ਅੰਮ੍ਰਿਤਸਰਪੰਜਾਬ

ਦੇਸ਼ ਅੰਦਰ ਘੱਟ ਗਿਣਤੀਆਂ ਵਿਰੁੱਧ ਨਫਰਤੀ ਮਾਹੌਲ ਮੰਦਭਾਗਾ : ਬਾਬਾ ਬਲਬੀਰ ਸਿੰਘ

ਦੇਸ਼ ਵਿੱਚ ਦਸਤਾਰ ਸੁਰੱਖਿਅਤ ਨਹੀਂ ਤਾਂ ਦੇਸ਼ ਵੀ ਸੁਰੱਖਿਅਤ ਨਹੀ

ਅਨੰਦਪੁਰ ਸਾਹਿਬ, 26 ਫਰਵਰੀ (ਸੋਨੂੰ ਨਰੂਲਾ/ਮਧੂਸਾਰ ਬਿਊਰੋ) -ਕਰਨਾਟਕ ਦੇ ਬੈਂਗਲੂਰ ਸ਼ਹਿਰ ਵਿੱਚ ਕਾਲਜ ਅਤੇ ਸਕੂਲਾਂ ਵਿੱਚ ਦਸਤਾਰ, ਧਾਰਮਿਕ ਕਰਾਰਾਂ ਨੂੰ ਨਿਸ਼ਾਨਾ ਬਣਾ ਕੇ ਵਿਦਿਅਕ ਸੰਸਥਾਵਾਂ ਵਿੱਚ ਦਸਤਾਰਧਾਰੀ ਬੱਚਿਆਂ ਨੂੰ ਦਾਖਲਾ ਨਾ ਦਿੱਤੇ ਜਾਣ ਸਬੰਧੀ ਬੁੱਢਾ ਦਲ ਦੇ ਸਕੱਤਰ ਸ੍ਰ. ਦਿਲਜੀਤ ਸਿੰਘ ਬੇਦੀ ਵੱਲੋਂ ਜਾਰੀ ਬਿਆਨ ਵਿੱਚ ਨਿਹੰਗ ਸਿੰਘਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਚਲਦਾ ਵਹੀਰ ਚੱਕ੍ਰਵਰਤੀ ਦੇ 14ਵੇਂ ਮੁਖੀ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ, ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਦਸਤਾਰ ਅਤੇ ਧਾਰਮਿਕ ਚਿੰਨ੍ਹਾਂ/ਕਕਾਰਾਂ ਸਬੰਧੀ ਛਿੜ ਰਹੇ ਵਿਵਾਦ ਤੇ ਬਹੁਤ ਅਫਸੋਸ ਤੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਦੇਸ਼ ਵਿੱਚ ਲਗਾਤਾਰ ਇਸ ਤਰ੍ਹਾਂ ਦਾ ਮਾਹੌਲ ਬਣਾਇਆ ਜਾ ਰਿਹਾ ਹੈ ਜਿਸ ਨਾਲ ਵੱਖ-ਵੱਖ ਭਾਈਚਾਰਿਆਂ ਵਿੱਚ ਨਫਰਤ ਅਤੇ ਟਕਰਾਅ ਦੇ ਹਾਲਾਤ ਬਣਦੇ ਜਾ ਰਹੇ ਹਨ।

ਘੱਟ ਗਿਣਤੀਆਂ ਖਿਲਾਫ ਹਰ ਰੋਜ਼ ਕੋਈ ਨਾ ਕੋਈ ਬੇਲੋੜਾ ਮਸਲਾ ਖੜਾ ਕਰਕੇ ਖੁਦ ਹੀ ਵਿਵਾਦ ਪੈਦਾ ਕੀਤਾ ਜਾਂਦਾ ਹੈ।ਪਹਿਲਾਂ ਹਿਜ਼ਾਬ ਪਹਿਨਣ ਤੇ ਵਿਵਾਦ ਖੜ੍ਹਾ ਕੀਤਾ ਗਿਆ।ਹੁਣ ਸਿੱਖ ਭਾਈਚਾਰੇ ਨੂੰ ਨਿਸ਼ਾਨਾ ਬਣਾ ਕੇ ਦਸਤਾਰ ਅਤੇ ਕਕਾਰਾਂ ਦੇ ਵਿਰੋਧ ਵਿੱਚ ਮਾਹੌਲ ਸਿਰਜਿਆ ਜਾ ਰਿਹਾ ਹੈ।ਇਹ ਵਰਤਾਰਾ ਬਹੁਤ ਹੀ ਮੰਦਭਾਗਾ ਅਤੇ ਖਤਰਨਾਕ ਹੈ।ਇਸ ਦੇ ਨਤੀਜੇ ਬਹੁਤ ਬੁਰੇ ਨਿਕਲ ਸਕਦੇ ਹਨ। ਗੁਰਦੁਆਰਾ ਗੁਰੂ ਕਾ ਬਾਗ ਛਾਉਣੀ ਬੁੱਢਾ ਦਲ ਨਿਹੰਗ ਸਿੰਘਾਂ ਤੋਂ ਸਕੱਤਰ ਸ੍ਰ. ਦਿਲਜੀਤ ਸਿੰਘ ਬੇਦੀ ਵੱਲੋ ਜਾਰੀ ਇੱਕ ਲਿਖਤੀ ਪ੍ਰੈਸ ਬਿਆਨ ਵਿੱਚ ਬਾਬਾ ਬਲਬੀਰ ਸਿੰਘ ਅਕਾਲੀ ਨੇ ਕਿਹਾ ਪਹਿਲਾਂ ਕਰਨਾਟਕ ਦੇ ਬੈਂਗਲੁਰੂ ਸ਼ਹਿਰ ਵਿਖੇ ਇੱਕ ਕਾਲਜ ਵਿੱਚ ਅੰਮ੍ਰਿਤਧਾਰੀ ਸਿੱਖ ਲੜਕੀ ਨੂੰ ਦਸਤਾਰ ਪਹਿਨਣ ਤੋਂ ਰੋਕਿਆ ਗਿਆ।ਹੁਣ ਦਸਤਾਰਧਾਰੀ ਸਿੱਖ ਬੱਚੇ ਨੂੰ ਇੱਕ ਸਕੂਲ ਵਿੱਚ ਦਾਖਲਾ ਦੇਣ ਤੋਂ ਇਨਕਾਰ ਕਰ ਦਿਤਾ ਗਿਆ ਹੈ ਤੇ ਬਹਾਨਾ ਕਰਨਾਟਕਾ ਦੀ ਅਦਾਲਤ ਵਲੋਂ ਹਿਜਾਬ ਦੇ ਸਬੰਧ ਵਿੱਚ ਲਏ ਫੈਸਲੇ ਨੂੰ ਆਧਾਰ ਬਨਾਇਆ ਜਾ ਰਿਹਾ ਹੈ ।ਹੁਣ ਸਿੱਖ ਭਾਈਚਾਰੇ ਦਾ ਨਿਆਰਾ ਪਨ ਫਿਰਕੂ ਅਨਸਰਾਂ ਦੇ ਨਿਸ਼ਾਨੇ ਉੱਪਰ ਹੈ।

ਇਹ ਅਨਸਰ ਸੱਤਾ ਦੀ ਸਰਪ੍ਰਸਤੀ ਹੇਠ ਘੱਟ ਗਿਣਤੀਆਂ ਨੂੰ ਜ਼ਲੀਲ ਕਰ ਰਹੇ ਹਨ।ਇਹ ਸਿੱਖਾਂ ਅਤੇ ਹੋਰ ਘੱਟ ਗਿਣਤੀਆਂ ਦੀਆਂ ਧਾਰਮਿਕ ਰਵਾਇਤਾਂ ਅਤੇ ਅਧਿਕਾਰਾਂਚ ਸਿੱਧੀ ਦਖਲ ਅੰਦਾਜ਼ੀ ਹੈ।ਧਰਮ ਦੀ ਅਜ਼ਾਦੀ ਲਈ ਸੰਵਿਧਾਨ ਵੀ ਇਨ੍ਹਾਂ ਅਧਿਕਾਰਾਂ ਨੂੰ ਮਾਨਤਾ ਦਿੰਦਾ ਹੈ।ਕੁਝ ਅਨਸਰ ਇਨ੍ਹਾਂ ਘਟਨਾਵਾਂ ਦੇ ਆਧਾਰ ਉੱਪਰ ਦੇਸ਼ ਵਿੱਚ ਅਫਰਾ-ਤਫਰੀ ਦਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਜੋ ਇਸ ਦੇ ਬਹਾਨੇ ਘੱਟ ਗਿਣਤੀਆਂ ਨੂੰ ਜ਼ੁਲਮ-ਤਸ਼ੱਦਦ ਦਾ ਨਿਸ਼ਾਨਾ ਬਣਾਇਆ ਜਾ ਸਕੇ।ਉਨ੍ਹਾਂ ਕਿਹਾ ਇਹ ਹੈਰਾਨੀ ਦੀ ਗੱਲ ਹੈ ਕਿ ਇਸ ਤਰਾਂ ਦੇ ਵਰਤਾਰੇ ਨੂੰ ਕੇਂਦਰ ਸਰਕਾਰ ਤਮਾਸ਼ਬੀਨ ਬਣ ਕੇ ਦੇਖ ਰਹੀ ਹੈ।ਦੇਸ਼ ਦੀਆਂ ਅਦਾਲਤਾਂ ਵੀ ਅਜਿਹੀ ਫਿਰਕੂ ਮਾਨਸਿਕਤਾ ਨੂੰ ਸਮਰਥਨ ਦੇ ਰਹੀਆਂ ਹਨ।ਉਨ੍ਹਾਂ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਲਾਜ਼ਮੀ ਤੌਰ `ਤੇ ਇਹ ਸਮੁੱਚਾ ਵਰਤਾਰਾ ਦੇਸ਼ ਦੀ ਏਕਤਾ ਨੂੰ ਤੋੜਨ ਵੱਲ ਲਿਜਾ ਰਿਹਾ ਹੈ।ਸਰਕਾਰ ਇਸ ਤਰ੍ਹਾਂ ਦੇ ਮੰਦਭਾਗੇ ਵਰਤਾਰੇ ਨੂੰ ਰੋਕਣ ਲਈ ਤੁਰੰਤ ਹਰਕਤ ਵਿੱਚ ਆਵੇ ਨਹੀਂ ਤਾਂ ਪੂਰੇ ਮੁਲਕ ਵਿੱਚ ਅਰਾਜਕਤਾ ਦਾ ਮਾਹੌਲ ਬਣ ਜਾਵੇਗਾ।ਉਨ੍ਹਾਂ ਕਿਹਾ ਕਿ ਬਦਅਮਨੀ ਦਾ ਮਾਹੌਲ ਨਾ ਬਨਣ ਦੇਣ ਲਈ ਇਹ ਬਹੁਤ ਜ਼ਰੂਰੀ ਹੈ ਕਿ ਕੇਂਦਰ ਸਰਕਾਰ ਇਸ ਤਰ੍ਹਾਂ ਦੇ ਮੰਦਭਾਗੇ ਵਰਤਾਰੇ ਨੂੰ ਰੋਕਣ ਲਈ ਤੁਰੰਤ ਹਰਕਤ ਵਿੱਚ ਆਵੇ।ਉਨ੍ਹਾਂ ਕਿਹਾ ਜੇਕਰ ਦਸਤਾਰ ਨਾ ਰਹੀ ਤਾਂ ਮੁਲਕ ਦੀ ਹੋਂਦ ਵੀ ਖਤਰੇ ਵਿੱਚ ਪੈ ਜਾਵੇਗੀ।

Leave a Reply

Your email address will not be published. Required fields are marked *