ਪੰਜਾਬਪਟਿਆਲਾ

ਅਫ਼ਗਾਨ ਵਿਦਿਆਰਥੀਆਂ ਵੱਲੋਂ ਯੂਨੀਵਰਸਿਟੀ ਦੇ ਫ਼ੈਸਲੇ ਦਾ ਭਰਵਾਂ ਸਵਾਗਤ

ਸੋਸ਼ਲ ਮੀਡੀਆ ਉੱਪਰ ਪ੍ਰਗਟਾਈ ਖੁਸ਼ੀ

ਧੰਨਵਾਦ ਪ੍ਰਗਟਾਉਣ ਲਈ ਵਾਈਸ ਚਾਂਸਲਰ ਨਾਲ ਕੀਤੀ ਵਿਸ਼ੇਸ਼ ਮਿਲਣੀ

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਅਫ਼ਗਾਨ ਮੂਲ ਦੇ ਵਿਦਿਆਰਥੀਆਂ ਦੀ ਮਦਦ ਕਰ ਕੇ ਦੋ ਦੇਸਾਂ ਦਰਮਿਆਨ ਆਪਸੀ ਸਾਂਝ ਨੂੰ ਹੋਰ ਪਕੇਰਾ ਕਰਨ ਵਿੱਚ ਆਪਣਾ ਯੋਗਦਾਨ ਪਾਇਆ ਹੈ। ਇਸ ਤਾਜ਼ਾ ਸਹਾਇਤਾ ਨੇ ਸਿੱਧ ਕਰ ਦਿੱਤਾ ਹੈ ਕਿ ਭਾਰਤ ਅਤੇ ਅਫ਼ਗਾਨਿਸਤਾਨ ਆਪਸ ਵਿੱਚ ਬਹੁਤ ਚੰਗੇ ਮਿੱਤਰ ਹਨ ਅਤੇ ਬਣੇ ਰਹਿਣਗੇ।

ਇਹ ਵਿਚਾਰ ਪੰਜਾਬੀ ਯੂਨੀਵਰਸਿਟੀ ਵਿੱਚ ਪੀ-ਐੱਚ.ਡੀ. ਕਰ ਰਹੇ ਅਫ਼ਗਾਨ ਮੂਲ ਦੇ ਖੋਜਾਰਥੀ ਅਬਦੁਲ ਹਾਦੀ ਵੱਲੋਂ ਪ੍ਰਗਟਾਏ ਗਏ। ਜਿ਼ਕਰਯੋਗ ਹੈ ਕਿ 2021 ਦੇ ਮੌਜੂਦਾ ਸੈਸ਼ਨ ਦੌਰਾਨ 240 ਦੇ ਕਰੀਬ ਵਿਦੇਸ਼ੀ ਵਿਦਿਆਰਥੀ ਪੰਜਾਬੀ ਯੂਨੀਵਰਸਿਟੀ ਵਿਖੇ ਦਾਖਲ ਹੋਏ ਹਨ ਜੋ ਕਿ ਵੱਖ-ਵੱਖ ਗਰੈਜੂਏਟ, ਪੋਸਟ-ਗ੍ਰੈਜੂਏਟ ਅਤੇ ਪੀ-ਐੱਚ.ਡੀ. ਪ੍ਰੋਗਰਾਮਾਂ ਰਾਹੀਂ ਯੂਨੀਵਰਸਿਟੀ ਤੋਂ ਉਚੇਰੀ ਸਿੱਖਿਆ ਹਾਸਿਲ ਕਰ ਰਹੇ ਹਨ। ਇਨ੍ਹਾਂ ਵਿੱਚੋਂ 145 ਦੇ ਕਰੀਬ ਵਿਦਿਆਰਥੀ ਅਫ਼ਗਾਨਿਸਤਾਨ ਮੂਲ ਦੇ ਹਨ। ਇਸ ਸਮੇਂ ਇਨ੍ਹਾਂ ਵਿੱਚੋਂ 63 ਅਫ਼ਗਾਨ ਵਿਦਿਆਰਥੀ ਪੰਜਾਬੀ ਯੂਨੀਵਰਸਿਟੀ ਦੇ ਕੈਂਪਸ ਵਿੱਚ ਹਨ ਅਤੇ ਬਾਕੀ 80 ਉੱਥੋਂ ਦੇ ਹਾਲਾਤ ਕਾਰਨ ਆਪਣੇ ਦੇਸ ਵਿੱਚ ਹੀ ਹਨ ਜਿਨ੍ਹਾਂ ਦਾ ਇੱਥੇ ਪੰਜਾਬੀ ਯੂਨੀਵਰਿਸਟੀ ਆਉਣਾ ਸੰਭਵ ਨਹੀਂ। ਹੁਣ ਇਹ 80 ਵਿਦਿਆਰਥੀ ਆਨਲਾਈਨ ਵਿਧੀ ਰਾਹੀਂ ਆਪਣੀ ਪੜ੍ਹਾਈ ਜਾਰੀ ਰੱਖ ਸਕਣਗੇ ਅਤੇ ਇਸੇ ਵਿਧੀ ਰਾਹੀਂ ਪ੍ਰੀਖਿਆ ਵੀ ਦੇ ਸਕਣਗੇ।

ਯੂਨੀਵਰਸਿਟੀ ਦੇ ਅਫ਼ਗਾਨ ਮੂਲ ਦੇ ਵਿਦਿਆਰਥੀਆਂ ਵੱਲੋਂ ਧੰਨਵਾਦ ਦੇ ਅਜਿਹੇ ਭਾਵ ਪ੍ਰਗਟਾਉਣ ਲਈ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨਾਲ ਉਚੇਚੇ ਤੌਰ ਉੱਤੇ ਇਕ ਮਿਲਣੀ ਵੀ ਕੀਤੀ ਗਈ। ਇਸ ਮਿਲਣੀ ਦੌਰਾਨ ਸਮੂਹ ਵਿਦਿਆਰਥੀਆਂ ਵੱਲੋਂ ਵਾਈਸ ਚਾਂਸਲਰ ਪ੍ਰੋ. ਅਰਵਿੰਦ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦਾ ਮਾਣ ਹੋ ਰਿਹਾ ਹੈ ਕਿ ਉਨ੍ਹਾਂ ਨੇ ਆਪਣੀ ਉਚੇਰੀ ਸਿੱਖਿਆ ਲਈ ਪੰਜਾਬੀ ਯੂਨੀਵਰਸਿਟੀ ਨੂੰ ਚੁਣਿਆ ਹੈ।

ਪੀ-ਐੱਚ.ਡੀ. ਖੋਜਾਰਥੀ ਮੁਹੰਮਦ ਸਾਬਾਹ ਨੇ ਕਿਹਾ ਕਿ ਅਫ਼ਗਾਨਿਸਤਾਨ ਵਿਚਲੇ ਮੌਜੂਦਾ ਸੰਕਟ ਕਾਰਨ ਸਾਡੇ ਜੋ ਸਾਥੀ ਵਿਦਿਆਰਥੀ ਉੱਥੇ ਫ਼ਸ ਗਏ ਹਨ ਅਤੇ ਹੁਣ ਇੱਧਰ ਇੰਡੀਆ ਵਿੱਚ ਨਹੀਂ ਆ ਸਕਦੇ, ਉਨ੍ਹਾਂ ਲਈ ਆਪਣੀ ਪੜ੍ਹਾਈ ਪੂਰੀ ਕਰਨ ਦਾ ਸੁਪਨਾ ਟੁੱਟ ਗਿਆ ਸੀ ਪਰ ਪੰਜਾਬੀ ਯੂਨੀਵਰਸਿਟੀ ਨੇ ਇਸ ਸਮੇਂ ਬਹੁਤ ਹੀ ਸ਼ਲਾਘਾਯੋਗ ਫ਼ੈਸਲਾ ਲਿਆ ਕਿ ਉਹ ਆਪਣੀ ਪੜ੍ਹਾਈ ਆਨਲਾਈਨ ਵਿਧੀ ਰਾਹੀਂ ਪੂਰੀ ਕਰ ਸਕਦੇ ਹਨ ਅਤੇ ਪ੍ਰੀਖਿਆਵਾਂ ਵੀ ਆਨਲਾਈਨ ਵਿਧੀ ਰਾਹੀਂ ਦੇ ਸਕਦੇ ਹਨ।

ਖੋਜਾਰਥਣ ਗੁਲਨਿਗਾਰ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਸਾਡੇ ਅਫ਼ਗਾਨ ਵਿਦਿਆਰਥੀਆਂ ਨੂੰ ਹਰ ਸੰਭਵ ਮਦਦ ਸਹਾਇਤਾ ਪ੍ਰਦਾਨ ਕਰ ਰਹੀ ਹੈ ਜੋ ਕਿ ਸਲਾਹੁਣਯੋਗ ਕਾਰਜ ਹੈ। ਮੌਜੂਦਾ ਸਮੇਂ ਦੌਰਾਨ ਸਾਡੇ ਦੇਸ ਅਫ਼ਗਾਨਿਸਤਾਨ ਵਿੱਚ ਚੱਲ ਰਹੇ ਸੰਕਟ ਸਮੇਂ ਪੰਜਾਬੀ ਯੂਨੀਵਰਸਿਟੀ ਸਾਡੇ ਵਿਦਿਆਰਥੀਆਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹੀ ਹੈ। ਸਾਡੀ ਵਿੱਤੀ ਸਥਿਤੀ ਕਾਰਨ ਇਸ ਸਮੇਂ ਸਾਨੂੰ ਜੋ ਮੁਸ਼ਕਿਲਾਂ ਆ ਰਹੀਆਂ ਸਨ ਉਨ੍ਹਾਂ ਦੇ ਹੱਲ ਲਈ ਪੰਜਾਬੀ ਯੂਨੀਵਰਸਿਟੀ ਵੱਲੋਂ ਸਾਨੂੰ ਆਈ.ਸੀ.ਸੀ.ਆਰ. ਤੋਂ ਵਿਸ਼ੇਸ਼ ਸਕਾਲਰਸਿ਼ਪ ਪ੍ਰਾਪਤ ਕਰਨ ਵਿੱਚ ਬਹੁਤ ਜਿ਼ਆਦਾ ਮਦਦ ਕੀਤੀ ਹੈ।

ਵਾਈਸ ਚਾਂਸਲਰ ਨਾਲ ਇਸ ਮਿਲਣੀ ਸਮੇਂ ਵਿਦਿਆਰਥੀਆਂ ਵੱਲੋਂ ਯੂਨੀਵਰਸਿਟੀ ਦੇ ਅੰਤਰਰਾਸ਼ਟਰੀ ਡਾਇਰੈਕਟੋਰੇਟ ਦੇ ਡਾਇਰੈਕਟਰ ਅਤੇ ਇਸ ਦੇ ਸਟਾਫ਼ ਦੀ ਵਿਸ਼ੇਸ਼ ਤੌਰ ਤੇ ਸ਼ਲਾਘਾ ਕੀਤੀ ਗਈ। ਵਰਨਣਯੋਗ ਹੈ ਕਿ ਇਸ ਸੰਬੰਧੀ ਯੂਨੀਵਰਸਿਟੀ ਵੱਲੋਂ ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫ਼ਾਰਮਜ਼ ਉੱਪਰ ਜਾਰੀ ਕੀਤੀ ਗਈ ਜਾਣਕਾਰੀ ਨੂੰ ਵੀ ਚੁਫ਼ੇਰਿਉਂ ਸ਼ਲਾਘਾ ਪ੍ਰਾਪਤ ਹੋ ਰਹੀ ਹੈ।

Leave a Reply

Your email address will not be published. Required fields are marked *