ਬਿਹਾਰ ‘ਚ ਸੋਨ ਨਦੀ ਉਪਰ 266 ਕਰੋੜ ਰੁਪਏ ਦੀ ਲਾਗਤ ਵਾਲੇ ਕੋਇਲਵਰ ਪੁਲ ਦਾ ਉਦਘਾਟਨ
ਮੰਤਰੀ ਨੇ ਰਾਜ ਦੇ ਕਈ ਨਵੇਂ ਪ੍ਰੋਜੈਕਟਾਂ ਦਾ ਐਲਾਨ ਕੀਤਾ
ਨਵੀਂ ਦਿੱਲੀ 10 ਦਸੰਬਰ (ਮਧੂਸਾਰ ਬਿਊਰੋ) ਕੇਂਦਰੀ ਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਬਿਹਾਰ ਵਿੱਚ ਸੋਨ ਨਦੀ ਉੱਤੇ ਬਣੇ ਤਿੰਨ ਮਾਰਗੀ 1.5 ਕਿਲੋਮੀਟਰ ਲੰਬੇ ਕੋਇਲਵਰ ਪੁਲ ਦਾ ਉਦਘਾਟਨ ਕੀਤਾ। ਇਸ ਪੁਲ ‘ਤੇ 266 ਕਰੋੜ ਰੁਪਏ ਖਰਚ ਕੀਤੇ ਗਏ ਹਨ। ਰੇਲ ਅਤੇ ਸੜਕੀ ਆਵਾਜਾਈ ਦੋਵਾਂ ਲਈ ਮੌਜੂਦਾ ਦੋ ਮਾਰਗੀ ਪੁਲ 138 ਸਾਲ ਪੁਰਾਣਾ ਹੈ। ਇਸ ਦੀ ਜਗ੍ਹਾ ‘ਤੇ ਇੱਕ ਛੇ-ਲੇਨ ਵਾਲਾ ਪੁਲ ਬਣਾਇਆ ਜਾ ਰਿਹਾ ਹੈ, ਜਿਸ ਵਿਚੋਂ ਤਿੰਨ-ਮਾਰਗੀ ਕੈਰੇਜ-ਵੇਅ ਨੂੰ ਜਨਤਾ ਲਈ ਖੋਲ੍ਹਿਆ ਗਿਆ ਹੈ। ਦੂਸਰੇ ਕੈਰੇਜ-ਵੇਅ ਦੇ ਮੁਕੰਮਲ ਹੋਣ ਤੋਂ ਬਾਅਦ, ਐੱਨਐੱਚ-922 ਅਤੇ ਐੱਨਐੱਚ-30 ‘ਤੇ ਟ੍ਰੈਫਿਕ ਕਾਫ਼ੀ ਹੱਦ ਤੱਕ ਆਸਾਨ ਹੋ ਜਾਵੇਗਾ। ਇਹ ਪੁਲ ਬਿਹਾਰ ਅਤੇ ਉਤਰ ਪ੍ਰਦੇਸ਼ (ਯੂਪੀ) ਦੇ ਵਿਚਾਲੇ ਆਵਾਜਾਈ ਲਈ ਇੱਕ ਪ੍ਰਮੁੱਖ ਸੜਕ ਹੈ।
ਇਸ ਮੌਕੇ ਬੋਲਦਿਆਂ ਗਡਕਰੀ ਨੇ ਐਲਾਨ ਕੀਤਾ ਕਿ ਬਿਹਾਰ ਦੇ ਮੁੱਖ ਮੰਤਰੀ ਸ਼੍ਰੀ ਨਿਤਿਸ਼ ਕੁਮਾਰ ਅਤੇ ਸਥਾਨਕ ਸੰਸਦ ਮੈਂਬਰ ਸ਼੍ਰੀ ਰਾਜੀਵ ਪ੍ਰਤਾਪ ਰੂਡੀ ਦੇ ਪ੍ਰਸਤਾਵ ਅਨੁਸਾਰ ਮੰਤਰਾਲੇ ਨੇ ਭਰੌਲੀ (ਬਕਸਰ) ਤੋਂ ਹੈਦਰੀਆ ਤੱਕ ਚਾਰਮਾਰਗੀ ਐਲੀਵੇਟਿਡ ਸੜਕ ਨੂੰ ਪੂਰਵ-ਆਂਚਲ ਐਕਸਪ੍ਰੈਸਵੇਅ ਨਾਲ ਜੋੜਨ ਦੀ ਮਨਜ਼ੂਰੀ ਦੇ ਦਿੱਤੀ ਹੈ। ਇਸ 17 ਕਿਲੋਮੀਟਰ ਲੰਬੀ ਲਿੰਕ ਸੜਕ ਲਈ ਡੀਪੀਆਰ ਅਗਲੇ ਸਾਲ ਜੂਨ ਤੱਕ ਤਿਆਰ ਹੋ ਜਾਵੇਗਾ। ਮੰਤਰਾਲੇ ਨੇ 70 ਕਿਲੋਮੀਟਰ ਮੋਕਾਮਾ-ਮੁੰਗੇਰ ਸੜਕ ਨੂੰ ਚੌੜਾ ਕਰਨ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ, ਜਿਸ ਲਈ ਅਗਲੇ ਅਪ੍ਰੈਲ ਤੱਕ ਡੀਪੀਆਰ ਮੁਕੰਮਲ ਹੋ ਜਾਵੇਗੀ। ਇਸੇ ਤਰ੍ਹਾਂ ਮੁਜ਼ੱਫਰਪੁਰ-ਬਰੌਨੀ ਸੜਕ ਨੂੰ ਚੌੜਾ ਕਰਨ ਦਾ ਕੰਮ ਵੀ ਜਲਦੀ ਹੀ ਸ਼ੁਰੂ ਹੋ ਜਾਵੇਗਾ। ਖਗੜੀਆ-ਪੂਰਨੀਆ ਸੜਕ ਦੇ ਚਾਰ ਮਾਰਗੀਕਰਨ (ਐੱਨਐੱਚ -31) ਦੇ ਪ੍ਰਸਤਾਵ ਨੂੰ ਵੀ ਮਨਜ਼ੂਰੀ ਦੇ ਦਿੱਤੀ ਗਈ ਹੈ ਅਤੇ ਇਸ ਦਾ ਡੀਪੀਆਰ ਆਉਂਦੇ ਅਪ੍ਰੈਲ ਤੱਕ ਤਿਆਰ ਹੋ ਜਾਵੇਗਾ। ਮੁਜ਼ੱਫਰਪੁਰ-ਸੀਤਾਮੜ੍ਹੀ-ਸੋਨਵਰਸ਼ਾ ਸੜਕ (ਐੱਨਐੱਚ-77) ਦਾ ਚਹੁੰ ਮਾਰਗੀਕਰਨ, ਜੋ ਕਿ ਰਾਮਜਾਨਕੀ ਮਾਰਗ ਦਾ ਹਿੱਸਾ ਹੈ, ਜਨਕਪੁਰ ਧਾਮ (ਨੇਪਾਲ) ਦੀ ਯਾਤਰਾ ਨੂੰ ਆਸਾਨ ਬਣਾਏਗਾ ਅਤੇ ਅਗਲੇ ਸਾਲ ਮਈ ਵਿੱਚ ਇਸ ਦਾ ਡੀਪੀਆਰ ਤਿਆਰ ਹੋ ਜਾਵੇਗਾ।

