ਸਿੰਘੂ ਬਾਰਡਰ ’ਤੇ ਕਿਸਾਨਾਂ ਤੇ ਸਥਾਨਕ ਲੋਕਾਂ ਵਿਚਾਲੇ ਪਥਰਾਅ
ਨਵੀਂ ਦਿੱਲੀ, 29 ਜਨਵਰੀ (ਮਧੂਸਾਰ ਬਿਊਰੋ) ਅੱਜ ਸਿੰਘੂ ਬਾਰਡਰ ’ਤੇ ਸਥਾਨਕ ਲੋਕਾਂ ਤੇ ਕਿਸਾਨਾਂ ਵਿਚਾਲੇ ਪਥਰਾਅ ਹੋ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਪੁਲੀਸ ਤੇ ਨੀਮ ਫੌਜੀ ਬਲ ਮੌਜੂਦ ਹੋਣ ਦੇ ਬਾਵਜੂਦ ਅਜਿਹਾ ਹੋਇਆ। ਲੋਕਾਂ ਨੂੰ ਖਦੇੜਨ ਲਈ ਪੁਲੀਸ ਨੇ ਲਾਠੀਚਾਰਜ ਕੀਤਾ ਅਤੇ ਅੱਥਰੂ ਗੈਸ ਦੇ ਗੋਲੇ ਛੱਡੇ। ਮੀਡੀਆ ਰਿਪੋਰਟਾਂ ਮੁਤਾਬਕ ਪਹਿਲਾਂ ਪੁਲੀਸ ਤਮਾਸ਼ਬੀਨ ਬਣੀ ਰਹੀ ਤੇ ਬਾਅਦ ਵਿੱਚ ਮੁਸ਼ਕਲ ਨਾਲ ਹਾਲਾਤ ਸੰਭਾਲੇ। ਸਥਾਨਕ ਲੋਕਾਂ ਨੇ ਕਿਸਾਨਾਂ ਵੱਲੋਂ ਲਗਾਏ ਟੈਂਟ ਪੁੱਟ ਦਿੱਤੇ ਤੇ ਕੱਪੜੇ ਧੋਣ ਵਾਲੀਆਂ ਮਸ਼ੀਨਾਂ ਤੋੜ ਦਿੱਤੀਆਂ। ਸਥਾਨਕ ਲੋਕਾਂ ਨੇ ਮੰਗ ਕੀਤੀ ਕਿ ਗਣਤੰਤਰ ਦਿਵਸ ‘ਤੇ ਟਰੈਕਟਰ ਪਰੇਡ ਦੌਰਾਨ ਰਾਸਟਰੀ ਝੰਡੇ ਦਾ ਅਪਮਾਨ ਕਰਨ ਕਰਕੇ ਕਿਸਾਨ ਸਿੰਘੂ ਬਾਰਡਰ ਛੱਡ ਦੇਣ। ਲਾਠੀਆਂ ਨਾਲ ਲੈਸ ਤੇ ਪੱਥਰਾਂ ਨਾਲ ਲੈਸ ਸਥਾਨਕ 35-40 ਲੋਕਾਂ ਦੇ ਸਮੂਹ ਨੇ ਨਾਅਰੇਬਾਜੀ ਕੀਤੀ ਤੇ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਕੈਂਪ ਉਪਰ ਹਮਲਾ ਕਰ ਦਿੱਤਾ। ਉਨ੍ਹਾਂ ਨੇ ਟੈਂਟ ਵੀ ਪੁੱਟੇ।
ਪ੍ਰਦਰਸ਼ਨ ਸਥਾਨ ’ਤੇ ਜਾਣ ਦੀ ਨਹੀਂ ਇਜਾਜ਼ਤ
ਕਿਸਾਨ ਅੰਦੋਲਨ ਦੇ ਪ੍ਰਮੁੱਖ ਕੇਂਦਰ ’ਸਿੰਘੂ ਸਰਹੱਦ’ ’ਤੇ ਸਖ਼ਤ ਸੁਰੱਖਿਆ ਵਿਵਸਥਾ ਕੀਤੇ ਜਾਣ, ਸਾਰਿਆਂ ਪਾਸੇ ਬੈਰੀਕੇਡ ਲਗਾਏ ਜਾਣ, ਸਾਰੇ ਪਰਵੇਸ਼ ਮਾਰਗਾਂ ਨੂੰ ਬੰਦ ਕਰਣ ਅਤੇ ਹਜ਼ਾਰਾਂ ਸੁਰੱਖਿਆ ਕਰਮੀਆਂ ਦੇ ਮਾਰਚ ਕਰਣ ਦੇ ਨਾਲ ਸ਼ੁੱਕਰਵਾਰ ਨੂੰ ਇਹ ਜਗ੍ਹਾ ਇਕ ਤਰ੍ਹਾਂ ਨਾਲ ਕਿਲ੍ਹੇ ਵਿਚ ਤਬਦੀਲ ਕਰ ਦਿੱਤੀ ਗਈ।ਸਥਾਨਕ ਲੋਕਾਂ ਅਤੇ ਪਰਦਰਸ਼ਨਕਾਰੀਆਂ ਵਿਚਾਲੇੇ ਅੱਜ ਹੋਈ ਝੜਪ ਦੇ ਬਾਅਦ ਸੁਰੱਖਿਆ ਕਰਮੀ ਅਤਿਅੰਤ ਚੌਕਸੀ ਵਰਤ ਰਹੇ ਹਨ। ਦਿੱਲੀ ਵਿਚ ਗਣਤੰਤਰ ਦਿਵਸ ਦੇ ਮੌਕੇ ਹੋਈ ਹਿੰਸਾ ਦੌਰਾਨ 394 ਪੁਲਸ ਕਰਮੀਆਂ ਦੇ ਜ਼ਖ਼ਮੀ ਹੋਣ ਅਤੇ ਇਕ ਪ੍ਰਦਰਸ਼ਨਕਾਰੀ ਦੀ ਮੌਤ ਹੋਣ ਦੇ ਬਾਅਦ ਇਸ ਪ੍ਰਦਰਸ਼ਨ ਸਥਾਨ ’ਤੇ ਸੁਰੱਖਿਆ ਵਧਾ ਦਿੱਤੀ ਗਈ ਹੈ ਅਤੇ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਹਨ। ਉਥੇ ਕੰਕਰੀਟ ਦੇ ਕਈ ਬੈਰੀਕੇਡ ਅਤੇ ਹੋਰ ਅਵਰੋਧਕ ਲਗਾਏ ਗਏ ਹਨ ਅਤੇ ਕਿਸੇ ਨੂੰ ਵੀ, ਇੱਥੇ ਤੱਕ ਕਿ ਮੀਡੀਆ ਕਰਮੀਆਂ ਨੂੰ ਵੀ ਪ੍ਰਦਰਸ਼ਨ ਸਥਾਨ ’ਤੇ ਨਹੀਂ ਜਾਣ ਦਿੱਤਾ ਜਾ ਰਿਹਾ ਹੈ।

