ਪਾਵਰਕਾਮ ਦੇ ਬਾਹਰ ਆਸ਼ਰਿਤ ਮੈਂਬਰਾਂ ਵੱਲੋਂ ਆਤਮਦਾਹ ਦੀ ਕੋਸ਼ਿਸ਼ ! ਤਿੰਨੋਂ ਗੇਟ ਬੰਦ ਕਰਕੇ ਕੀਤੀ ਨਾਅਰੇਬਾਜ਼ੀ
ਬਿਜਲੀ ਬੋਰਡ ਮੈਨੇਜਮੈਂਟ ਨਾਲ ਆਸ਼ਰਿਤ ਮੈਂਬਰਾਂ ਦੀ ਮੀਟਿੰਗ ਰਹੀ ਬੇਸਿੱਟਾ
ਪਟਿਆਲਾ 19 ਅਪ੍ਰੈਲ (ਰਮਨਦੀਪ/ਮਧੂਸਾਰ ਬਿਊਰੋ) ਬਿਜਲੀ ਬੋਰਡ ਮੁੱਖ ਦਫਤਰ ਦੇ ਬਾਹਰ ਆਸ਼ਰਿਤ ਪਰਿਵਾਰਾਂ ਵੱਲੋਂ ਨੌਕਰੀ ਲੈਣ ਦੀ ਮੰਗ ਨੂੰ ਲੈ ਕੇ ਲਗਾਤਾਰ ਧਰਨਾ ਜਾਰੀ ਹੈ, ਜਿਸ ਦੇ ਚੱਲਦਿਆਂ ਅੱਜ ਆਸ਼ਰਿਤ ਮੈਂਬਰਾਂ ਨੇ ਰੋਸ ਵਜੋਂ ਬਿਜਲੀ ਬੋਰਡ ਦੇ ਤਿੰਨੋਂ ਗੇਟਾਂ ਨੂੰ ਬੰਦ ਕਰਕੇ ਸਰਕਾਰ ਅਤੇ ਪ੍ਰਸ਼ਾਸਨ ਦੇ ਖਿਲਾਫ਼ ਜ਼ੋਰਦਾਰ ਮੁਜ਼ਾਹਰਾ ਕੀਤਾ। ਮੈਨੇਜਮੈਂਟ ਵੱਲੋਂ ਦਿੱਤੇ ਗਏ ਕਈ ਭਰੋਸਿਆਂ ਦੇ ਬਾਵਜੂਦ ਆਸ਼ਰਿਤਾਂ ਦਾ ਸਬਰ ਦਾ ਬੰਨ ਉਸ ਸਮੇਂ ਟੁੱਟ ਪਿਆ, ਜਦੋਂ ਗੁੱਸੇ ਵਿਚ ਆਏ ਧਰਨਾਕਾਰੀਆਂ ਵਿਚੋਂ ਦੋ ਆਸ਼ਰਿਤਾਂ ਦੇ ਮੈਂਬਰਾਂ ਨੇ ਆਪਣੇ ’ਤੇ ਪੈਟਰੋਲ ਛਿੜਕ ਕੇ ਆਤਮਦਾਹ ਦੀ ਕੋਸ਼ਿਸ਼ ਕੀਤੀ ਅਤੇ ਇਕ ਨੇ ਸਪਰੇਅ ਪੀਣ ਲਈ ਜੱਦ ਜਹਿਦ ਕੀਤੀ ਤਾਂ ਪੁਲਿਸ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪਾ ਦਿੱਤੀ। ਧਰਨਾਕਾਰੀਆਂ ਵੱਲੋਂ ਗੇਟ ਟੱਪਣ ਦੀ ਕੋਸ਼ਿਸ਼ ਕੀਤੀ ਗਈ ਪੁਲਿਸ ਦੇ ਦਖਲ ਤੋਂ ਬਾਅਦ ਆਸ਼ਰਿਤ ਮੈਂਬਰਾਂ ਅਤੇ ਬਿਜਲੀ ਮੈਨੇਜਮੈਂਟ ਬਾਅਦ ਦੁਪਹਿਰ ਮੀਟਿੰਗ ਹੋਈ, ਜੋ ਬੇਸਿੱਟਾ ਰਹੀ। ਇਸ ਉਪਰੰਤ ਆਸ਼ਰਿਤ ਮੈਂਬਰ ਮੁੜ ਧਰਨੇ ’ਤੇ ਆ ਕੇ ਬੈਠ ਗਏ। ਇਸ ਰੋਸ ਪ੍ਰਦਰਸ਼ਨ ਦੌਰਾਨ ਵੱਡੀ ਗਿਣਤੀ ’ਚ ਪੁਲਿਸ ਫੋਰਸ ਅਤੇ ਜਲ ਤੋਪਾਂ ਨੂੰ ਤਾਇਨਾਤ ਕਰਕੇ ਰੱਖਿਆ ਗਿਆ।

ਆਸ਼ਰਿਤ ਮੈਂਬਰਾਂ ਦੀ ਅਗਵਾਈ ਕਰ ਰਹੇ ਮਿ੍ਰਤਕ ਅਸ਼ਰਿਤ ਯੂਨੀਅਨ ਦੇ ਸੂਬਾ ਪ੍ਰਧਾਨ ਚਰਨਜੀਤ ਸਿੰਘ ਦਿਓਣ ਨੇ ਦੱਸਿਆ ਕਿ ਪਾਵਰਕਾਮ ਵੱਲੋਂ ਅਸਾਮੀਆਂ ਤਾਂ ਕੱਢੀਆਂ ਗਈ, ਪਰ ਸਾਡੀ ਅਣਦੇਖੀ ਕੀਤੀ ਗਈ। ਉਨ੍ਹਾਂ ਕਿਹਾ ਕਿ ਕਈ ਵਾਰ ਭਰੋਸੇ ਦਿੱਤੇ ਗਏ, ਪਰ ਹੁਣ ਸਾਡੇ ਸਬਰ ਦਾ ਪਿਆਲਾ ਭਰ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਜਦ ਤੱਕ ਸਰਕਾਰ ਅਤੇ ਬੋਰਡ ਮੈਨੇਜਮੈਂਟ ਸਾਡੀ ਨੌਕਰੀ ’ਤੇ ਨਹੀਂ ਰੱਖਦੀ ਸਾਡੀ ਲੜਾਈ ਇਸੇ ਤਰ੍ਹਾਂ ਜਾਰੀ ਰੱਖੇਗੀ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਦੇ ਵਾਰਸਾਂ ਤੇ ਪਾਵਰਕਾਮ ਦੇ ਅਧਿਕਾਰੀਆਂ ਵਿਚਕਾਰ ਹੋਈ ਮੀਟਿੰਗ ਦੌਰਾਨ ਉਨ੍ਹਾਂ ਨੂੰ ਕੋਈ ਵੀ ਤਸੱਲੀਬਖਸ਼ ਭਰੋਸਾ ਨਹੀਂ ਦਿੱਤਾ ਗਿਆ ਹੈ ਜਿਸ ਕਾਰਨ ਮਿ੍ਰਤਕ ਮੁਲਾਜ਼ਮਾਂ ਦੇ ਵਾਰਸਾਂ ਵਿਚ ਭਾਰੀ ਰੋਸ ਹੈ।
2004 ’ਚ ’ਚ ਪਾਵਰਕਾਮ ਨੇ ਬਦਾਈ ਸੀ ਸਲੇਸ਼ੀਅਮ ਪਾਲਿਸੀ

ਯੂਨੀਅਨ ਆਗੂ ਚਰਨਜੀਤ ਸਿੰਘ ਦਿਓਣ ਨੇ ਦੱਸਿਆ ਕਿ ਸਲੇਸ਼ੀਅਮ ਪਾਲਿਸੀ ਤਹਿਤ ਪਾਵਰਕਾਮ ਮੈਨੇਜਮੈਂਟ ਨੇ ਮੁਲਾਜ਼ਮ ਦੀ ਮੌਤ ਤੋਂ ਬਾਅਦ ਨੌਕਰੀ ਅਤੇ ਮੁਆਵਜ਼ਾ ਦਿਵਾਉਣ ਦਾ ਭਰੋਸਾ ਦਿੱਤਾ ਸੀ, ਜੋ ਅੱਜ ਤੱਕ ਬੋਰਡ ਮੈਨੇਜਮੈਂਟ ਪੂਰਾ ਨਹੀਂ ਕਰ ਸਕਿਆ। ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਲੰਮੇ ਸਮੇਂ ਤੋਂ ਲਗਾਤਾਰ ਸੰਘਰਸ਼ ਕਰਨ ਦੇ ਬਾਵਜੂਦ ਵੀ ਪਾਵਰਕਾਮ ਪ੍ਰਸ਼ਾਸਨ ਵੱਲੋਂ ਇਸ ਪਾਲਿਸੀ ਨੂੰ ਰੱਦ ਨਹੀਂ ਕੀਤਾ ਗਿਆ ਹੈ।
ਦੱਸਣਯੋਗ ਹੈ ਕਿ ਬੀਤੇ ਦਿਨੀਂ ਆਸ਼ਰਿਤ ਮੈਂਬਰਾਂ ਨੇ ਰੋਸ ਵਜੋਂ ਆਯੂਰਵੈਦਿਕ ਹਸਪਤਾਲ ਦੇ ਟੈਂਕੀ ’ਤੇ ਚੜ੍ਹਕੇ ਸਰਕਾਰ ਅਤੇ ਪ੍ਰਸ਼ਾਸਨ ਦੇ ਖਿਲਾਫ਼ ਰੋਸ ਪ੍ਰਗਟ ਕੀਤਾ, ਜੋ ਅੱਜ ਵੀ ਜਾਰੀ ਹੈ।

