ਸਰਕਾਰ ਅਤੇ ਕਿਸਾਨਾਂ ਵਿਚਾਲੇ ਨਹੀਂ ਬਣ ਸਕੀ ਸਹਿਮਤੀ, 19 ਨੂੰ ਮੁੜ ਹੋਵੇਗੀ ਗੱਲਬਾਤ
ਨਵੀਂ ਦਿੱਲੀ 15 ਜਨਵਰੀ (ਮਧੂਸਾਰ ਬਿਊਰੋ) ਕੇਂਦਰ ਅਤੇ ਕਿਸਾਨਾਂ ਵਿਚਾਲੇ ਹੋ ਰਹੀ 9ਵੇਂ ਗੇੜ ਦੀ ਬੈਠਕ ਖਤਮ ਹੋ ਗਈ ਹੈ। ਅੱਜ ਦੀ ਇਹ ਬੈਠਕ ਵੀ ਬੇਸਿੱਟਾ ਰਹੀ ਹੈ। ਹੁਣ 19 ਜਨਵਰੀ ਨੂੰ ਦੁਪਹਿਰ 12 ਵਜੇ ਸਰਕਾਰ ਅਤੇ ਕਿਸਾਨਾਂ ਦੀ ਮੁੜ ਬੈਠਕ ਹੋਵੇਗੀ।
ਸਰਕਾਰ ਅਤੇ ਕਿਸਾਨਾਂ ਵਿਚਾਲੇ ਇਸ ਵਾਰ ਵੀ ਆਪਣੇ-ਆਪਣੇ ਰੁਖ ’ਤੇ ਅੜੇ ਰਹਿਣ ਕਾਰਨ ਕੋਈ ਸਹਿਮਤੀ ਨਹੀਂ ਬਣੀ। ਬੈਠਕ ’ਚ ਸਰਕਾਰ ਵਲੋਂ ਕਿਸਾਨਾਂ ਨੂੰ ਮੁੜ ਖੇਤੀ ਕਾਨੂੰਨਾਂ ’ਚ ਸੋਧ ਕਰਨ ਦਾ ਪ੍ਰਸਤਾਵ ਦਿੱਤਾ ਗਿਆ ਸੀ, ਜਿਸ ਨੂੰ ਕਿਸਾਨਾਂ ਵਲੋਂ ਠੁਕਰਾ ਦਿੱਤਾ ਗਿਆ ਸੀ। ਕਿਸਾਨ ਕਾਨੂੰਨ ਰੱਦ ਕਰਨ ਦੀ ਮੰਗ ’ਤੇ ਬੇਜਿੱਦ ਹਨ। ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਨੂੰ ਕਾਨੂੰਨ ਰੱਦ ਤੋਂ ਘੱਟ ਕੁਝ ਨਹੀਂ ਚਾਹੀਦਾ। ਉੱਥੇ ਹੀ ਬੈਠਕ ’ਚ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਸੁਪਰੀਮ ਕੋਰਟ ਦੇ ਫੈਸਲੇ ਦਾ ਹਵਾਲਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਕੋਰਟ ਕਾਨੂੰਨਾਂ ’ਤੇ ਰੋਕ ਲਗਾ ਚੁਕੀ ਹੈ, ਹੁਣ ਸਿਰਫ ਕਾਨੂੰਨਾਂ ’ਚ ਸੋਧ ਦੀ ਜਰੂਰਤ ਹੈ। ਤੋਮਰ ਨੇ ਕਿਸਾਨਾਂ ਤੋਂ ਪੁੱਛਿਆ ਹੈ ਕਿ ਤੁਸੀਂ ਹੀ ਦੱਸੋ ਕਿਵੇਂ ਕੱਢਣਾ ਹੈ ਕਿ ਮਸਲੇ ਦਾ ਹੱਲ। ਤੋਮਰ ਨੇ ਕਿਸਾਨਾਂ ਤੋਂ ਸੁਝਾਅ ਮੰਗੇ ਹਨ। ਪਰ ਕਿਸਾਨ ਸਿਰਫ ਕਾਨੂੰਨ ਰੱਦ ਕਰਨ ਦੀ ਜਿੱਦ ’ਤੇ ਅੜੇ ਹੋਏ ਹਨ।
ਨਰੇਂਦਰ ਤੋਮਰ ਵਲੋਂ ਕਿਸਾਨਾਂ ਨੇ ਅੜੀਅਲ ਰਵੱਈਏ ’ਤੇ ਨਾਰਾਜਗੀ ਜਤਾਈ ਹੈ। ਬੈਠਕ ’ਚ ਕਿਸਾਨਾਂ ਤੋਂ ਸਰਕਾਰ ਨੇ ਪੁੱਛਿਆ ਸੀ ਕਿ ਜੇਕਰ ਐੱਮ.ਐੱਸ.ਪੀ. ’ਤੇ ਸਹਿਮਤੀ ਬਣੀ ਤਾਂ ਕੀ ਉਹ ਅੰਦੋਲਨ ਖਤਮ ਕਰਨਗੇ। ਉੱਥੇ ਹੀ ਕਿਸਾਨਾਂ ਦਾ ਕਹਿਣਾ ਹੈ ਕਿ ਬਿਨਾਂ ਕਾਨੂੰਨ ਵਾਪਸੀ ਦੇ ਅੰਦੋਲਨ ਖਤਮ ਨਹੀਂ ਹੋਵੇਗਾ। ਕਿਸਾਨ ਜਥੇਬੰਦੀਆਂ ਸ਼ਨੀਵਾਰ ਨੂੰ ਅਗਲੀ ਰਣਨੀਤੀ ’ਤੇ ਮੰਥਨ ਕਰਨਗੀਆਂ। ਜਕਿਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕੇਂਦਰ ਅਤੇ ਕਿਸਾਨਾਂ ਵਿਚਾਲੇ 8 ਬੈਠਕਾਂ ਹੋ ਚੁਕੀਆਂ ਹਨ। ਜੋ ਬੇਸਿੱਟਾ ਰਹੀਆਂ ਹਨ। ਪੰਜਾਬ, ਹਰਿਆਣਾ, ਪੱਛਮੀ ਉੱਤਰ ਪ੍ਰਦੇਸ਼ ਤੋਂ ਹਜਾਰਾਂ ਦੀ ਗਿਣਤੀ ’ਚ ਕਿਸਾਨ ਦਿੱਲੀ ਦੀਆਂ ਸਰਹੱਦਾਂ ਕੋਲ ਪਿਛਲੇ ਇਕ ਮਹੀਨੇ ਤੋਂ ਵੱਧ ਸਮੇਂ ਤੋਂ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ।

