ਗੁਰਦੁਆਰਾ ਸੰਤ ਕੰਬਲੀ ਵਾਲਾ ਵਿਖੇ ਮਨਾਇਆ ਗਿਆ ਖਾਲਸਾ ਸਾਜਨਾ ਦਿਵਸ
ਸੰਤ ਬਾਬਾ ਨਛੱਤਰ ਸਿੰਘ ਦੀ ਯੋਗ ਅਗਵਾਈ ’ਚ ਧਾਰਮਕ ਸਮਾਗਮ ਦਾ ਆਯੋਜਨ
ਵੱਖ-ਵੱਖ ਸਖਸ਼ੀਅਤਾਂ ਨੂੰ ਕੀਤਾ ਸਨਮਾਨਤ
ਪਟਿਆਲਾ 14 ਅਪ੍ਰੈਲ (ਮਧੂਸਾਰ ਬਿਊਰੋ) ਗੁਰਦੁਆਰਾ ਸੰਤ ਕੰਬਲੀ ਵਾਲਾ ਵਿਖੇ ਸੰਤ ਬਾਬਾ ਨਛੱਤਰ ਸਿੰਘ ਕਾਲੀ ਕੰਬਲੀ ਵਾਲਿਆਂ ਦੀ ਯੋਗ ਅਗਵਾਈ ’ਚ ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਧਾਰਮਕ ਸਮਾਗਮ ਕਰਵਾਇਆ ਗਿਆ।
ਇਸ ਮੌਕੇ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਰਖਾਏ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਅਤੇ ਕੀਰਤਨੀ ਜਥਿਆਂ ਨੇ ਗੁਰਬਾਣੀ ਸਰਵਣ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਸੰਤ ਬਾਬਾ ਨਛੱਤਰ ਸਿੰਘ ਕਾਲੀ ਕੰਬਲੀ ਵਾਲਿਆਂ ਨੇ ਸੰਗਤਾਂ ਨੂੰ ਖਾਲਸਾ ਸਾਜਨਾ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਅੱਜ ਸਮਾਜਕ ਤਾਣੇ ਵਿਚੋਂ ਬਾਹਰ ਨਿਕਲ ਕੇ ਮਨੁੱਖ ਨੂੰ ਦਸਮ ਪਿਤਾ ਵੱਲੋਂ ਵਿਖਾਏ ਮਾਰਗ ’ਤੇ ਚੱਲਕੇ ਬਾਣੀ ਤੇ ਬਾਣੇ ਦਾ ਧਾਰਨੀ ਬਣਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਖਾਲਸਾ ਪੰਥ ਦੀ ਸਾਜਨਾ ਨਾਲ ਸਿੱਖ ਕੌਮ ਨੂੰ ਵਿਲੱਖਣ, ਅੱਡਰੀ ਅਤੇ ਨਿਵਕੇਲੀ ਪਹਿਚਾਣ ਮਿਲੀ ਹੈ। ਉਨ੍ਹਾਂ ਕਿਹਾ ਕਿ ਦਸਮ ਪਿਤਾ ਦੀ ਗੁਰਬਾਣੀ ਅਤੇ ਸਿਧਾਂਤਕ ਫਲਸਫੇ ਨੂੰ ਅਮਲੀਜਾਮਾ ਪਹਿਨਾਉਣਾ ਅੱਜ ਸਮੁੱਚੀ ਲੋਕਾਈ ਨੂੰ ਸ਼ਬਦ ਗੁਰੂ ਨਾਲ ਜੁੜਕੇ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਚਲਾਏ ਨਿਰਮਲੇ ਪੰਥ ਨੂੰ ਹੋਰ ਵੀ ਅਗਾਂਹ ਲਿਜਾਣ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੁੱਖ ਪ੍ਰਬੰਧਕ ਭਾਈ ਗੁਰਦੀਪ ਸਿੰਘ ਕਾਲੀ ਕੰਬਲੀ ਵਾਲਿਆਂ ਨੇ ਸਮੁੱਚੀ ਸੰਗਤਾਂ ਅਤੇ ਪੁੱਜੀਆਂ ਧਾਰਮਕ ਸਖਸ਼ੀਅਤਾਂ ਨੂੰ ਖਾਲਸਾ ਸਾਜਨਾ ਦਿਵਸ ਦੀ ਵਧਾਈ ਦਿੱਤੀ ਅਤੇ ਸ਼ਬਦ ਗੁਰੂ ਦੇ ਪ੍ਰਚਾਰ ਪਸਾਰ ਕਰਨ ਲਈ ਪ੍ਰੇਰਿਆ। ਇਸ ਮੌਕੇ ਗੁਰਦੁਆਰਾ ਸਾਹਿਬ ਵਿਖੇ ਸੰਗਤਾਂ ਲਈ ਅੰਮਿ੍ਰਤ ਸੰਚਾਰ ਵੀ ਕਰਵਾਇਆ ਅਤੇ ਖੰਡੇ ਬਾਟੇ ਦੀ ਪਾਹੁਲ ਪ੍ਰਾਪਤ ਕਰਨ ਵਾਲਿਆਂ ਨੂੰ ਰਹਿਤ ’ਚ ਰਹਿਣ ਦੀ ਜੀਵਨ ਅਤੇ ਗੁਰਬਾਣੀ ਦੇ ਫਲਸਫੇ ਨਾਲ ਜੁੜਨ ਦੀ ਪ੍ਰੇਰਿਆ। ਇਸ ਮੌਕੇ ਗੁਰਦੁਆਰਾ ਸੰਤ ਬਾਬਾ ਨਛੱਤਰ ਸਿੰਘ ਕਾਲੀ ਕੰਬਲੀ ਵਾਲਿਆਂ ਨੇ ਪੁੱਜੀਆਂ ਵੱਖ-ਵੱਖ ਸਖਸ਼ੀਅਤਾਂ ਨੂੰ ਸਿਰੋਪਾਓ ਦੇ ਕੇ ਸਨਮਾਨਤ ਵੀ ਕੀਤਾ। ਇਸ ਮੌਕੇ ਸਨਮਾਨਤ ਕੀਤੀਆਂ ਸਖਸ਼ੀਅਤਾਂ ਵਿਚ ਸ. ਅਮਰਜੀਤ ਸਿੰਘ ਸੰਧੂ ਯੂ.ਕੇ. ਅਤੇ ਸਮੁੱਚਾ ਪਰਿਵਾਰ ਤੋਂ ਬੀਬੀ ਪ੍ਰਦੀਪ ਕੌਰ, ਬੀਬੀ ਗੁਰਜੀਤ ਕੌਰ, ਬੀਬੀ ਅਮਰਜੀਤ ਕੌਰ ਨਾਗੀ, ਬੀਬੀ ਗੁਰਨਾਮ ਕੌਰ, ਬੀਬੀ ਸੁਰਿੰਦਰ ਕੌਰ, ਬੀਬੀ ਅਮਨ ਕੌਰ, ਬੀਬੀ ਮਨਜੀਤ ਕੌਰ ਆਦਿ ਵੀ ਸ਼ਾਮਲ ਸਨ। ਧਾਰਮਕ ਸਮਾਗਮ ਦੌਰਾਨ ਮੁੱਖ ਪ੍ਰਬੰਧਕ ਭਾਈ ਗੁਰਦੀਪ ਸਿੰਘ ਨੇ ਜਾਣਕਾਰੀ ਦਿੱਤੀ ਕਿ ਬੀਬੀ ਮਨਦੀਪ ਕੌਰ ਨੂੰ ਗੁਰਦੁਆਰਾ ਸਾਹਿਬ ਨਾਲ ਸਬੰਧਤ ਸੁਖਮਨੀ ਸੇਵਾ ਸੁਸਾਇਟੀ ਦੇ ਕਾਰਜਾਂ ਦੀ ਜ਼ਿੰਮੇਵਾਰੀ ਵੀ ਸੌਂਪੀ ਗਈ ਹੈ।

