ਪਟਿਆਲਾ

ਡਵੀਜ਼ਨਲ ਕਮਿਸ਼ਨਰ ਵੱਲੋਂ ਕੋਵਿਡ ਦੀ ਸਮੀਖਿਆ ਲਈ ਡਿਪਟੀ ਕਮਿਸ਼ਨਰ ਤੇ ਹੋਰ ਅਧਿਕਾਰੀਆਂ ਨਾਲ ਬੈਠਕ

ਲੋਕਾਂ ਨੂੰ ਘਬਰਾਹਣ ਦੀ ਲੋੜ ਨਹੀਂ, ਮਰੀਜਾਂ ਨੂੰ ਸੰਭਾਲਣ ਦੇ ਸਾਰੇ ਲੋੜੀਂਦੇ ਪ੍ਰਬੰਧ ਮੁਕੰਮਲ-ਚੰਦਰ ਗੈਂਦ
ਪਟਿਆਲਾ, 23 ਅਪ੍ਰੈਲ (ਰਮਨਦੀਪ/ਮਧੂਸਾਰ ਬਿਊਰੋ) ਪਟਿਆਲਾ ਡਵੀਜ਼ਨ ਦੇ ਜ਼ਿਲ੍ਹਿਆਂ ‘ਚ ਕੋਵਿਡ-19 ਦੀ ਸਥਿਤੀ ਦਾ ਜਾਇਜ਼ਾ ਲੈਣ ਲਈ, ਸਮੀਖਿਆ ਬੈਠਕਾਂ ਦੀ ਸ਼ੁਰੂਆਤ ਪਟਿਆਲਾ ਜ਼ਿਲ੍ਹੇ ਤੋਂ ਕਰਦਿਆਂ ਪਟਿਆਲਾ ਡਵੀਜ਼ਨ ਦੇ ਡਵੀਜ਼ਨਲ ਕਮਿਸ਼ਨਰ ਸ੍ਰੀ ਚੰਦਰ ਗੈਂਦ ਨੇ ਲੋਕਾਂ ਨੂੰ ਕੋਵਿਡ ਤੋਂ ਬਚਣ ਲਈ ਵੈਕਸੀਨ ਲਗਵਾਉਣ ਅਤੇ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਨਾਲ ਹੀ ਦੱਸਿਆ ਕਿ ਉਹ ਜਲਦੀ ਹੀ ਡਵੀਜ਼ਨ ‘ਚ ਆਉਂਦੇ ਬਾਕੀ ਜ਼ਿਲ੍ਹਿਆਂ ‘ਚ ਵੀ ਕੋਵਿਡ ਸਮੀਖਿਆ ਲਈ ਮੀਟਿੰਗਾਂ ਕਰਨਗੇ।

ਸ੍ਰੀ ਚੰਦਰ ਗੈਂਦ ਨੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਅਤੇ ਹੋਰ ਅਧਿਕਾਰੀਆਂ ਨਾਲ ਕੀਤੀ ਬੈਠਕ ਦੌਰਾਨ ਦੱਸਿਆ ਕਿ ਕੋਵਿਡ ਮਰੀਜਾਂ ਦੀ ਸੰਭਾਲ ਲਈ ਜ਼ਿਲ੍ਹੇ ‘ਚ ਸਰਕਾਰੀ ਅਤੇ ਨਿਜੀ ਹਸਪਤਾਲਾਂ ‘ਚ ਲੈਵਲ-2 ਅਤੇ ਲੈਵਲ-3 ਸਹੂਲਤ, ਖਾਲੀ ਬੈਡ, ਆਕਸੀਜਨ, ਵੈਂਟੀਲੇਟਰ ਬੈਡਜ, ਲੋੜੀਂਦੀਆਂ ਜਰੂਰੀ ਦਵਾਈਆਂ ਸਮੇਤ ਹੋਰ ਸਾਰੇ ਪ੍ਰਬੰਧ ਬਿਹਤਰ ਢੰਗ ਨਾਲ ਪੂਰੇ ਹਨ। ਜਦੋਂਕਿ ਕੋਵਿਡ ਵੈਕਸੀਨ ਦੀ ਟੀਕਾਕਰਨ ਮੁਹਿੰਮ ਵੀ ਜੋਰਾਂ ‘ਤੇ ਹੈ ਅਤੇ ਹੁਣ ਤੱਕ ਜ਼ਿਲ੍ਹੇ ‘ਚ 1.83 ਲੱਖ ਲੋਕਾਂ ਨੂੰ ਵੈਕਸੀਨ ਦੇ ਟੀਕੇ ਲੱਗ ਚੁੱਕੇ ਹਨ।
ਉਨ੍ਹਾਂ ਦੱਸਿਆ ਕਿ ਰਾਜਿੰਦਰਾ ਹਸਪਤਾਲ ਸਮੇਤ ਬਾਕੀ ਸਰਕਾਰੀ ਹਸਪਤਾਲਾਂ ‘ਚ ਲੈਵਲ-2 ਦੇ 480 ਬੈਡ ਉਪਲਬਧ ਹਨ, ਜਿਨ੍ਹਾਂ ‘ਚੋਂ 168 ਭਰੇ ਹੋਏ ਹਨ, ਲੈਵਲ-3 ਦੇ 100 ਬੈਡਾਂ ‘ਚੋਂ 78 ਭਰੇ ਹੋਏ ਹਨ। ਇਸੇ ਤਰ੍ਹਾਂ ਨਿਜੀ ਹਸਪਤਾਲਾਂ ‘ਚ ਲੈਵਲ-2 ਦੇ 169 ਬੈਡਾਂ ‘ਚੋਂ 127 ਭਰੇ ਹੋਏ ਹਨ ਅਤੇ ਲੈਵਲ-3 ਦੇ 49 ਬੈਡਾਂ ‘ਚੋਂ 31 ਭਰੇ ਹੋਏ ਹਨ।
ਉਨ੍ਹਾਂ ਦੱਸਿਆ ਕਿ ਇਸ ਤੋਂ ਬਿਨ੍ਹਾਂ ਕੋਵਿਡ ਮਾਮਲਿਆਂ ਅਤੇ ਉਨ੍ਹਾਂ ਦੇ ਸੰਪਰਕਾਂ ਦੀ ਜਾਂਚ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੁਕਮਾਂ ‘ਤੇ ਟੈਸਟਿੰਗ ਦੀ ਗਿਣਤੀ ਵਧਾ ਦਿੱਤੀ ਗਈ ਹੈ ਅਤੇ ਹੁਣ ਪ੍ਰਤੀ 10 ਲੱਖ ਦੀ ਆਬਾਦੀ ਪਿੱਛੇ 2.54 ਲੱਖ ਟੈਸਟਿੰਗ ਕੀਤੀ ਜਾ ਰਹੀ ਹੈ, ਜਿਨ੍ਹਾਂ ‘ਚੋਂ 22 ਅਪ੍ਰੈਲ ਤੱਕ 29056 ਪਾਜਿਟਿਵ ਮਾਮਲੇ ਸਾਹਮਣੇ ਆਏ ਸਨ। ਜਦਕਿ ਇਸ ਸਮੇਂ ਜ਼ਿਲ੍ਹੇ ‘ਚ 21823 ਪਾਜਿਟਿਵ ਕੇਸ ਹਨ ਅਤੇ ਜ਼ਿਨ੍ਹਾਂ ‘ਚੋਂ 3092 ਆਪਣੇ ਘਰਾਂ ‘ਚ ਇਕਾਂਤਵਾਸ ਹਨ।
ਸ੍ਰੀ ਗੈਂਦ ਨੇ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਕਿਸੇ ਵੀ ਤਰ੍ਹਾਂ ਦੀ ਘਬਰਾਹਟ ‘ਚ ਨਾ ਆਉਣ ਕਿਉਂਕਿ ਪਟਿਆਲਾ ਜ਼ਿਲ੍ਹੇ ‘ਚ ਸਥਿਤੀ ਕੰਟਰੋਲ ਹੇਠ ਹੈ। ਇਸ ਤੋਂ ਬਿਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਥਿਤੀ ‘ਤੇ ਹਰ ਪੱਖੋਂ ਨਿਘ੍ਹਾ ਬਣਾਈ ਹੋਈ ਹੈ ਅਤੇ ਨਾਲ ਹੀ ਪੰਜਾਬ ਸਰਕਾਰ, ਸਿਹਤ ਤੇ ਪਰਿਵਾਰ ਭਲਾਈ ਅਤੇ ਮੈਡੀਕਲ ਸਿੱਖਿਆ ਤੇ ਖੋਜ ਵਿਭਾਗਾਂ ਨੇ ਵੀ ਕੋਵਿਡ ਦੇ ਇਲਾਜ ਅਤੇ ਇਸ ਦੀ ਲਾਗ ਤੋਂ ਪ੍ਰਭਾਵਤ ਮਰੀਜਾਂ ਦੀ ਸੰਭਾਲ ਲਈ ਦਿਨ-ਰਾਤ ਇੱਕ ਕੀਤਾ ਹੋਇਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਲੋਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਵਿਡ-19 ਵਿਰੁੱਧ ਅਰੰਭੇ ਮਿਸ਼ਨ ਫ਼ਤਿਹ ਦੀ ਸਫ਼ਲਤਾ ਲਈ ਕੋਰੋਨਾ ਵਾਇਰਸ ਦੀ ਲਾਗ ਤੋਂ ਬਚਣ ਲਈ ਜਰੂਰੀ ਇਹਤਿਆਤ ਵਰਤਕੇ ਆਪਣਾ ਸਹਿਯੋਗ ਦੇਣ।
ਸ੍ਰੀ ਚੰਦਰ ਗੈਂਦ ਨੇ ਜਿੱਥੇ ਸਿਵਲ ਸਰਜਨ ਤੋਂ ਪਟਿਆਲਾ ਜ਼ਿਲ੍ਹੇ ‘ਚ ਕੋਵਿਡ-19 ਪਾਜਿਟਿਵ ਦੇ ਮਾਮਲੇ ਵਧਣ, ਉਨ੍ਹਾਂ ਦੇ ਸੰਪਰਕ ਲੱਭਣ, ਟੈਸਟਿੰਗ, ਨਿਜੀ ਤੇ ਸਰਕਾਰੀ ਹਸਪਤਾਲਾਂ ‘ਚ ਆਈਸੋਲੇਸ਼ਨ ਤੇ ਇਕਾਂਤਵਾਸ ਮਰੀਜਾਂ ਸਮੇਤ ਕੰਟੇਨਮੈਂਟ ਜੋਨਾਂ ਬਾਰੇ ਵਿਸਥਾਰ ‘ਚ ਜਾਣਕਾਰੀ ਹਾਸਲ ਕੀਤੀ। ਉਥੇ ਹੀ ਮੈਡੀਕਲ ਸੁਪਰਡੈਂਟ ਤੋਂ ਕੋਵਿਡ ਪੀੜਤਾਂ ਦੇ ਇਲਾਜ ਲਈ ਬੈਡਾਂ ਦੀ ਉਪਲਬੱਧਤਾ ਤੇ ਹੋਰ ਸਹੂਲਤਾਂ ਸਮੇਤ ਡਾਕਟਰਾਂ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਬਾਰੇ ਜਾਣਕਾਰੀ ਹਾਸਲ ਕੀਤੀ।
ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਜ਼ਿਲ੍ਹੇ ਦੀ ਕੋਵਿਡ ਬਾਰੇ ਸਥਿਤੀ ਤੋਂ ਜਾਣੂ ਕਰਵਾਉਂਦਿਆਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਕਿਸੇ ਵੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ। ਜ਼ਿਲ੍ਹੇ ‘ਚ ਰਾਤ ਦਾ ਕਰਫਿਊ ਅਤੇ ਹੋਰ ਲੋੜੀਂਦੇ ਮਨਾਹੀ ਦੇ ਹੁਕਮ ਜਾਰੀ ਕੀਤੇ ਗਏ ਹਨ, ਜਿਨ੍ਹਾਂ ਦੀ ਪਾਲਣਾ ਕਰਵਾਉਣ ਲਈ ਸਾਰੀ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੀ ਮਸ਼ੀਨਰੀ ਕਾਰਜਸ਼ੀਲ ਹੈ।
ਇਸ ਮੌਕੇ ਰਾਜਿੰਦਰਾ ਹਸਪਤਾਲ ਦੀ ਕੋਵਿਡ ਵਾਰਡ ਦੀ ਇੰਚਾਰਜ ਸੁਰਭੀ ਮਲਿਕ, ਵਧੀਕ ਡਿਪਟੀ ਕਮਿਸ਼ਨਰ (ਜ) ਪੂਜਾ ਸਿਆਲ, ਐਸ.ਡੀ.ਐਮ. ਚਰਨਜੀਤ ਸਿੰਘ, ਸਿਵਲ ਸਰਜਨ ਡਾ. ਸਤਿੰਦਰ ਸਿੰਘ, ਮੈਡੀਕਲ ਸੁਪਰਡੈਂਟ ਡਾ. ਹਰਨਾਮ ਸਿੰਘ ਰੇਖੀ, ਡਿਪਟੀ ਮੈਡੀਕਲ ਸੁਪਰਡੈਂਟ ਡਾ. ਵਿਨੋਦ ਡੰਗਵਾਲ ਅਤੇ ਹੋਰ ਅਧਿਕਾਰੀ ਮੌਜੂਦ ਸਨ।    

Leave a Reply

Your email address will not be published. Required fields are marked *