ਸੰਪਾਦਿਤ ਪੁਸਤਕ ‘ਬਹੁ ਸਭਿਆਚਾਰਵਾਦ ਅਤੇ ਪੰਜਾਬੀ ਸਾਹਿਤ’ ਰਿਲੀਜ
ਪਟਿਆਲਾ, 29 ਦਸੰਬਰ (ਰਮਨਦੀਪ/ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪੰਜਾਬੀ ਵਿਭਾਗ ਵਿਖੇ ਡਾ. ਬਲਦੇਵ ਸਿੰਘ ਧਾਲੀਵਾਲ ਅਤੇ ਡਾ. ਸੁਖਪ੍ਰੀਤ ਕੌਰ ਵਲੋਂ ਸੰਪਾਦਿਤ ਪੁਸਤਕ ‘ਬਹੁ ਸਭਿਆਚਾਰਵਾਦ ਅਤੇ ਪੰਜਾਬੀ ਸਾਹਿਤ’ ਨੂੰ ਰਿਲੀਜ ਕਰਨ ਹਿਤ ਇਕ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿਚ ਜਿੱਥੇ ਆਨਲਾਈਨ ਵਿਧੀ ਰਾਹੀਂ ਵਿਦਿਆਰਥੀਆਂ, ਖੋਜਾਰਥੀਆਂ ਅਤੇ ਇਸ ਵਿਸੇ ਵਿਚ ਰੁਚੀ ਲੈਣ ਵਾਲੇ ਲੋਕਾਂ ਨੂੰ ਜੋੜਿਆ ਗਿਆ ਉੱਥੇ ਹੀ ਵਿਭਾਗ ਦੇ ਸੈਮੀਨਾਰ ਹਾਲ ਵਿਚ ਜੁੜੇ ਵਿਦਵਾਨਾਂ ਵੱਲੋਂ ਆਫਲਾਈਨ ਵਿਧੀ ਰਾਹੀਂ ਇਸ ਪੁਸਤਕ ਨੂੰ ਰਿਲੀਜ ਕੀਤਾ ਗਿਆ।
ਪ੍ਰੋਗਰਾਮ ਦੇ ਸੁਰੂ ਵਿਚ ਵਿਭਾਗ ਮੁਖੀ ਡਾ. ਸੁਰਜੀਤ ਸਿੰਘ ਵੱਲੋਂ ਰਸਮੀ ਰੂਪ ਵਿਚ ਸਭ ਦਾ ਸਵਾਗਤ ਕਰਦਿਆਂ ਦੱਸਿਆ ਗਿਆ ਕਿ ਇਸ ਕਿਤਾਬ ਵਿਚ ‘ਬਹੁਸਭਿਆਚਾਰਵਾਦ’ ਦੇ ਸੰਕਲਪ ਦੀ ਜਾਣ ਪਛਾਣ ਕਰਵਾਉਣ ਅਤੇ ਇਸ ਵਰਤਾਰੇ ਦੇ ਪੰਜਾਬੀ ਸਾਹਿਤ ਵਿਚ ਪੇਸਕਾਰੀ ਅਤੇ ਸਰੂਪ ਦਾ ਵਿਸਲੇਸਣ ਕਰਨ ਦਾ ਪੰਜਾਬੀ ਸਾਹਿਤ ਸਮੀਖਿਆ ਦੇ ਖੇਤਰ ਵਿਚ ਪਹਿਲ ਪਲੇਠਾਂ ਯਤਨ ਕੀਤਾ ਗਿਆ ਹੈ।
ਡਾ. ਬਲਦੇਵ ਸਿੰਘ ਧਾਲੀਵਾਲ ਵੱਲੋਂ ਦੱਸਿਆ ਗਿਆ ਕਿ ਇਸ ਪੁਸਤਕ ਦਾ ਮੰਤਵ ਸਾਹਿਤ ਅਧਿਐਨ ਦੀ ਮੂਲੋਂ ਨਵੀਂ ਪ੍ਰਣਾਲੀ ਬਹੁਸਭਿਆਚਾਰਵਾਦ ਬਾਰੇ ਪੰਜਾਬੀ ਭਾਸਾ ਵਿਚ ਬੁਨਿਆਦੀ ਸਮੱਗਰੀ ਤਿਆਰ ਕਰਨਾ ਹੈ। ਉਨ੍ਹਾਂ ਦੱਸਿਆ ਕਿ ਵਿਸਵ ਚਿੰਤਨ ਵਿਚ ਇਸ ਸੰਕਲਪ ਸੰਬੰਧੀ ਵੀਹਵੀਂ ਸਦੀ ਦੇ ਅੰਤਲੇ ਦਹਾਕਿਆਂ ਤੋਂ ਹੀ ਭਰਪੂਰ ਚਰਚਾ ਛਿੜ ਪਈ ਸੀ। ਪੰਜਾਬੀ ਵਿਚ ਤਕਰੀਬਨ ਇਕ ਦਹਾਕਾ ਪਹਿਲਾਂ ਪੀ-ਐੱਚ.ਡੀ. ਖੋਜ ਕਾਰਜ ਦਾ ਵਿਸਾ ਬਣਾ ਕੇ ਉਨ੍ਹਾਂ ਨੇ ਇਸ ਸੰਬੰਧੀ ਗੰਭੀਰ ਰੂਪ ਵਿਚ ਸੋਚਣਾ ਵਿਚਾਰਨਾ ਸੁਰੂ ਕੀਤਾ ਸੀ। ਉਨ੍ਹਾਂ ਦੱਸਿਆ ਕਿ ਬਹੁਸਭਿਆਚਾਰਵਾਦ ਇਕ ਅਜਿਹੀ ਪ੍ਰਣਾਲੀ ਹੈ ਜਿਹੜੀ ਕਿਸੇ ਸਮਾਜ ਵਿਚ ਰਹਿੰਦੇ ਵਖ-ਵਖ ਸਭਿਆਚਾਰਕ ਸਮੂਹਾਂ ਦੇ ਵਖਰੇਵਿਆਂ ਅਤੇ ਅੰਤਰ ਸੰਬੰਧਾਂ ਨੂੰ ਆਪਣੇ ਅਧਿਐਨ ਦਾ ਵਿਸਾ ਬਣਾਉਂਦੀ ਹੈ।
ਡਾ. ਰਾਜਿੰਦਰਪਾਲ ਸਿੰਘ ਬਰਾੜ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਮੌਜੂਦਾ ਸਮੇਂ ਚੱਲ ਰਹੇ ਕਿਸਾਨੀ ਸੰਘਰਸ ਨੂੰ ਬਹੁਸਭਿਆਚਾਰਵਾਦ ਦੇ ਪ੍ਰਸੰਗ ਵਿਚ ਵਾਚਣਾ ਇਸ ਸੰਕਲਪ ਨੂੰ ਸਮਝਣ ਹਿਤ ਇਕ ਸਰਲ ਅਤੇ ਤਾਜਾ ਉਦਹਾਰਣ ਹੋਵੇਗੀ। ਉਨ੍ਹਾਂ ਕਿਹਾ ਕਿ ਅਸੀਂ ਵੇਖ ਸਕਦੇ ਹਾਂ ਕਿ ਕਿਵੇਂ ਇਸ ਸੰਘਰਸ ਵਿਚ ਵਖ-ਵਖ ਸਭਿਆਚਾਰਾਂ ਦੇ ਲੋਕ ਆਪਣੀਆਂ ਮੌਲਿਕ ਪਛਾਣਾਂ ਅਤੇ ਵੱਖਰਤਾਵਾਂ ਨੂੰ ਕਾਇਮ ਰਖਦੇ ਹੋਏ ਅਤੇ ਹੋਰਨਾਂ ਦੀਆਂ ਵੱਖਰਤਾਵਾਂ ਦਾ ਸਤਿਕਾਰ ਕਰਦੇ ਹੋਏ ਇਕ ਸਾਂਝੇ ਮਕਸਦ ਲਈ ਜੁੜੇ ਹੋਏ ਹਨ।
ਪ੍ਰਸਿੱਧ ਕਹਾਣੀਕਾਰ ਬਲਵਿੰਦਰ ਗਰੇਵਾਲ ਨੇ ਕਿਹਾ ਹਰੇਕ ਸਭਿਆਚਾਰ ਦੇ ਆਪਣੇ ਵੱਖਰੇ ਪਛਾਣ ਚਿੰਨ ਹੁੰਦੇ ਹਨ ਜਿਨ੍ਹਾਂ ਦੀ ਜੜ ਬਹੁਤ ਗਹਿਰੇ ਅਤੀਤ ਨਾਲ ਜੁੜੀ ਹੁੰਦੀ ਹੈ। ਅਤੀਤ ਦੇ ਅੰਸ ਬਹੁਤ ਗਹਿਰੇ ਰੂਪ ਵਿਚ ਅਜਿਹੀਆਂ ਪਛਾਣਾਂ ਵਿਚ ਰਮੇ ਹੋਏ ਹੁੰਦੇ ਹਨ। ਇਸ ਲਈ ਹਰ ਵਿਭਿੰਨ ਸਭਿਆਚਾਰਕ ਪਛਾਣ ਦਾ ਸਤਿਕਾਰ ਕਰਨਾ ਚਾਹੀਦਾ ਹੈ। ਉਨ੍ਹਾਂ ਵੱਲੋਂ ਡਾ. ਧਾਲੀਵਾਲ ਨੂੰ ਇਸ ਵਿਲੱਖਣ ਪੁਸਤਕ ਲਈ ਵਿਸੇਸ ਤੌਰ ਤੇ ਵਧਾਈ ਦਿੱਤੀ ਗਈ।
ਪ੍ਰੋਗਰਾਮ ਦਾ ਸੰਚਾਲਨ ਕਰਦਿਆਂ ਡਾ. ਗੁਰਮੁਖ ਸਿੰਘ ਨੇ ਕਿਹਾ ਕਿ ਬਹਸਭਿਆਚਾਰਵਾਦ ਪਹੁੰਚ ਅਪਣਾਉਂਦਿਆਂ ਦੂਸਰਿਆਂ ਬਾਰੇ ਗਹਿਰਾ ਜਾਣਨ ਅਤੇ ਸਮਝਣ ਦਾ ਮਕਸਦ ਉਨ੍ਹਾਂ ਨੂੰ ਸਤਿਕਾਰ ਦੇਣਾ ਹੀ ਹੋਣਾ ਚਾਹੀਦਾ ਹੈ ਨਾ ਕਿ ਦੂਸਰਿਆਂ ਦੀਆਂ ਵੱਖਰਤਾਵਾਂ ਅਤੇ ਵਿਸੇਸਤਾਵਾਂ ਨੂੰ ਉਨ੍ਹਾਂ ਦੇ ਦਮਨ ਹਿਤ ਲਈ ਜਾਣਿਆ ਜਾਵੇ।

