ਸਰਕਾਰ ਦੀ ਬੇਧਿਆਨੀ ਦਾ ਸ਼ਿਕਾਰ ਪੰਜਾਬੀ ’ਵਰਸਿਟੀ ਪਟਿਆਲਾ : ਐਕਸ਼ਨ ਕਮੇਟੀ
ਪਟਿਆਲਾ : 22 ਜਨਵਰੀ (ਮਧੂਸਾਰ ਬਿਊਰੋ) ਪੰਜਾਬੀ ਯੂਨਿਵਰਸਿਟੀ ਦੇ ਵਾਈਸ ਚਾਂਸਲਰ ਦਫਤਰ ਅੱਗੇ ਦਿੱਤਾ ਜਾ ਰਿਹਾ ਧਰਨਾ ਅੱਜ 127ਵੇਂ ਦਿਨ ਵੀ ਜਾਰੀ ਰਿਹਾ ਧਰਨਾ ਜੋ ਕਿ ਜੁਆਇੰਟ ਐਕਸ਼ਨ ਕਮੇਟੀ ਵਲੋਂ ਰੋਜ਼ਾਨਾ ਹੀ ਮੰਗਾਂ ਨਾ ਮੰਨੇ ਜਾਣ ਦੇ ਰੋਸ ਵਜੋਂ ਦਿੱਤਾ ਜਾ ਰਿਹਾ ਹੈ ।
ਜੁਆਇੰਟ ਐਕਸ਼ਨ ਕਮੇਟੀ ਦੇ ਆਗੂਆਂ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਦਾ ਉੱਚੇਰੀ ਸਿੱਖਿਆ ਵਿਭਾਗ ਅਤੇ ਪੰਜਾਬੀ ਯੂਨੀਵਰਸਿਟੀ ਦਾ ਪ੍ਰਸ਼ਾਸ਼ਨ ਘੋੜੇ ਵੇਚ ਸੁੱਤਾ ਹੈ । ਪੂਟਾ ਦੇ ਪ੍ਰਧਾਨ ਡਾ. ਨਿਸ਼ਾਨ ਸਿੰਘ ਦਿਓਲ ਨੇ ਧਰਨੇ ਵਿੱਚ ਬੋਲਦਿਆਂ ਆਖਿਆ ਕਿ ਪੰਜਾਬੀ ਯੂਨੀਵਰਸਿਟੀ ਨੂੰ ਗੁਰੂ ਨਾਨਕ ਦੇਵ ਜੀ ਦੇ ਮਹਾਂ ਸ਼ਬਦ “ਵਿਦਿਆ ਵਿਚਾਰੀ ਤਾ ਪਰਉਪਕਾਰੀ” ਨੂੰ ਸਾਹਮਣੇ ਰੱਖ ਕੇ ਇੱਕ ਚੰਗੀ ਭਾਵਨਾ ਨਾਲ ਹੋਂਦ ਵਿੱਚ ਲੈ ਕੇ ਆਂਦਾ ਸੀ । ਪਰ ਅਫ਼ਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਅੱਜ ਪੰਜਾਬੀ ਬੋਲੀ ਦੇ ਨਾਮ ਉੱਤੇ ਬਣੀ ਇਸ ਯੂਨੀਵਰਸਿਟੀ ਨੂੰ ਇੱਕ ਤਰਸਯੋਗ ਹਾਲਤ ਵਿੱਚ ਲਿਆ ਕੇ ਖੜਾ ਕਰ ਦਿੱਤਾ ਹੈ ਜੋ ਪ੍ਰਸ਼ਾਸ਼ਨ ਅਤੇ ਪੰਜਾਬ ਸਰਕਾਰ ਦੇ ਬੇਧਿਆਨੀ ਦਾ ਸ਼ਿਕਾਰ ਹੋ ਰਹੀ ਹੈ । ਧਰਨੇ ਵਿੱਚ ਸਿੱਖ ਇੰਟੈਲਜੈਸੀਆ ਫੋਰਮ ਦੇ ਕਨਵੀਨਰ ਡਾ. ਰਾਜਬੰਸ ਸਿੰਘ ਗਿੱਲ ਨੇ ਸੰਬੋਧਨ ਕਰਦੇ ਬੋਲਿਆ ਕਿ ਪੰਜਾਬ ਸਰਕਾਰ ਦੀ ਗ੍ਰਾਂਟ ਬਿਨਾਂ ਪੰਜਾਬੀ ਯੂਨੀਵਰਸਿਟੀ ਦੀ ਵਿੱਤੀ ਹਾਲਤ ਨਹੀਂ ਸੁਧਰ ਸਕਦੀ ਪਰ ਦੁੱਖ ਵਾਲੀ ਗੱਲ ਹੈ ਕਿ ਯੂਨੀਵਰਸਿਟੀ ਨੂੰ ਇੱਕ ਭਿਖਾਰਨ ਬਣਾ ਕੇ ਰੱਖ ਦਿੱਤਾ ਹੈ ਜੋ ਕਿ ਪੰਜਾਬ ਦੀ ਉੱਚ ਸਿੱਖਿਆ ਦੀ ਦਸ਼ਾ ਨੂੰ ਪ੍ਰਤੱਖ ਕਰ ਰਿਹਾ ਹੈ ।
ਪੂਟਾ ਦੇ ਸਾਬਕਾ ਪ੍ਰਧਾਨ ਡਾ. ਭੁਪਿੰਦਰ ਸਿੰਘ ਵਿਰਕ ਨੇ ਵਿਚਾਰ ਪ੍ਰਗਟਾਉਂਦੇ ਆਖਿਆ ਕਿ ਇੰਜ ਜਾਪ ਰਿਹਾ ਹੈ ਕਿ ਪੰਜਾਬੀ ਯੂਨੀਵਰਸਿਟੀ ਦਾ ਪ੍ਰਸ਼ਾਸਨ ਊਕਾ ਹੀ ਬੇਪ੍ਰਵਾਹ ਅਤੇ ਅਵੇਸਲਾ ਹੋ ਗਿਆ ਜਿਸ ਕਰਕੇ ਇਸ ਨੂੰ ਇਥੇ ਨੌਕਰੀ ਕਰ ਰਹੇ ਅਧਿਆਪਕ ਅਤੇ ਮੁਲਾਜਮਾਂ ਦੀ ਤਨਖਾਹ ਅਤੇ ਪੈਨਸ਼ਨਾਂ ਨਾਲ ਕੋਈ ਵਾਹ ਵਾਸਤਾ ਹੀ ਨਹੀਂ ਹੈ । ਡਾ. ਅਵਨੀਤਪਾਲ ਸਿੰਘ ਪੂਟਾ ਸਕੱਤਰ ਨੇ ਵੀ ਧਰਨੇ ਵਿੱਚ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਮੌਜੂਦਾ ਪੰਜਾਬ ਸਰਕਾਰ ਨੂੰ ਪੰਜਾਬੀ ਯੂਨੀਵਰਸਿਟੀ ਦੇ ਹਾਲਤਾਂ ਬਾਰੇ ਗੰਭੀਰਤਾ ਦਿਖਾਉਣੀ ਚਾਹੀਦੀ ਹੈ। ਜੁਆਇੰਟ ਐਕਸ਼ਨ ਕਮੇਟੀ ਦੇ ਬੁਲਾਰੇ ਡਾ. ਰਾਜਦੀਪ ਸਿੰਘ ਨੇ ਆਖਿਆ ਕਿ ਸਰਕਾਰ ਨੂੰ ਯੂਨੀਵਰਸਿਟੀ ਨੂੰ ਬਚਾਉਣ ਲਈ ਵਿੱਤੀ ਗਰਾਂਟ ਜਲਦ ਤੋਂ ਜਲਦ ਮੁਹੱਈਆ ਕਰਵਾਉਣੀ ਚਾਹੀਦੀ ਹੈ ਤਾਂ ਜੋ ਯੂਨੀਵਰਸਿਟੀ ਦੇ ਸਾਹਵੇਂ ਆਰਥਿਕ ਚੁਣੌਤੀਆਂ ਦਾ ਸਾਹਮਣਾ ਕੀਤਾ ਜਾ ਸਕੇ। ਦੱਸਣਯੋਗ ਹੈ ਕਿ ਇਹ ਧਰਨਾ ਚਾਰ ਮੰਗਾਂ ਤਨਖਾਹਾਂ, ਪੈਨਸ਼ਨਾਂ ਦੀ ਸਮੇਂ ਸਿਰ ਅਦਾਇਗੀ, ਯੂਨੀਵਰਸਿਟੀ ਨੂੰ ਵਿੱਤੀ ਗਰਾਂਟ ਮੁਹੱਈਆਂ ਕਰਵਾਉਣਾ ਅਤੇ ਯੂਨੀਵਰਸਿਟੀ ਦੀ ਖੁਦਮੁਖਤਿਆਰੀ ਨੂੰ ਬਚਾਉਣਾ ਆਦਿ ਮੰਗਾਂ ਨੂੰ ਲੈ ਕੇ ਲਗਾਇਆ ਜਾ ਰਿਹਾ ਹੈ ਜੋ ਕਿ 127ਵੇਂ ਦਿਨ ਵਿਚ ਪਹੁੰਚ ਗਿਆ। ਜੋਆਇੰਟ ਐਕਸ਼ਨ ਕਮੇਟੀ ਦੇ ਆਗੂਆਂ ਨੇ ਰੋਸ ਜਿਤਾਇਆ ਕਿਸੇ ਵੀ ਸਰਕਾਰੀ ਨੁਮਾਇੰਦੇ ਅਤੇ ਪ੍ਰਸ਼ਾਸਨ ਵਲੋਂ ਇਸ ਧਰਨੇ ਦੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਜੋ ਇਸ ਗੱਲ ਦਾ ਪ੍ਰਮਾਣ ਹੈ ਕਿ ਪੰਜਾਬੀ ਯੂਨੀਵਰਸਿਟੀ ਪ੍ਰਤਿ ਪੰਜਾਬ ਸਰਕਾਰ ਕੁੰਭਕਰਨੀ ਨੀਂਦ ਸੌਂ ਚੁੱਕੀ ਹੈ ।
ਜੁਆਇੰਟ ਐਕਸ਼ਨ ਕਮੇਟੀ ਦੇ ਬੁਲਾਰੇ ਨੇ ਆਖਿਆ ਭਾਵੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪਟਿਆਲਾ ਤੋਂ ਐਮ.ਪੀ. ਸ੍ਰੀਮਤੀ ਪ੍ਰਨੀਤ ਕੌਰ ਅਤੇ ਨਵਜੋਤ ਸਿੰਘ ਸਿੱਧੂ ਹੋਰੀਂ ਪਟਿਆਲੇ ਸ਼ਹਿਰ ਨਾਲ ਹੀ ਸੰਬਧਤ ਹਨ ਪਰ ਹੈਰਾਨੀ ਹੈ ਕਿ ਇਹ ਸਾਰੇ ਆਖਿਰ ਯੂਨੀਵਰਸਿਟੀ ਦੇ ਹਾਲਾਤਾਂ ਬਾਰੇ ਉਹ ਸਭ ਚੁੱਪ ਕਿਉਂ ਹਨ? ਕਮੇਟੀ ਅਹੁਦੇਦਾਰਾਂ ਨੇ ਆਖਿਆ ਕਿ ਪਟਿਆਲੇ ਦੇ ਇਹ ਸਭ ਆਗੂਆਂ ਨੂੰ ਨੂੰ ਪੰਜਾਬੀ ਯੂਨੀਵਰਸਿਟੀ ਦੇ ਵਿੱਤੀ ਹਾਲਤ ਸੁਧਾਰਨ ਲਈ ਅਤੇ ਹੋਰ ਸਮੱਸਿਆਵਾ ਵੱਲ ਸੁਣਨ ਅਤੇ ਹੱਲ ਕਢਣ ਲਈ ਜਰੂਰ ਧਿਆਨ ਦੇਣਾ ਚਾਹੀਦਾ ਹੈ । ਧਰਨੇ ਵਿੱਚ ਪ੍ਰਸ਼ਾਸ਼ਨ ਅਤੇ ਪੰਜਾਬ ਸਰਕਾਰ ਖਿਲਾਫ਼ ਤਨਖਾਹਾਂ ਅਤੇ ਪੈਨਸ਼ਨਾਂ ਦਾ ਪ੍ਰਬੰਧ ਨਾ ਕੀਤੇ ਜਾਣ ਕਰਕੇ ਜ਼ੋਰਦਾਰ ਨਾਅਰੇਬਾਜੀ ਕੀਤੀ ਗਈ । ਅੱਜ ਇਸ ਧਰਨੇ ਵਿੱਚ ਡਾ. ਮਨਇੰਦਰ ਸਿੰਘ. ਡਾ. ਸਰਬਜੀਤ ਸਿੰਘ, ਇੰਜ. ਸੁਖਜਿੰਦਰ ਬੁੱਟਰ, ਡਾ. ਜਸਦੀਪ ਸਿੰਘ ਤੂਰ ਅਤੇ, ਡਾ. ਮੋਹਨ ਤਿਆਗੀ ਅਤੇ ਹਰਵਿੰਦਰ ਧਾਲੀਵਾਲ, ਚਰਨਜੀਤ ਨੌਹਰਾ ਨੇ ਅੱਜ ਦੇ ਇਸ ਧਰਨੇ ਵਿੱਚ ਸ਼ਮੂਲੀਅਤ ਕੀਤੀ । ਪੈਨਸ਼ਨਰਜ ਵਿਚੋਂ ਲਾਜਪਤ ਰਾਏ ਅਤੇ ਹਰੀ ਸਿੰਘ ਵੀ ਧਰਨੇ ਵਿੱਚ ਹਾਜ਼ਰ ਹੋਏ ।

