ਦਿੱਲੀ ਗੁਰਦੁਆਰਾ ਕਮੇਟੀ ਨੇ ਜੇਲ ਵਿਚੋਂ ਰਿਹਾਅ ਹੋਏ ਕਿਸਾਨਾਂ ਦਾ ਲਾਲ ਕਿਲੇ ਸਾਹਮਣੇ ਕੀਤਾ ਸਨਮਾਨ
ਬਿਨਾ ਸਵਾਰਥ ਦੇ ਕਿਸਾਨਾਂ ਦੇ ਕੇਸ ਲੜਨ ਵਾਲੇ ਵਕੀਲਾਂ ਨੂੰ ਵੀ ਕੀਤਾ ਸਨਮਾਨਤ
ਕਿਸਾਨਾਂ ਨਾਲ ਡੱਟ ਕੇ ਖੜੇ ਹਾਂ ਤੇ ਖੜੇ ਰਹਾਂਗੇ : ਸਿਰਸਾ, ਕਾਲਕਾ
ਨਵੀਂ ਦਿੱਲੀ, 28 ਮਾਰਚ (ਮਨਪ੍ਰੀਤ ਵੋਹਰਾ/ਮਧੂਸਾਰ ਬਿਊਰੋ) ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 26 ਜਨਵਰੀ ਤੇ ਇਸ ਮਗਰੋਂ ਕਿਸਾਨ ਸੰਘਰਸ਼ ਦੌਰਾਨ ਗਿ੍ਰਫਤਾਰ ਕੀਤੇ ਗਏ ਤੇ ਇਸ ਵੱਲੋਂ ਰਿਹਾਅ ਕਰਵਾਏ ਕਿਸਾਨਾਂ ਦਾ ਅੱਜ ਇਥੇ ਲਾਲ ਕਿਲੇ ਦੇ ਸਾਹਮਣੇ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਵਿਖੇ ਸਨਮਾਨ ਕੀਤਾ।
ਇਹ ਸਨਮਾਨ ਸਮਾਗਮ ਸਵੇਰੇ ਹੋਇਆ ਜਦਕਿ ਸ਼ਾਮ ਵੇਲੇ ਗੁਰਦੁਆਰਾ ਬੰਗਲਾ ਸਾਹਿਬ ਵਿਚ ਇਹਨਾਂ ਕਿਸਾਨਾਂ ਦੇ ਬਿਨਾ ਸਵਾਰਥ ਕੇਸ ਲੜਨ ਵਾਲੇ ਵਕੀਲਾਂ ਦਾ ਸਨਮਾਨ ਕੀਤਾ ਗਿਆ।
ਇਸ ਮੌਕੇ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸ੍ਰੀ ਮਨਜਿੰਦਰ ਸਿੰਘ ਸਿਰਸਾ ਤੇ ਜਨਰਲ ਸਕੱਤਰ ਸ੍ਰੀ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਜੇਕਰ ਅਸੀਂ ਅੱਜ ਆਪਣੇ ਵੀਰਾਂ ਨਾਲ ਖੜੇ ਨਾ ਹੋਈਏ ਤਾਂ ਸਾਨੂੰ ਭਵਿੱਖੀ ਪੀੜੀ ਗੁਨਾਹਗਾਰ ਕਰਾਰ ਦੇਵੇਗੀ। ਉਹਨਾਂ ਕਿਹਾ ਕਿ ਜੇਕਰ ਬਿਨਾਂ ਕਾਰਨ ਤੇ ਬੇਕਸੂਰ ਗਿ੍ਰਫਤਾਰ ਕੀਤੇ ਗਏ ਇਹਨਾਂ ਕਿਸਾਨਾਂ ਨੂੰ ਨੂੰ ਵੱਖਵਾਦੀ ਕਿਹਾ ਜਾਵੇਗਾ ਤਾਂ ਫਿਰ ਕੱਲ ਅਜਿਹਾ ਵਕਤ ਆਵੇਗਾ ਜਦੋਂ ਸਰਕਾਰ ਨਾਲ ਜੁੜੇ ਲੋਕ ਸਾਡੇ ਦੁਆਲੇ ਹੋ ਜਾਣਗੇ। ਉਹਨਾਂ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਦੇ ਯਤਨਾਂ ਸਦਕਾ ਮਾਵਾਂ ਨੂੰ ਇਹ ਹੌਂਸਲੇ ਹੋ ਗਏ ਕਿ ਕਮੇਟੀ ਸਾਡੇ ਨਾਲ ਪੁੱਤਾਂ ਨਾਲ ਖੜੀ ਹੈ। ਉਹਨਾਂ ਕਿਹਾ ਕਿ ਇਹ ਸਭ ਦਿੱਲੀ ਦੀਆਂ ਸੰਗਤਾਂ ਸਦਕਾ ਹੋਇਆ ਹੈ।
ਉਹਨਾਂ ਕਿਹਾ ਕਿ ਇਹਨਾਂ ਕਿਸਾਨਾਂ ਵਿਚ ਇਕ ਧਰਮ ਦੇ ਲੋਕ ਨਹੀਂ ਬਲਕਿ ਹਰ ਧਰਮ ਦੇ ਲੋਕ ਸ਼ਾਮਲ ਹਨ। ਉਹਨਾਂ ਕਿਹਾ ਕਿ ਕਿਸਾਨ ਅੰਦੋਲਨ ਤੇ ਕਿਸਾਨਾਂ ਨੁੰ ਬਦਨਾਮ ਕਰਨ ਵਾਸਤੇ ਕੋਈ ਕਸਰ ਨਹੀਂ ਛੱਡੀ ਜਾ ਰਹੀ ਪਰ ਦਿੱਲੀ ਗੁਰਦਆਰਾ ਕਮੇਟੀ ਕਿਸਾਨਾਂ ਨਾਲ ਖੜੀ ਸੀ, ਖੜੀ ਹੈ ਤੇ ਖੜੀ ਰਹੇਗੀ।
ਇਸ ਮੌਕੇ ਤਿਹਾੜ ਜੇਲ ਵਿਚੋਂ ਰਿਹਾਅ ਹੋਏ ਨੌਜਵਾਨ ਰਣਜੀਤ ਸਿੰਘ ਨੇ ਦਿੱਲੀ ਗੁਰਦੁਆਰਾ ਕਮੇਟੀ, ਸ੍ਰੀ ਮਨਜਿੰਦਰ ਸਿੰਘ ਸਿਰਸਾ ਤੇ ਸਮੁੱਚੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਤੁਸੀਂ ਪਿਆਰ ਤੇ ਚੜਦੀਕਲਾ ਬਖ਼ਸ਼ੀ ਹੈ ਜਿਸਦੀ ਗੱਲ ਅਸੀਂ ਕਦੇ ਸੋਚੀ ਵੀ ਨਹੀਂ ਸੀ।
ਇਸ ਮਗਰੋਂ ਸ਼ਾਮ ਨੂੰ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸਮਾਗਮ ਹੋਇਆ ਜਿਥੇ ਇਹਨਾਂ ਕਿਸਾਨਾਂ ਦੇ ਬਿਨਾਂ ਸਵਾਰਥ ਕੇਸ ਲੜਨ ਵਾਲੇ ਸਾਰੇ ਵਕੀਲਾਂ ਦਾ ਸਨਮਾਨ ਕੀਤਾ ਗਿਆ।
ਇਸ ਮੌਕੇ ਸ੍ਰੀ ਸਿਰਸਾ ਤੇ ਸ੍ਰੀ ਕਾਲਕਾ ਨੇ ਕਿਹਾ ਕਿ ਇਹਨਾਂ ਵਕੀਲਾਂ ਨੇ ਬਿਨਾ ਸਵਾਰਥ ਕਿਸਾਨਾਂ ਦੇ ਕੇਸ ਲੜ ਕੇ ਉਹਨਾਂ ਦੀਆਂ ਜ਼ਮਾਨਤਾਂ ਉਹਨਾਂ ਧਾਰਾਵਾਂ ਅਧੀਨ ਕਰਵਾਈਆਂ ਹਨ ਜਿਹਨਾਂ ਧਾਰਾਵਾਂ ਤਹਿਤ ਜ਼ਮਾਨਤਾਂ ਹੋਣਾ ਸੰਭਵ ਹੀ ਨਹੀਂ ਸੀ। ਉਹਨਾਂ ਕਿਹਾ ਕਿ ਇਹ ਵਕੀਲਾਂ ਦੀ ਮਿਹਨਤ ਹੈ ਜਿਹਨਾਂ ਨੇ ਅਦਾਲਤਾਂ ਨੂੰ ਦੱਸਿਆ ਕਿ ਬੇਕਸੂਰ, ਨਿਰਦੋਸ਼ ਤੇ ਮਾਸੂਸ ਕਿਸਾਨਾਂ ਨੂੰ ਕਿਸ ਤਰੀਕੇ ਸਾਜ਼ਿਸ਼ ਅਧੀਨ ਫਸਾਇਆ ਗਿਆ ਤੇ ਇਹਨਾਂ ਵਕੀਲਾ ਦੀਆਂ ਦਲੀਲਾਂ ਨਾਲ ਸਹਿਮਤ ਹੋ ਕੇ ਅਦਾਲਤਾਂ ਨੇ ਗਿ੍ਰਫਤਾਰ ਕਿਸਾਨਾਂ ਨੂੰ ਜ਼ਮਾਨਤਾਂ ਦਿੱਤੀਆਂ। ਉਹਨਾਂ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਹਮੇਸ਼ਾ ਇਹਨਾਂ ਦੀ ਰਿਣੀ ਰਹੇਗੀ।
ਡੱਬੀ
ਗੁਰਦੁਆਰਾ ਸ਼ੀਸ਼ਗੰਜ ਸਾਹਿਬ ਵਿਖੇ ਨਵੇਂ ਲੰਗਰ ਹਾਲ ਤੇ ਰਸੋਈ ਦਾ ਹੋਇਆ ਉਦਘਾਟਨ
ਅੱਜ ਦੇ ਸਮਾਗਮ ਦੌਰਾਨ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲਿਆਂ ਨੇ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਵਿਚ ਨਵੀਂ ਤਿਆਰ ਕੀਤੀ ਰਸੋਈ ਤੇ ਲੰਗਰ ਹਾਲ ਦਾ ਉਦਘਾਟਨ ਕੀਤਾ। ਅਤਿ ਆਧੁਨਿਕ ਮਸ਼ੀਨਰੀ ਨਾਲ ਲੈਸ ਇਸ ਰਸੋਈ ਵਿਚ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਲਈ ਲੰਗਰ ਥੋੜੇ ਸਮੇਂ ਵਿਚ ਤਿਆਰ ਕੀਤਾਜਾ ਸਕਦਾ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਦੁਆਰਾ ਬੰਗਲਾ ਸਾਹਿਬ ਦੇ ਹੈਡ ਗ੍ਰੰਥੀ ਗਿਆਨ ਰਣਜੀਤ ਸਿੰਘ, ਲੀਗਲ ਸੈਲ ਦੇ ਚੇਅਰਮੈਨ ਸ੍ਰੀ ਜਗਦੀਪ ਸਿੰਘ ਕਾਹਲੋਂ, ਜਾਇੰਟ ਸਕੱਤਰ ਹਰਵਿੰਦਰ ਸਿੰਘ ਕੇ.ਪੀ, ਮੈਂਬਰ ਪਰਮਜੀਤ ਸਿੰਘ ਚੰਢੋਕ ਤੇ ਹੋਰ ਸ਼ਖਸ਼ੀਅਤਾਂ ਵੀ ਹਾਜ਼ਰ ਸਨ।

