾਲ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਸਮੁੱਚੀਆਂ ਕਿਸਾਨ ਜਥੇਬੰਦੀਆਂ ਇਕਜੁਟਤਾ ਦਾ ਪ੍ਰਗਟਾਵਾ ਕਰਦੀਆਂ ਹੋਈਆਂ ਆਪਣੇ ਸੰਘਰਸ਼ ‘ਚ ਜੇਤੂ ਰਹਿਣਗੀਆਂ।
ਇਸ ਤੋਂ ਪਹਿਲਾਂ ਆਪਣੇ ਸੰਬੋਧਨ ‘ਚ ਸ. ਬਾਜਵਾ ਨੇ ਕਿਹਾ ਕਿ ਪੰੰਜਾਬ ਸਰਕਾਰ ਗੁਰਮਤਿ ਕਾਲਜ ਪਟਿਆਲਾ ਲਈ ਜੋ ਕੁਝ ਵੀ ਸੰਭਵ ਹੋ ਸਕੇਗਾ ਬਣਦੀ ਸਹਾਇਤਾ ਜਰੂਰ ਕਰੇਗੀ ਪਰੰਤੂ ਇਸ ਕਾਲਜ ਵੱਲੋਂ ਚਲਾਏ ਜਾ ਰਹੇ ਸ਼ਬਦ ਗੁਰੂ ਦੇ ਲੰਗਰ ਵਿੱਚ ਸੰਗਤ ਨੂੰ ਵੀ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਸਾਨੂੰ ਗੁਰਮਤਿ ਨੂੰ ਆਪਣੇ ਜੀਵਨ ਵਿੱਚ ਅਸਲ ਰੂਪ ‘ਚ ਧਾਰਨ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਹ ਖ਼ੁਦ ਵੀ ਕੋਸ਼ਿਸ਼ ਕਰਨਗੇ ਕਿ ਸ਼ਬਦ ਗੁਰੂ ਦੇ ਲੰਗਰ ਦੀਆਂ ਚੂਲੀਆਂ ਗ੍ਰਹਿਣ ਕਰ ਸਕਣ।
ਸਮਾਗਮ ਦੌਰਾਨ ਵਿਸ਼ੇਸ਼ ਤੌਰ ‘ਤੇ ਪੁੱਜੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖ ਨੌਜਵਾਨਾਂ ਵੱਲੋਂ ਸੋਸ਼ਲ ਮੀਡੀਆ ਤੋਂ ਫੀਡ ਲੈਕੇ ਭੁਲੇਖਾ ਪਾਊ ਤੇ ਰਲਗਡ ਜਾਣਕਾਰੀ ਹਾਸਲ ਕਰਕੇ ਬੌਧਿਕ ਕੰਗਾਲੀ ਵੱਲ ਵਧਣ ‘ਤੇ ਚਿੰਤਾ ਦਾ ਇਜ਼ਹਾਰ ਕੀਤਾ। ਉਨ੍ਹਾਂ ਕਿਹਾ ਕਿ ਗੁਰਬਾਣੀ ਤੋਂ ਦੂਰ ਜਾਣ ਕਰਕੇ ਸਾਡੇ ਜੀਵਨ ਵਿੱਚੋਂ ਅੱਜ ਸੁਹਜ, ਨੈਤਿਕ ਕਦਰਾਂ ਕੀਮਤਾਂ ਅਤੇ ਸੁਖਦ ਅਹਿਸਾਸ ਘਟਦਾ ਜਾ ਰਿਹਾ ਹੈ।
ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਸਾਨੂੰ ਖ਼ੁਦ ਤਾਂ ਗੁਰਬਾਣੀ ਦੇ ਲੜ ਲੱਗਣਾ ਚਾਹੀਦਾ ਹੈ ਨਾਲ ਹੀ ਸਾਡੇ ਨੌਜਵਾਨਾਂ ਨੂੰ ਵੀ ਗੁਰੂ ਨਾਨਕ ਵੱਲੋਂ ਲਗਾਏ ਸ਼ਬਦ ਦੇ ਲੰਗਰ ਨਾਲ ਜੋੜਨਾ ਚਾਹੀਦਾ ਹੈ, ਕਿਉਂਜੋ ਗੁਰਬਾਣੀ ਦੀ ਖ਼ੁਸ਼ਬੋ ਹੀ ਸਾਨੂੰ ਅਗਵਾਈ ਬਖ਼ਸ਼ ਸਕਦੀ ਹੈ।
ਇਸ ਤੋਂ ਪਹਿਲਾਂ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਸ. ਤਰਲੋਚਨ ਸਿੰਘ ਨੇ ਮਹਾਰਾਜਾ ਯਾਦਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਗਠਿਤ ਹੋਏ ਗੁਰੂ ਨਾਨਕ ਫਾਊਡੇਂਸ਼ਨ ਤੇ ਗੁਰੂ ਗੋਬਿੰਦ ਸਿੰਘ ਫਾਊਂਡੇਸ਼ਨ ਦੇ ਇਤਿਹਾਸ ਤੋਂ ਜਾਣੂ ਕਰਵਾਉਂਦਿਆਂ ਗੁਰੂ ਗੋਬਿੰਦ ਸਿੰਘ ਫਾਊਂਡੇਸ਼ਨ ਨੂੰ ਸੰਭਾਲੇ ਜਾਣ ‘ਤੇ ਜੋਰ ਦਿੱਤਾ। ਉਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਦੇਸ਼ ਦੇ ਨਾਮੀ ਰਸਾਲਿਆਂ ਵਿੱਚ ਵਿਸ਼ੇਸ਼ ਅੰਕ ਪ੍ਰਕਾਸ਼ਤ ਕੀਤੇ ਜਾਣ ਦੇ ਉਦਮ ਦੀ ਵੀ ਸ਼ਲਾਘਾ ਕੀਤੀ।
ਗੁਰਮਤਿ ਕਾਲਜ ਦੀ ਪ੍ਰਿੰਸੀਪਲ ਡਾ. ਜਸਬੀਰ ਕੌਰ ਨੇ ਜੀ ਆਇਆਂ ਆਖਦਿਆਂ ਕਾਲਜ ਦੀਆਂ ਪ੍ਰਾਪਤੀਆਂ ਤੋਂ ਜਾਣੂ ਕਰਵਾਇਆ। ਡਾਇਰੈਕਟਰ ਸ. ਪ੍ਰਤਾਪ ਸਿੰਘ ਨੇ ਆਏ ਪਤਵੰਤਿਆਂ ਧੰਨਵਾਦ ਕੀਤਾ ਅਤੇ ਮੰਚ ਸੰਚਾਲਨ ਪ੍ਰੋ. ਡਾ. ਅਸਪ੍ਰੀਤ ਕੌਰ ਨੇ ਕੀਤਾ। ਪੁਸਤਕ ਸੰਗਤ ਅਰਪਣ ਸਮਾਗਮ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਪ੍ਰੋ. ਮਨਜੀਤ ਸਿੰਘ, ਵਿਸ਼ਵ ਪੰਜਾਬੀ ਸੈਂਟਰ ਦੇ ਡਾਇਰੈਕਟਰ ਡਾ. ਬਲਕਾਰ ਸਿੰਘ, ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਾਬਕਾ ਚੇਅਰਮੈਨ ਡਾ. ਕੇਹਰ ਸਿੰਘ ਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਡਾਇਰੈਕਟਰ ਓਵਰਸੀਜ ਇੰਦਰਪਾਲ ਸਿੰਘ ਨੇ ਵੀ ਸੰਬੋਧਨ ਕੀਤਾ।
ਇਸ ਮੌਕੇ ਸਿੱਧ ਗੋਸ਼ਟ ਸਰੂਪ ਤੇ ਸੰਦਰਭ, ਗੁਹਜ ਰਤਨ, ਨਾਨਕ ਚਿੰਤਨ, ਪਿਛੋਕੜ ਤੇ ਭੂਮਿਕਾ, ਭਾਈ ਨੰਦ ਲਾਲ ਵਿਚਾਰ ਕੋਸ਼, ਇੰਟਰਫੇਥ ਡਾਇਆਲਾਗ ਏ ਸਿੱਖ ਪਰਸਪੈਕਟਿਗ ਅਤੇ ਗੁਰੂ ਨਾਨਕ’ਸ ਰਿਲੀਜੀਸਅਸ ਪਲੂਰਿਜ਼ਮ ਐਂਡ ਸ੍ਰੀ ਗੁਰੂ ਗ੍ਰੰਥ ਸਾਹਿਬ ਜਾਰੀ ਕੀਤੀਆਂ ਗਈਆਂ।
ਸਮਾਰੋਹ ਦੌਰਾਨ ਗੁਰੂ ਨਾਨਕ ਫਾਊਂਡੇਸ਼ਨ ਦੇ ਡਾਇਰੈਕਟਰ ਸ. ਪ੍ਰਤਾਪ ਸਿੰਘ, ਸ. ਬਾਜਵਾ ਦੇ ਓ.ਐਸ.ਡੀ. ਗੁਰਦਰਸ਼ਨ ਸਿੰਘ ਬਾਹੀਆ, ਪੀ.ਐਸ.ਪੀ.ਸੀ.ਐਲ. ਦੇ ਸਾਬਕਾ ਸੀਐਮਡੀ ਇੰਜ. ਬਲਦੇਵ ਸਿੰਘ ਸਰਾਂ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਚੇਅਰਮੈਨ ਜਤਿੰਦਰਪਾਲ ਸਿੰਘ, ਏਡੀਸੀ (ਡੀ) ਡਾ. ਪ੍ਰੀਤੀ ਯਾਦਵ, ਐਸ.ਡੀ.ਐਮ. ਚਰਨਜੀਤ ਸਿੰਘ, ਡਾ. ਹਰਦੇਵ ਸਿੰਘ ਵਿਰਕ, ਡਾ. ਪਰਮਵੀਰ ਸਿੰਘ, ਡਾ. ਰਵੀ ਭੂਸ਼ਨ, ਪ੍ਰੋ. ਯਸ਼ਪਾਲ, ਡਾ. ਕੰਵਲਜੀਤ ਸਿੰਘ, ਜਸਵਿੰਦਰ ਪਾਲ ਸਿੰਘ, ਗੁਰੂ ਨਾਨਕ ਫਾਊਂਡੇਸ਼ਨ ਪਬਲਿਕ ਸਕੂਲ ਦੇ ਪਿੰ੍ਰਸੀਪਲ ਰੇਨੂ ਹੰਸਪਾਲ, ਡੇਰਾ ਬਾਬਾ ਜੱਸਾ ਸਿੰਘ ਦੇ ਪ੍ਰੋ. ਜਸਬੀਰ ਸਿੰਘ, ਪ੍ਰੋ. ਹਰਜੀਤ ਸਿੰਘ, ਡਾ. ਹਰਦੇਵ ਸਿੰਘ, ਵਿਜੇ ਚੌਧਰੀ ਵੱਡੀ ਗਿਣਤੀ ਹੋਰ ਪਤਵੰਤੇ ਅਤੇ ਵਿਦਿਆਰਥੀ ਮੌਜੂਦ ਸਨ।

Leave a Reply

Your email address will not be published. Required fields are marked *