ਪੰਜਾਬਪਟਿਆਲਾਲੇਖ

‘ਹਿਜਰਾਂ’ ਦੀ ਪਰਿਕਰਮਾ ਕਰਦਾ ਰਹੇਗਾ ‘ਸਤਬੀਰ’ ਸਿੰਘ ਦਰਦੀ

‘ਜੋਬਨ ਰੁੱਤੇ ਜੋ ਵੀ ਮਰਦਾ, ਫੁੱਲ ਬਣੇ ਜਾਂ ਤਾਰਾਂ’
‘ਹਿਜਰਾਂ’ ਦੀ ਪਰਿਕਰਮਾ ਕਰਦਾ ਰਹੇਗਾ ‘ਸਤਬੀਰ’ ਸਿੰਘ ਦਰਦੀ

ਅਸੀਂ ਜੌਬਨ ਰੁੱਤੇ ਤੁਰਨਾ
ਮੁੜ ਜਾਣਾ ਅਸਾਂ ਭਰੇ ਭਰਾਏ
ਜੋਬਨ ਰੁੱਤੇ ਜੋ ਵੀ ਮਰਦਾ
ਫੁੱਲ ਬਣੇ ਜਾਂ ਤਾਰਾਂ

ਕੰਵਰ ਸਿੰਘ ਬੇਦੀ
ਮਸ਼ਹੂਰ ਕਵੀ ਸ਼ਿਵ ਕੁਮਾਰੀ ਬਟਾਲਵੀ ਦੀਆਂ ਏਹ ਸਤਰਾਂ ਜੌਬਨ ਰੁੱਤੇ ਤੁਰ ਗਏ ਸਤਬੀਰ ਸਿੰਘ ਦਰਦੀ ਵੱਲ ਵੀ ਇਸ਼ਾਰਾ ਕਰਦੀਆਂ ਜੋ 16 ਫਰਵਰੀ 2021 ਨੂੰ ਸਾਡੇ ਹਿਜਰਾਂ ਦੀ ਪਰਿਕਰਮਾ ਕਰਦਾ ਹੋਇਆ ਦੂਰ ਕਿਤੇ ਫੁੱਲ ਜਾਂ ਤਾਰਾਂ ਬਣ ਬੈਠਿਆ ਹੈ। ਸਤਬੀਰ ਮੇਰੇ ਤੋਂ ਦੋ ਕੁ ਸਾਲ ਛੋਟਾ ਜ਼ਰੂਰ ਸੀ, ਮੈਨੂੰ ਯਾਦ ਹੈ, ਜਦ ਉਹ ਰਮਿੰਦਰ ਸਿੰਘ ਬੱਲ ਦੀ ਉਂਗਲ ਫੜਕੇ ਮੇਰੇ ਘਰ, ਮੇਰੇ ਪਿਤਾ ਕੋਲ ਆਉਂਦਾ ਸੀ ਤੇ ਆਖਦੈ ‘ਚਾਚਾ’ ਜੀ ਮੇਰੀ ‘ਚੀਜੀ’ ਮੇਰੇ ਪਿਤਾ ਨੇ ਆਪਣੇ ਹੱਥਾਂ ਨਾਲ ਉਸ ਦਾ ਮੂੰਹ ਪਲੋਸ ਕੇ ਪਿਆਰ ਦੇਣਾ ਤੇ ਗੋਦੀ ਚੁੱਕ ਲੈਣਾ ਤੇ ਆਪਣੀ ਗੋਦ ’ਚ ਬਿਠਾ ਕੇ ਆਖਣਾ ਦਸ ਮੇਰੇ ‘ਪੁੱਤ’ ਨੇ ਕਿਹੜੀ ‘ਚੀਜੀ’ ਲੈਣੀ, ਝੱਟ ਨਾਲ ਮੇਰੀ ‘ਮਾਂ’ ਨੂੰ ਆਵਾਜ਼ ਦੇਣੀ ‘ਭਾਗਵਾਨੇ’ ਜਲਦੀ ਆ ‘ਸਤਬੀਰ’ ਆਇਆ ਲਿਆ ਮੇਰੇ ‘ਪੁੱਤ’ ਲਈ ਕੁਝ ਖਾਣ ਨੂੰ ‘ਚੀਜ’ ‘ਮਾਂ’ ਮੇਰੀ ਨੇ ਵੀ ‘ਮਾਵਾਂ’ ਵਾਂਗ ‘ਪਿਆਰ’ ਤੇ ‘ਉਲਾਰ’ ਨਾਲ ਅਪਣੱਤ ਭਰੀ ਮੁਹੱਬਤ ਦੇਣੀ। ਸ਼ਾਇਦ ਅਜਿਹਾ ਪਿਆਰ ਮੇਰੇ ਹਿੱਸੇ ਵੀ ਨਾ ਆਇਆ ਹੋਵੇ, ਜੋ ਮੇਰੇ ਪਿਤਾ ‘ਸਤਬੀਰ’ ਨੂੰ ਕਰਦੇ ਸਨ। ਬਚਪਨ ਤੋਂ ਹੀ ਸਤਬੀਰ ‘ਹੱਸਮੁੱਖ’ ‘ਗੋਲ ਮਟੋਲ’ ਲਾਡ-ਪਿਆਰ ਲੈਂਦਾ ਮੇਰੇ ਪਿਤਾ ਦੀਆਂ ਲੱਤਾਂ ਨਾਲ ਚਿਮੜਿਆ ਹੀ ਮਿਲਦਾ ਸੀ। ਮੈਂ ਸੋਚਦਾ ਤੇ ਵੇਖਦਾ ਅਜੀਬ ਹੀ ਅਪਣੱਤ ਤੇ ਮੁਹੱਬਤ ਹੈ ‘ਸਤਬੀਰ’ ਦੇ ਮੇਰੇ ਪਿਤਾ ਨਾਲ ਏਸੇ ਕਾਰਨ ਉਹ ਜਦ ਵੀ ਮੇਰੇ ਪਿਤਾ ਨੂੰ ਮਿਲਦਾ ‘ਚੀਜ’ ਤੇ ‘ਪਿਆਰ’ ਦੋਵੇਂ ਲੈਂਦਾ। ‘ਸਤਬੀਰ’ ਵੱਡਾ ਹੁੰਦਾ ਗਿਆ ਪੜ੍ਹਨ ਲਿਖਣ ਲੱਗਿਆ, ਜ਼ਿੰਮੇਵਾਰੀਆਂ ਕਬੂਲਣ ਲੱਗਾ ‘ਖੁਸ਼ਬੂਆਂ’ ਬਿਖੇਰਦਾ ਸਾਰਿਆਂ ਨੂੰ ਆਪਣਾ ਬਣਾਉਂਦਾ ਚਲਾ ਗਿਆ। ਮੈਂ ਆਪਣੀ ਜ਼ਿੰਦਗੀ ’ਚ ਕਦੇ ਵੀ ਉਸ ਦੇ ਚਿਹਰੇ ਦੀ ਮਾਯੂਸੀ ਨਹੀਂ ਵੇਖੀ, ਹਮੇਸ਼ਾ ਹੱਸਦਾ ਮਿਲਦਾ ਤੇ ਹਸਾਉਂਦਾ ‘ਫੁੱਲਾਂ’ ਵਾਂਗ ਮਹਿਕਾ ਬਿਖੇਰਦਾ। ਪ੍ਰੈਸ ਖੇਤਰ ’ਚ ‘ਸਤਬੀਰ’ ਨੇ ਆਪਣੀ ਕਾਬਲੀਅਤ ਨਾਲ ‘ਚੜ੍ਹਦੀਕਲਾ’ ਟਾਈਮ ਟੀ.ਵੀ. ਨੂੰ ਅਜਿਹੀ ਪਹਿਚਾਣ ਦਿੱਤੀ ਕਿ ਦੁਨੀਆ ਭਰ ’ਚ ਚੜ੍ਹਦੀਕਲਾ ਟਾਈਮ ਟੀ.ਵੀ. ਨੂੰ ਸਥਾਪਿਤ ਕੀਤਾ। ਹਮੇਸ਼ਾ ਚੜ੍ਹਦੀਕਲਾ ਟਾਈਮ ਟੀ.ਵੀ. ਲਈ ਯਤਨਸ਼ੀਲ ਰਹਿਣਾ ਵਾਲਾ ‘ਸਤਬੀਰ’ ਸ਼ਾਇਦ ਹੀ ਚੈਨ ਦੀ ਨੀਂਦ ਸੁੱਤਾ ਹੋਵੇ। ਮੁਕਾਮ-ਦਰ-ਮੁਕਾਮ ਉਸ ਦਾ ਨਿਸ਼ਾਨਾ ਸੀ। ਨਿਸ਼ਾਨੇ ਤੈਅ ਕਰਕੇ ਟੀਚੇ ’ਤੇ ਪੁੱਜਣਾ ਉਸ ਦਾ ਸੁਪਨਾ ਹੁੰਦਾ ਸੀ, ਜੋ ਹੋਲੀ-ਹੋਲੀ ਉਹ ਸਰ ਕਰਦਾ ਰਿਹਾ। ‘ਸਤਬੀਰ’ ’ਚ ਆਪਣਾਪਣ ਅਤੇ ਕਿਸੇ ਨੂੰ ਆਪਣਾ ਬਣਾ ਲੈਣਾ ਉਸ ’ਚ ਵਿਸ਼ੇਸ਼ ਕਲਾ ਸੀ, ਜੋ ਵੀ ਉਸ ਦੇ ਨੇੜੇ-ਤੇੜੇ ਰਿਹਾ ਉਸ ਨੂੰ ਕਦੇ ਬੇਗਾਨਗੀ ਦਾ ਅਹਿਸਾਸ ਨਹੀਂ ਹੋਇਆ। ਉਸ ਨਾਲ ਸੰਗ ਕਰਨ ਵਾਲੇ ਏਹ ਗਵਾਹੀ ਭਰਦੇ ਹਨ ਕਿ ਸੱਚਮੁੱਚ ਹੀ ਉਹ ਵਿਲੱਖਣ ਸਖਸ਼ੀਅਤ ਸੀ। ਮਾਤਾ-ਪਿਤਾ ਦਾ ਆਗਿਆਕਾਰੀ, ਦੋਸਤਾਂ-ਮਿੱਤਰਾਂ ਅਤੇ ਸਮਾਜ ਦਾ ਹਰਮਨ ਪਿਆਰਾ ‘ਸਤਬੀਰ’ ਸਿੰਘ ਦਰਦੀ ਭਾਵੇਂ ਸਦੀਵੀ ਵਿਛੋੜਾ ਦੇ ਗਿਆ, ਪਰ ਉਹ ਹਮੇਸ਼ਾ ਸਾਡੇ ‘ਹਿਜਰਾਂ’ ਦੀ ਪਰਿਕਰਮਾ ਕਰਦਾ ਰਹੇਗਾ। ਦੁੱਖ ਏਸ ਕਰਕੇ ਵੱਡਾ ਹੈ ਕਿ ‘ਜੋਬਨ’ ਰੁੱਤੇ ‘ਸਤਬੀਰ’ ਦਾ ਚਲਿਆ ਜਾਣਾ ਦਿਲ ਨੂੰ ਗਵਾਰਾ ਨਹੀਂ ਹੈ।
ਕੰਵਰ ਸਿੰਘ ਬੇਦੀ
9814402428

Leave a Reply

Your email address will not be published. Required fields are marked *