ਪੰਜਾਬ

ਕੇਂਦਰ ਸਰਕਾਰ ਅਤੇ ਕਿਸਾਨ ਗੱਲਬਾਤ ਲਈ ਦਰ ਖੁੱਲ੍ਹੇ ਰੱਖਣ : ਜਥੇਦਾਰ ਹਰਪ੍ਰੀਤ ਸਿੰਘ

ਅੰਮਿ੍ਰਤਸਰ, 29 ਜਨਵਰੀ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਖੇਤੀ ਕਾਨੂੰਨਾਂ ਦੇ ਮਾਮਲੇ ਵਿਚ ਪੈਦਾ ਹੋਈ ਸਥਿਤੀ ’ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਮਾਮਲੇ ਵਿਚ ਸਰਕਾਰ ਅਤੇ ਕਿਸਾਨ ਦੋਵਾਂ ਧਿਰਾਂ ਨੂੰ ਆਖਿਆ ਕਿ ਉਹ ਮਾਮਲੇ ਦੇ ਹੱਲ ਲਈ ਗੱਲਬਾਤ ਦੇ ਦਰ ਖੁੱਲੇ ਰੱਖਣ।

ਇਸ ਮਸਲੇ ਨੂੰ ਗੱਲਬਾਤ ਰਾਹੀਂ ਹੀ ਹੱਲ ਕੀਤਾ ਜਾ ਸਕਦਾ ਹੈ ਅਤੇ ਦੋਵੇਂ ਧਿਰਾਂ ਇਸ ਮਾਮਲੇ ਨੂੰ ਹੱਲ ਕਰਨ ਲਈ ਜੇ ਇਕ-ਇਕ ਕਦਮ ਪਿਛਾਂਹ ਖਿੱਚਦੀਆਂ ਹਨ ਤਾਂ ਇਸ ਵਿਚ ਕੁਝ ਵੀ ਮਾੜਾ ਨਹੀਂ ਹੈ। ਵੀਡਿਓ ਸੁਨੇਹੇ ਰਾਹੀਂ ਉਨ੍ਹਾਂ ਆਖਿਆ ਕਿ ਇਹ ਮਾਮਲਾ ਸਿਰਫ ਗੱਲਬਾਤ ਰਾਹੀਂ ਹੀ ਨਿੱਬੜ ਸਕਦਾ ਹੈ। ਇਸ ਲਈ ਮਾਮਲੇ ਦਾ ਹੱਲ ਕਰਨ ਵਾਸਤੇ ਗੱਲਬਾਤ ਦੇ ਦਰਵਾਜ਼ੇ ਖੁੱਲ੍ਹੇ ਰਹਿਣੇ ਚਾਹੀਦੇ ਹਨ। ਇਸ ਮਾਮਲੇ ਵਿਚ ਜੀਂਦ ਛੱਡ ਦੇਣੀ ਚਾਹੀਦੀ ਹੈ। ਇਕ ਕਦਮ ਸਰਕਾਰ ਪਿੱਛੇ ਹਟੇ ਅਤੇ ਇਕ ਕਦਮ ਕਿਸਾਨ ਪਿੱਛੇ ਹਟਣ। 26 ਜਨਵਰੀ ਨੂੰ ਦਿੱਲੀ ਵਿਖੇ ਵਾਪਰੀਆਂ ਅਣਸੁਖਾਵੀਆਂ ਘਟਨਾਵਾਂ ਨਾਲ ਅਸਹਿਮਤੀ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਨਾਲ ਅੰਦੋਲਨ ਨੂੰ ਢਾਹ ਲੱਗੀ ਹੈ। ਅੰਦੋਲਨ ਵਿਚ ਸਫਲਤਾ ਅਤੇ ਨਾਕਾਮੀ ਦੋਵਾਂ ਵਾਸਤੇ ਹੀ ਆਗੂ ਜ਼ਿੰਮੇਵਾਰ ਹੁੰਦੇ ਹਨ। ਜੇ ਕੁਝ ਅਣਸੁਖਾਵਾਂ ਵਾਪਰਿਆ ਹੈ ਤਾਂ ਉਸ ਲਈ ਵੀ ਕਿਸਾਨ ਆਗੂ ਹੀ ਜ਼ਿੰਮੇਵਾਰ ਹਨ। ਹਿੰਸਕ ਘਟਨਾਵਾਂ ਦੌਰਾਨ ਕਿਸਾਨਾਂ ਜਾਂ ਪੁਲੀਸ ਵਾਲਿਆਂ ਕਿਸੇ ਦੀ ਵੀ ਮਾਰ ਕੁਟਾਈ ਹੋਈ ਹੈ, ਉਸ ਨੂੰ ਸਹਿਮਤੀ ਨਹੀਂ ਦਿੱਤੀ ਜਾ ਸਕਦੀ।

Leave a Reply

Your email address will not be published. Required fields are marked *