ਪੰਜਾਬ

ਵਿਸਾਖੀ ਪੂਰੇ ਜਾਹੋ ਜਲਾਲ ਨਾਲ ਮਨਾਉਣ ਲਈ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਹੁਮ ਹਮਾ ਕੇ ਦਮਦਮਾ ਸਾਹਿਬ ਪੁੱਜਣ: ਜਥੇਦਾਰ ਬਾਬਾ ਬਲਬੀਰ ਸਿੰਘ

ਬੁੱਢਾ ਦਲ ਵੱਲੋਂ ਹੋਣਗੇ ਵਿਸ਼ੇਸ਼ ਗਤਕਾ ਮੁਕਾਬਲੇ : ਦਲਜੀਤ ਸਿੰਘ ਬੇਦੀ ਬੇਦੀ
ਤਲਵੰਡੀ ਸਾਬੋ,ਦਮਦਮਾ ਸਾਹਿਬ 10 ਅਪ੍ਰੈਲ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸਾਰੇ ਨਿਹੰਗ ਸਿੰਘ ਦਲਾਂ ਪੰਥਾਂ ਦੇ ਮੁਖੀ ਜਥੇਦਾਰਾਂ ਨੇ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ, ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ 14ਵੇਂ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਦੀ ਅਗਵਾਈ ਵਿੱਚ ਸਾਂਝੇ ਤੌਰ ਤੇ ਗੁਰਮਤਾ ਕੀਤਾ ਹੈ ਕਿ ਗੁਰੂ ਪਾਤਸ਼ਾਹਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ ਪੁਰਾਤਨ ਰਵਾਇਤ ਅਨੁਸਾਰ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਵਿਸਾਖੀ ਪੂਰੇ ਖਾਲਸਾਹੀ ਜਾਹੋ ਜਲਾਲ ਨਾਲ ਮਨਾਉਣ ਲਈ ਵੱਧ ਚੜ੍ਹ ਕੇ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਪੁਜਣ।

ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ 96ਵੇਂ ਕਰੋੜੀ ਨੇ ਕਿਹਾ ਕਿ ਸਮੂਹ ਨਿਹੰਗ ਸਿੰਘ ਦਲਾਂ ਤੇ ਸੰਗਤਾਂ ਦੇ ਸਹਿਯੋਗ ਨਾਲ 12, 13 ਤੇ 14 ਅਪ੍ਰੈਲ ਨੂੰ ਵਿਸਾਖੀ ਪੂਰੇ ਖ਼ਾਲਸਾਈ ਜਾਹੋ-ਜਲਾਲ ਤੇ ਸ਼ਾਨੋ-ਸ਼ੌਕਤ ਨਾਲ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਤੇ ਮਨਾਈ ਜਾਵੇਗੀ।ਇਸ ਬਾਰੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸ਼੍ਰੋਮਣੀ ਸੇਵਾ ਰਤਨ, ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96ਵੇਂ ਕਰੋੜੀ ਨੇ ਦੱਸਿਆ ਕਿ ਗੁਰੂ ਸਾਹਿਬ ਵੱਲੋਂ ਵਰੋਸਾਏ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵਲੋਂ ਵਿਸਾਖੀ ਦਾ ਤਿਉਹਾਰ ਹਰ ਸਾਲ ਸਾਰੇ ਨਿਹੰਗ ਸਿੰਘਾਂ ਦਲਾਂ ਦੇ ਸਹਿਯੋਗ ਨਾਲ ਖਾਲਸਾਈ ਪ੍ਰੰਪਰਾਵਾਂ ਅਨੁਸਾਰ ਮਨਾਇਆ ਜਾਂਦਾ ਹੈ।ਇਸ ਵਾਰ ਵੀ ਅੱਗੇ ਨਾਲੋਂ ਵੀ ਵੱਧ ਚੜ ਕੇ ਮਨਾਇਆ ਜਾਵੇਗਾ।
ਉਨਾਂ ਕਿਹਾ ਕਿ ਇਸ ਵਾਰ ਵੀ ਵਿਸਾਖੀ ਦੇ ਮੌਕੇ ਤੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ 96ਵੇਂ ਕਰੋੜੀ ਵੱਲੋਂ ਵਿਸ਼ੇਸ਼ ਪ੍ਰੋਗਰਾਮ ਉਲੀਕੇ ਗਏ ਹਨ। ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿਹਾ ਕਿ ਲੱਖਾਂ ਦੀ ਗਿਣਤੀ ’ਚ ਪੁੱਜਣ ਵਾਲੀ ਸੰਗਤ ਦੇ ਰਹਿਣ ਸਹਿਣ ਤੇ ਸੁੱਖ-ਸਹੂਲਤ ਦਾ ਵਿਸ਼ੇਸ਼ ਪ੍ਰਬੰਧ ਕਰਦਿਆਂ ਦੁਰਘਟਨਾ ਬੀਮਾ ਯੋਜਨਾ ਦਾ ਵੀ ਅਗਾਊਂ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ।
ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੀ ਸਥਾਨਕ ਛਾਉਣੀ ਗੁ: ਬਟਰ ਸਾਹਿਬ ਦੇਗਸਰ ਸਾਹਿਬ ਤੋਂ ਪ੍ਰੈਸ ਨੋਟ ਜਾਰੀ ਕਰਦਿਆਂ ਦਲ ਦੇ ਸਕੱਤਰ ਦਿਲਜੀਤ ਸਿੰਘ ਬੇਦੀ ਨੇ ਕਿਹਾ ਕਿ ਨਿਹੰਗ ਸਿੰਘ ਦਲ ਪੰਥਾਂ ਦੇ ਮੁਖੀਆਂ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ, ਜਥੇ: ਬਾਬਾ ਗੱਜਣ ਸਿੰਘ, ਜਥੇ: ਬਾਬਾ ਅਵਤਾਰ ਸਿੰਘ, ਜਥੇ: ਬਾਬਾ ਨਿਹਾਲ ਸਿੰਘ ਨੇ ਗੁਰਮਤਿ ਵਿਚਾਰਾਂ ਉਪਰੰਤ ਗੁਰਮਤਾ ਕੀਤਾ ਅਤੇ ਸਮੂਹ ਸੰਗਤਾਂ ਨੂੰ ਵੱਧ ਚੜ੍ਹ ਕੇ ਵਿਸਾਖੀ ਮੌਕੇ ਸ੍ਰੀ ਦਮਦਮਾ ਸਾਹਿਬ ਪੁੱਜਣ ਲਈ ਸੱਦਾ ਦਿੱਤਾ ਹੈ।ਉਨ੍ਹਾਂ ਕਿਹਾ ਇਸ ਵਾਰ 13, 14 ਅਪ੍ਰੈਲ ਨੂੰ ਛਾਉਣੀ ਨਿਹੰਗ ਸਿੰਘਾਂ, ਬੁੱਢਾ ਦਲ ਦੇ ਹੈੱਡਕੁਆਟਰ ਗੁਰਦੁਆਰਾ ਬੇਰ ਸਾਹਿਬ, ਦੇਗਸਰ ਪਾ: ਦਸਵੀਂ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਸਿੱਖ ਜੰਗਜੂ ਕਲਾ ਦਾ ਪ੍ਰਤੀਕ ਗਤਕੇ ਦੇ ਮੁਕਾਬਲੇ ਕਰਵਾਏ ਜਾਣਗੇ, ਜਿਸ ਵਿਚ ਪਹਿਲੇ, ਦੂਜੇ ਤੇ ਤੀਜੇ ਨੰਬਰ ਤੇ ਆਉਣ ਵਾਲੀਆਂ ਟੀਮਾਂ ਨੂੰ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਆਪਣੇ ਕਰ ਕਮਲਾਂ ਨਾਲ ਵਿਸ਼ੇਸ਼ ਇਨਾਮ ਤਕਸੀਮ ਕਰਨਗੇ। ਸ. ਬੇਦੀ ਨੇ ਦੱਸਿਆ ਕਿ 14 ਅਪ੍ਰੈਲ ਨੂੰ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸ਼੍ਰੋਮਣੀ ਸੇਵਾ ਰਤਨ, ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96ਵੇਂ ਕਰੋੜੀ 14ਵੇਂ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਦੀ ਅਗਵਾਈ ਅਤੇ ਇਤਿਹਾਸਕ ਨਿਸ਼ਾਨਾਂ ਦੀ ਛਤਰ ਛਾਇਆ ਹੇਠ ਹਰ ਸਾਲ ਦੀ ਤਰ੍ਹਾਂ ਸਮੂਹ ਨਿਹੰਗ ਸਿੰਘ ਦਲਾਂ ਦੇ ਸਹਿਯੋਗ ਨਾਲ ਛਾਉਣੀ ਬੁੱਢਾ ਦਲ ਤੋਂ ਮਹੱਲਾ ਕੱਢਿਆ ਜਾਵੇਗਾ।

Leave a Reply

Your email address will not be published. Required fields are marked *