ਕੇ. ਐੱਮ. ਪੀ. ਐਕਸਪ੍ਰੈੱਸ ਵੇਅ ’ਤੇ ਕਿਸਾਨਾਂ ਨੇ ਕੀਤਾ ਚੱਕਾ ਜਾਮ !
ਚੰਡੀਗ੍ਹੜ੍ਹ 10 ਅਪ੍ਰੈਲ (ਮਧੂਸਾਰ ਬਿਊਰੋ) ਕੇਂਦਰ ਸਰਕਾਰ ਦੇ ਤਿੰਨ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਅੰਦੋਲਨ ਤੇਜ਼ ਕਰਦੇ ਹੋਏ ਕਿਸਾਨਾਂ ਨੇ ਅੱਜ ਯਾਨੀ ਕਿ ਸ਼ਨੀਵਾਰ ਨੂੰ 24 ਘੰਟਿਆਂ ਲਈ ਕੁੰਡਲੀ-ਮਾਨੇਸਰ-ਪਲਵਲ (ਕੇ. ਐੱਮ. ਪੀ.) ਐਕਸਪ੍ਰੈੱਸ ਵੇਅ ਨੂੰ ਜਾਮ ਕੀਤਾ ਹੈ।
ਕਿਸਾਨਾਂ ਨੇ ਸਵੇਰੇ 8 ਵਜੇ ਤੋਂ ਐਕਸਪ੍ਰੈੱਸ ਵੇਅ ਬੰਦ ਕੀਤਾ ਅਤੇ 24 ਘੰਟਿਆਂ ਤੱਕ ਬੰਦ ਰੱਖਣ ਦੀ ਅਪੀਲ ਕੀਤੀ ਹੈ। ਦਰਅਸਲ ਸੰਯੁਕਤ ਕਿਸਾਨ ਮੋਰਚਾ ਨੇ ਸ਼ੁੱਕਰਵਾਰ ਨੂੰ ਕੇ. ਐੱਮ. ਪੀ. ਐਕਸਪ੍ਰੈੱਸ ਵੇਅ 24 ਘੰਟਿਆਂ ਲਈ ਜਾਮ ਕਰਨ ਦੀ ਅਪੀਲ ਕੀਤੀ ਸੀ। ਕਰੀਬ 136 ਕਿਲੋਮੀਟਰ ਲੰਬੇ ਇਸ ਐਕਸਪ੍ਰੈੱਸ ਵੇਅ ਨੂੰ ਵੈਸਟਰਨ ਪੈਰੀਫੇਰਲ ਐਕਸਪ੍ਰੈੱਸ ਵੇਅ ਦੇ ਨਾਂ ਤੋਂ ਜਾਣਿਆ ਜਾਂਦਾ ਹੈ।
ਫ਼ਿਲਹਾਲ ਪ੍ਰਦਰਸ਼ਨਕਾਰੀ ਕਿਸਾਨਾਂ ਨੇ ਕਿਹਾ ਕਿ ਐਮਰਜੈਂਸੀ ਵਾਹਨਾਂ ਦੀ ਆਵਾਜਾਈ ਦੀ ਆਗਿਆ ਦਿੱਤੀ ਜਾਵੇਗੀ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਖੇਤੀ ਕਾਨੂੰਨ ਰੱਦ ਹੋਣ ਤੱਕ ਅੰਦੋਲਨ ਜਾਰੀ ਰੱਖਣਗੇ। ਇਸ ਦਰਮਿਆਨ ਇਫਕੋ ਨੇ ਖਾਦਾਂ ਦੀ ਕੀਮਤ ਵਿਚ ਭਾਰੀ ਵਾਧਾ ਕਰ ਦਿੱਤਾ ਹੈ। ਸਰਕਾਰ ਨੇ ਕੰਟਰੋਲ ਵਾਲੇ ਯੂਰੀਏ ਨੂੰ ਛੱਡ ਕੇ ਹੋਰ ਖਾਦਾਂ ਦੀ ਕੀਮਤ 45 ਤੋਂ 58 ਫ਼ੀਸਦੀ ਤੱਕ ਵਧਾ ਦਿੱਤੀ ਹੈ। ਇਸ ਤਰ੍ਹਾਂ ਦਾ ਫ਼ੈਸਲਾ ਕਿਸਾਨਾਂ ਦੇ ਜ਼ਖਮਾਂ ’ਤੇ ਲੂਣ ਛਿੜਕਣ ਵਰਗਾ ਹੈ।

