ਪਟਿਆਲਾ, ਰਾਜਪੁਰਾ ਅਤੇ ਘਨੌਰ ਦੀਆਂ ਅਨਾਜ ਮੰਡੀਆਂ ’ਚ ਬਾਰਦਾਨਾ ਨਾ ਪੁੱਜਣ ਦਾ ਮਾਮਲਾ
ਸੁਰਜੀਤ ਸਿੰਘ ਰੱਖੜਾ ਨੇ ਲੀਡਰਸ਼ਿਪ ਨੂੰ ਨਾਲ ਲੈ ਕੇ ਡੀਸੀ ਕੋਲ ਚੁੱਕਿਆ ਮੁੱਦਾ
ਬਾਰਦਾਨਾ ਅਤੇ ਬੁਨਿਆਦੀ ਸਹੂਲਤਾਂ ਨੂੰ ਲੈ ਕੇ ਮੰਡੀਆਂ ’ਚ ਰੁਲ ਰਿਹਾ ਕਿਸਾਨ : ਸੁਰਜੀਤ ਸਿੰਘ ਰੱਖੜਾ
ਪਟਿਆਲਾ 22 ਅਪ੍ਰੈਲ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਜ਼ਿਲ੍ਹਾ ਪਟਿਆਲਾ ਅਧੀਨ ਆਉਂਦੀਆਂ ਮੰਡੀਆਂ ’ਚ ਬਾਰਦਾਨਾ ਨਾ ਪੁੱਜਣ ਅਤੇ ਬੁਨਿਆਦੀ ਸਹੂਲਤਾਂ ਨੂੰ ਲੈ ਕੇ ਅੱਜ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਦੀ ਅਗਵਾਈ ’ਚ ਲੀਡਰਸ਼ਿਪ ਦਾ ਵਫ਼ਦ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੂੰ ਮਿਲਿਆ ਅਤੇ ਬਾਰਦਾਨਾ ਦੀ ਘਾਟ ਦਾ ਮਾਮਲਾ ਉਠਾਇਆ। ਇਸ ਮੌਕੇ ਵਫ਼ਦ ਨੇ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਮੰਗ ਪੱਤਰ ਸੌਂਪਦਿਆਂ ਬਾਰਦਾਨਾ ਦੀ ਘਾਟ ਨੂੰ ਦੂਰ ਕਰਨ ਤੋਂ ਇਲਾਵਾ ਕਿਸਾਨਾਂ ਦੇ ਖਾਤਿਆਂ ’ਚ ਪੁੱਜਣ ਵਾਲੀ ਅਦਾਇਗੀ ਨੂੰ ਯਕੀਨੀ ਬਣਾਏ ਜਾਣ ਦੀ ਮੰਗ ਚੁੱਕੀ।

ਮੰਡੀਆਂ ’ਚ ਦਰਪੇਸ਼ ਸਮੱਸਿਆਵਾਂ ਨੂੰ ਲੈ ਕੇ ਸੁਰਜੀਤ ਸਿੰਘ ਰੱਖੜਾ ਅਤੇ ਵਫ਼ਦ ਦੇ ਆਗੂਆਂ ਨੇ ਡਿਪਟੀ ਕਮਿਸ਼ਨਰ ਨੂੰ ਜਾਣੂੰ ਕਰਵਾਇਆ ਕਿ ਪਟਿਆਲਾ ਸਮੇਤ ਰਾਜਪੁਰਾ, ਘਨੌਰ ਦੀਆਂ ਅਨਾਜ ਮੰਡੀਆਂ ’ਚ ਬਾਰਦਾਨਾ ਨਾ ਪੁੱਜਣ ਦੀ ਘਾਟ ਵੱਡੇ ਪੱਧਰ ’ਤੇ ਰੜਕ ਰਹੀ ਹੈ। ਸ. ਰੱਖੜਾ ਨੇ ਕਿਹਾ ਕਿ ਮੰਡੀਆਂ ਦਾ ਦੌਰਾ ਕਰਕੇ ਇਹ ਗੱਲ ਸਾਹਮਣੇ ਆਈ ਹੈ ਕਿ ਕਿਸਾਨ ਬੁਨਿਆਦੀ ਸਹੂਲਤਾਂ ਤੋਂ ਵੀ ਸੱਖਣੇ ਹਨ ਅਤੇ ਬਿਜਲੀ ਅਤੇ ਪੀਣ ਵਾਲੀ ਪਾਣੀ ਦੀ ਘਾਟ ਵੀ ਵੱਡੇ ਪੱਧਰ ’ਤੇ ਦੇਖਣ ਨੂੰ ਮਿਲੀ ਹੈ ਇਥੋਂ ਤੱਕ ਕਿ ਬਾਰਦਾਨਾ ਨਾ ਪੁੱਜਣਾ ਅਤੇ ਕਿਸਾਨਾਂ ਦੇ ਖਾਤਿਆਂ ’ਚ ਅਦਾਇਗੀ ਵੀ ਦੇਰੀ ਨਾਲ ਪੁੱਜ ਰਹੀ ਹੈ। ਉਨ੍ਹਾਂ ਕਿਹਾ ਕਿ ਇਕ ਅਪ੍ਰੈਲ ਤੋਂ ਹੋਣ ਵਾਲੀ ਖਰੀਦ ਨੂੰ ਪੰਜਾਬ ਸਰਕਾਰ ਨੇ 10 ਅਪ੍ਰੈਲ ਨੂੰ ਸ਼ੁਰੂ ਕਰਵਾਇਆ, ਜਦਕਿ ਦੇਰੀ ਕੀਤੇ ਜਾਣ ਬਾਵਜੂਦ ਵੀ ਮੰਡੀਆਂ ਵਿਚ ਕਿਸਾਨਾਂ ਲਈ ਸਰਕਾਰ ਪੁਖਤਾ ਪ੍ਰਬੰਧ ਨਹੀਂ ਕਰ ਸਕੀ। ਉਨ੍ਹਾਂ ਕਿਹਾ ਕਿ ਬਾਰਦਾਨਾ ਦੀ ਘਾਟ ਨੂੰ ਲੈ ਕੇ ਵੱਡੇ ਸਕੈਂਡਲ ਵੀ ਸਾਹਮਣੇ ਆ ਰਹੇ ਹਨ ਅਤੇ ਸ਼ੋ੍ਰਮਣੀ ਅਕਾਲੀ ਦਲ ਮੰਗ ਕਰਦਾ ਹੈ ਕਿ ਪੰਜਾਬ ਸਰਕਾਰ ਵਾਈਸ ਪੇਪਰ ਜਾਰੀ ਕਰਕੇ ਸਥਿਤੀ ਸਪੱਸ਼ਟ ਕਰੇ। ਸ. ਰੱਖੜਾ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਆਪਸੀ ਮਿਲੀਭੁਗਤ ਕਰਕੇ ਕਿਸਾਨਾਂ ਨੂੰ ਮੰਡੀਆਂ ਵਿਚ ਖੱਜਲ ਖੁਆਰ ਕਰਨ ’ਤੇ ਲੱਗੀਆਂ ਹੋਈਆਂ ਹਨ ਅਤੇ ਅਜਿਹੀ ਹਨੇਰਗਰਦੀ ਵਿਰੁੱਧ ਸ਼ੋ੍ਰਮਣੀ ਅਕਾਲੀ ਦਲ ਕਦੇ ਚੁੱਪ ਕਰਕੇ ਨਹੀਂ ਬੈਠੇਗਾ। ਉਨ੍ਹਾਂ ਕਿਹਾ ਕਿ ਆਨਲਾਈਨ ਪ੍ਰਣਾਲੀ ਨਾਲ ਕਿਸਾਨਾਂ ਨੂੰ ਬੇਹੱਦ ਪ੍ਰੇਸ਼ਾਨੀ ਵਿਚੋਂ ਲੰਘਣਾ ਪੈ ਰਿਹਾ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਕਿਹਾ ਕਿ ਮੰਡੀਆਂ ਵਿਚ ਫਸਲ ਦੀ ਖਰੀਦ ਵਿਚ ਤੇਜ਼ੀ ਲਿਆਉਣ ਨੂੰ ਲੈ ਕੇ ਅਧਿਕਾਰੀਆਂ ਨੂੰ ਸਖਤ ਨਿਰਦੇਸ਼ ਦਿੱਤੇ ਗਏ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਢਿੱਲ ਮੱਠ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਵੱਖ-ਵੱਖ ਵਿਭਾਗਾਂ ਵੱਲੋਂ ਕੀਤੀ ਜਾ ਰਹੀ ਖਰੀਦ ਕਾਫੀ ਹੱਦ ਤੱਕ ਹੋ ਚੁੱਕੀ ਹੈ ਅਦਾਇਗੀ ਕਰਨ ਵਿਚ ਕਿਸੇ ਵੀ ਤਰ੍ਹਾਂ ਦੀ ਕੋਈ ਰੁਕਾਵਟ ਨਹੀਂ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਖਾਤਿਆਂ ’ਚ ਅਦਾਇਗੀ ਨੂੰ ਪੂਰਨ ਤੌਰ ’ਤੇ ਯਕੀਨੀ ਬਣਾਇਆ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਹ ਖੁਦ ਮੰਡੀਆਂ ਵਿਚ ਜਾ ਕੇ ਦੌਰਾ ਕਰਨਗੇ ਅਤੇ ਕਿਸੇ ਵੀ ਤਰ੍ਹਾਂ ਦੀ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਵਿਧਾਇਕ ਬੀਬੀ ਹਰਪ੍ਰੀਤ ਕੌਰ ਮੁਖਮੈਲਪੁਰ, ਸਾਬਕਾ ਚੇਅਰਮੈਨ ਇੰਮਪੂਰਵਮੈਂਟ ਟਰੱਸਟ ਵਿਸ਼ਨੂੰ ਸ਼ਰਮਾ, ਸਾਬਕਾ ਚੇਅਰਮੈਨ ਸੁਰਜੀਤ ਸਿੰਘ ਅਬਲੋਵਾਲ, ਸਾਬਕਾ ਚੇਅਰਮੈਨ ਜਸਪਾਲ ਸਿੰਘ ਕਲਿਆਣ, ਸਤਵੀਰ ਸਿੰਘ ਖੱਟੜਾ, ਰਣਜੀਤ ਸਿੰਘ ਰਾਣਾ, ਗੁਰਮੀਤ ਸਿੰਘ ਆਦਿ ਵੀ ਵਫ਼ਦ ਵਿਚ ਸ਼ਾਮਲ ਸਨ।

