ਪੰਜਾਬਪਟਿਆਲਾ

ਭਾਜਪਾ ਆਗੂਆਂ ਸਮੇਤ ਓਐਸਡੀ ਚਹਿਲ ਦੀ ਗੱਡੀ ਨੂੰ ਕਿਸਾਨਾਂ ਨੇ ਪਾਇਆ ਘੇਰਾ !

–ਕਿਸਾਨਾਂ ਨੇ ਭਾਜਪਾ ਆਗੂਆਂ ਨੂੰ ਘੇਰ ਕੀਤੀ ਨਾਅਰੇਬਾਜ਼ੀ, ਖੇਤੀ ਕਾਨੂੰਨ ਕਰੋ ਰੱਦ
-ਪੁਲਿਸ ਵੱਲੋਂ ਕਿਸਾਨਾਂ ’ਤੇ ਕੀਤੇ ਗਏ ਲਾਠੀਚਾਰਜ ਦੀ ਸਖਤ ਸ਼ਬਦਾਂ ’ਚ ਨਿਖੇਧੀ

ਪਟਿਆਲਾ 22 ਅਪ੍ਰੈਲ (ਅਕਾਸ਼ਦੀਪ ਸਿੰਘ ਜੱਬਲ/ਮਧੂਸਾਰ ਬਿਊਰੋ) ਸਥਾਨਕ ਬੁੰਦੇਲਾ ਮੰਦਰ ਵਿਖੇ ਭਾਜਪਾਈ ਆਗੂਆਂ ਵੱਲੋਂ ਰੱਖੀ ਮੀਟਿੰਗ ਦੌਰਾਨ ਉਸ ਸਮੇਂ ਹੰਗਾਮਾ ਖੜਾ ਹੋ ਗਿਆ, ਜਦ ਵੱਡੀ ਗਿਣਤੀ ’ਚ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ, ਉਗਰਾਹਾਂ ਅਤੇ ਡਕੌਂਦਾ ਦੇ ਆਗੂਆਂ ਨੇ ਭਾਜਪਾ ਆਗੂਆਂ ਦਾ ਘਿਰਾਓ ਕਰ ਲਿਆ। ਇਸ ਦੌਰਾਨ ਪੁਲਿਸ ਨੂੰ ਵੀ ਹੱਥਾਂ ਪੈਰਾਂ ਦੀ ਪੈ ਗਈ। ਕਿਸਾਨ ਆਗੂਆਂ ਨੇ ਭਾਜਪਾ ਆਗੂਆਂ ਦਾ ਘਿਰਾਓ ਕੀਤਾ ਅਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਪੁਲਿਸ ਵੱਲੋਂ ਕਾਫੀ ਜੱਦੋ ਜਹਿਦ ਤੋਂ ਬਾਅਦ ਭਾਜਪਾ ਆਗੂਆਂ ਨੂੰ ਮੀਟਿੰਗ ਵਿਚੋਂ ਖਿਸਕਾਉਣ ਵਿਚ ਸਫਲ ਰਹੀ।

ਜਾਣਕਾਰੀ ਅਨੁਸਾਰ ਜ਼ਿਲ੍ਹਾ ਭਾਜਪਾ ਇਕਾਈ ਵੱਲੋਂ ਨਵੇਂ ਪ੍ਰਭਾਰੀ ਨਿਯੁਕਤ ਕੀਤੇ ਗਏ ਡਾ. ਸੁਭਾਸ਼ ਵਰਮਾ ਦੀ ਪ੍ਰਧਾਨਗੀ ਹੇਠ ਬੁੰਦੇਲਾ ਮੰਦਿਰ ਵਿਖੇ ਮੀਟਿੰਗ ਸੱਦੀ ਗਈ। ਇਸ ਦੌਰਾਨ ਭਾਜਪਾ ਆਗੂਆਂ ਦੇ ਮੀਟਿੰਗ ਕਰਨ ਸਬੰਧੀ ਕਿਸਾਨ ਆਗੂਆਂ ਨੂੰ ਭਿਣਕ ਪਈ ਤਾਂ ਉਨ੍ਹਾਂ ਨੇ ਵੱਡੀ ਗਿਣਤੀ ’ਚ ਇਕੱਠ ਹੋ ਕੇ ਮੀਟਿੰਗ ਵਿਚ ਸ਼ਾਮਲ ਜ਼ਿਲ੍ਹਾ ਭਾਜਪਾ ਦੇ ਪ੍ਰਧਾਨ ਹਰਿੰਦਰ ਕੋਹਰੀ, ਗੁਰਤੇਜ ਸਿੰਘ ਢਿੱਲੋਂ ਸਮੇਤ ਕਈ ਆਗੂਆਂ ਦਾ ਘਿਰਾਓ ਕੀਤਾ ਅਤੇ ਭਾਜਪਾ ਦੇ ਖਿਲਾਫ਼ ਨਾਅਰੇਬਾਜ਼ੀ ਸ਼ੁਰੂ ਕੀਤੀ ਅਤੇ ਖੇਤੀ ਦੇ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰਨ ਲੱਗੇ। ਤਣਾਅਪੂਰਨ ਮਾਹੌਲ ਗਰਮਾਉਂਦਾ ਵੇਖਕੇ ਪੁਲਿਸ ਪਾਰਟੀ ਵੱਲੋਂ ਭਾਜਪਾ ਆਗੂਆਂ ਨੂੰ ਉਥੋਂ ਖਿਸਕਾਏ ਜਾਣ ਦਾ ਕਿਸਾਨਾਂ ਨੇ ਸਖਤ ਵਿਰੋਧ ਕੀਤਾ ਅਤੇ ਮੁੜ ਤੋਂ ਬੱਸ ਅੱਡੇ ਵਿਖੇ ਪੁੱਜ ਕੇ ਜਾਮ ਲਗਾਇਆ ਅਤੇ ਰੋਸ ਧਰਨਾ ਪ੍ਰਦਰਸ਼ਨ ਸ਼ੁਰੂ ਕੀਤਾ। ਇਸ ਰੋਸ ਪ੍ਰਦਰਸ਼ਨ ਦੌਰਾਨ ਕਿਸਾਨਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓਐਸਡੀ ਭਰਤਇੰਦਰ ਸਿੰਘ ਚਹਿਲ ਦੀ ਗੱਡੀ ਦਾ ਘਿਰਾਓ ਵੀ ਕੀਤਾ ਅਤੇ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਸੰਯੁਕਤ ਮੋਰਚੇ ਵੱਲੋਂ ਖੁੱਲਿਆਮ ਇਹ ਐਲਾਨ ਕੀਤਾ ਗਿਆ ਹੈ ਕਿ ਜਦੋਂ ਤੱਕ ਕਿਸਾਨਾਂ ਮਜਦੂਰਾਂ ਵਿਰੁੱਧ ਬਣਾਏ ਗਏ ਕਾਨੂੰਨ ਵਾਪਸ ਨਹੀਂ ਹੁੰਦੇ ਉਨੀ ਦੇਰ ਤੱਕ ਬੀ.ਜੇ.ਪੀ. ਦੇ ਕਿਸੇ ਵੀ ਆਗੂ ਨੂੰ ਜਨਤਕ ਤੌਰ ਤੇ ਮੀਟਿੰਗ ਜਾਂ ਕਿਸੇ ਪ੍ਰੋਗਰਾਮ ਵਿੱਚ ਆਉਣ ਤੇ ਉਹਨਾਂ ਦਾ ਜੰਮ ਕੇ ਵਿਰੋਧ ਕੀਤਾ ਜਾਵੇਗਾ, ਪਰੰਤੂ ਆਗੂਆਂ ਨੇ ਦੱਸਿਆ ਕਿ ਅੱਜ ਪਟਿਆਲਾ ਪੁਲਿਸ ਪ੍ਰਸ਼ਾਸ਼ਨ ਵੱਲੋਂ ਕਿਸਾਨਾਂ ਨਾਲ ਮਾੜਾ ਵਿਵਹਾਰ ਕੀਤਾ ਗਿਆ ਖਾਸਤੌਰ ਤੇ ਔਰਤਾਂ ਨੂੰ ਵੀ ਧੱਕੇ ਮਾਰੇ ਗਏ ਅਤੇ ਨੌਜਵਾਨਾਂ ਨਾਲ ਗਾਲੀ ਗਲੋਚ ਕੀਤੀ ਗਈ। ਇਸ ਦੇ ਵਿਰੋਧ ਵਿੱਚ ਜਦੋਂ ਕਿਸਾਨਾਂ ਨੇ ਬਸ ਸਟੈਂਡ ਕੋਲ ਬੱਤੀਆਂ ਵਾਲਾ ਚੌਂਕ ਘੇਰ ਕੇ ਧਰਨਾ ਲਗਾ ਦਿੱਤਾ।
ਧਰਨਾ ਪ੍ਰਦਰਸ਼ਨ ਦੌਰ ਗੁਰਮੀਤ ਸਿੰਘ ਦਿੱਤੂਪੁਰ ਨੇ ਪ੍ਰਸ਼ਾਸ਼ਨ ਉੱਤੇ ਦੋਸ਼ ਲਗਾਇਆ ਕਿ ਪਟਿਆਲਾ ਪ੍ਰਸ਼ਾਸ਼ਨ ਜਾਣਬੁੱਝ ਕੇ ਸ਼ਹਿਰ ਦਾ ਮਾਹੌਲ ਖਰਾਬ ਕਰ ਰਿਹਾ ਹੈ। ਜਦੋ ਕਿ ਉਹਨਾਂ ਨੂੰ ਪਤਾ ਹੈ ਕਿ ਦਿੱਲੀ ਵਿਖੇ ਕਿਸਾਨਾਂ ਮਜਦੂਰਾਂ ਪੰਜ ਮਹੀਨੇ ਦੇ ਲਗਭਗ ਹੋ ਗਏ ਹਨ ਦਿੱਲੀ ਵਿਖੇ ਸੜਕਾਂ ਤੇ ਬੈਠੇ ਹਨ ਪਰੰਤੂ ਮੋਦੀ ਸਰਕਾਰ ਦੇ ਕੰਨ ਤੇ ਜੂੰ ਤੱਕ ਨਹੀਂ ਸਰਕੀ। ਉਹਨਾਂ ਕਿਹਾ ਕਿ ਜਦੋਂ ਤੱਕ ਕਾਲੇ ਕਾਨੂੰਨ ਵਾਪਸ ਨਹੀਂ ਕੀਤੇ ਜਾਂਦੇ ਉਨੀ ਦੇਰ ਤੱਕ ਬੀ.ਜੇ.ਪੀ. ਦੇ ਕਿਸੇ ਵੀ ਆਗੂ ਨੂੰ ਪਿੰਡਾਂ ਅਤੇ ਸ਼ਹਿਰਾਂ ਵਿੱਚ ਵੜਨ ਨਹੀਂ ਦਿੱਤਾ ਜਾਵੇਗਾ। ਮੌਕੇ ਦੀ ਨਜਾਕਤ ਨੂੰ ਸਮਝਦਿਆਂ ਹੋਇਆ ਪੁਲਿਸ ਅਧਿਕਾਰੀਆਂ ਵੱਲੋਂ ਗਲਤੀ ਦਾ ਅਹਿਸਾਸ ਕਰਦਿਆਂ ਕਿਹਾ ਕਿ ਅੱਗੇ ਤੋਂ ਜੇਕਰ ਕਿਸੇ ਪੁਲਿਸ ਮੁਲਾਜਮ ਤੋਂ ਗਲਤੀ ਹੋਵੇਗੀ ਤਾਂ ਅਸੀਂ ਇਸ ਦੀ ਪੜਤਾਲ ਕਰਾਗੇ। ਮੀਟਿੰਗ ਵਾਲੇ ਮੰਦਿਰ ਦੀ ਕਮੇਟੀ ਵੱਲੋਂ ਵੀ ਇਹ ਵਿਸ਼ਵਾਸ਼ ਦਿੱਤਾ ਗਿਆ ਹੈ ਕਿ ਅੱਗੇ ਤੋਂ ਬੀ.ਜੇ.ਪੀ. ਦੇ ਕਿਸੇ ਵੀ ਆਗੂ ਵੱਲੋਂ ਮੰਦਿਰ ਵਿਖੇ ਮੀਟਿੰਗ ਨਹੀਂ ਕਰਨ ਦਿੱਤੀ ਜਾਵੇਗੀ, ਤਾਂ ਕਿਸਾਨਾਂ ਨੇ ਧਰਨਾ ਚੁੱਕ ਲਿਆ। ਇਸ ਮੌਕੇ ਜ਼ਸਵੰਤ ਸਿੰਘ ਸਦਰਪੁਰ, ਸੁਖਬੀਰ ਸਿੰਘ ਪਹਾੜਪੁਰ, ਅਵਤਾਰ ਸਿੰਘ ਕੌਰਜੀਵਾਲਾ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੀਆਂ ਸੁਖਵਿੰਦਰ ਕੌਰ, ਦੌਣ ਕਲਾਂ ਤੋਂ ਬੀਬੀਆਂ ਹਾਜਰ ਸਨ।

Leave a Reply

Your email address will not be published. Required fields are marked *