ਪੰਜਾਬੀ ‘ਵਰਸਿਟੀ ਨੂੰ ਵਿੱਤੀ ਸੰਕਟ ’ਚੋਂ ਕੱਢਣ ਲਈ ਸਰਕਾਰ ਸਮੇਤ ਸਾਰੀਆਂ ਧਿਰਾਂ ਰਲਕੇ ਕਦਮ ਚੁੱਕਣ : ਵਾਈਸ ਚਾਂਸਲਰ
ਪੰਜਾਬੀ ਯੂਨੀਵਰਸਿਟੀ ਵਿਖੇ ਪ੍ਰੋਫੈਸਰ ਅਰਵਿੰਦ ਨੇ ਕਾਰਜਭਾਰ ਸੰਭਾਲਿਆ
ਪਟਿਆਲਾ 26 ਅਪ੍ਰੈਲ (ਰਮਨਦੀਪ/ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਨਵ-ਨਿਯੁਕਤ ਵਾਈਸ-ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਅੱਜ ਯੂਨੀਵਰਸਿਟੀ ਵਿਖੇ ਆਪਣਾ ਕਾਰਜਭਾਰ ਸੰਭਾਲ ਲਿਆ ਗਿਆ ਹੈ। ਇਸ ਮੌਕੇ ਆਪਣੇ ਵਿਚਾਰ ਪ੍ਰਗਟਾਉਂਦਿਆਂ ਉਨ੍ਹਾਂ ਕਿਹਾ ਕਿ ਉਹ ਯੂਨੀਵਰਸਿਟੀ ਦੀ ਬਿਹਤਰੀ ਲਈ ਹਰ ਸੰਭਵ ਯਤਨ ਕਰਨਗੇ ਅਤੇ ਇਸ ਮਕਸਦ ਲਈ ਸਾਰੀਆਂ ਧਿਰਾਂ ਨੂੰ ਨਾਲ ਲੈ ਕੇ ਚੱਲਣਗੇ। ਪੰਜਾਬੀ ਯੂਨੀਵਰਸਿਟੀ ਦੀ ਸਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਇਕ ਵੱਕਾਰੀ ਅਦਾਰਾ ਹੈ ਜਿੱਥੇ ਗਿਆਨ ਦੇ ਅਥਾਹ ਖਜਾਨੇ ਮੌਜੂਦ ਹਨ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਨੂੰ 21ਵੀਂ ਸਦੀ ਦੇ ਨਵੇਂ ਗਲੋਬਲੀ ਅਕਾਦਮਿਕ ਰੁਝਾਨਾਂ ਅਨੁਸਾਰ ਢਾਲਦਿਆਂ ਉਹ ਕੁੱਝ ਨਵੀਂ ਤਰਜ ਦੇ ਕੋਰਸ ਵੀ ਸੁਰੂ ਕਰ ਸਕਦੇ ਹਨ।

ਉਨ੍ਹਾਂ ਕਿਹਾ ਕਿ ਜੇਕਰ ਅਸੀਂ ਆਪਣੀ ਮਾਂ ਬੋਲੀ ਤੇ ਮਾਣ ਮਹਿਸੂਸ ਨਹੀਂ ਕਰਦੇ ਤਾਂ ਅਸੀਂ ਕਿਸੇ ਵੀ ਹਾਲਤ ਵਿਚ ਵਿਕਾਸ ਨਹੀਂ ਕਰ ਸਕਦੇ। ਉਨ੍ਹਾਂ ਦੱਸਿਆ ਕਿ ਪੰਜਾਬੀ ਭਾਸਾ ਨੂੰ ਵਿਗਿਆਨ ਅਤੇ ਇੰਜਨੀਅਰਿੰਗ ਆਦਿ ਸਮੇਤ ਸਾਰੇ ਵਿਸਿਆਂ ਲਈ ਇਕ ਸਮਰੱਥ ਮਾਧਿਅਮ ਭਾਸਾ ਬਣਾਉਣ ਹਿਤ ਇਸ ਦੇ ਤਕਨੀਕੀ ਪੱਖ ਨੂੰ ਹੋਰ ਮਜਬੂਤ ਕਰਨ ਲਈ ਉਹ ਆਉਣ ਵਾਲੇ ਸਮੇਂ ਵਿਚ ਬਹੁਤ ਸਾਰੇ ਪ੍ਰਾਜੈਕਟ ਉਲੀਕਣਗੇ। ਇਸ ਖੇਤਰ ਵਿਚ ਕੰਮ ਕਰਦੀਆਂ ਵਖ-ਵਖ ਸੰਸਥਾਵਾਂ ਦੇ ਸਹਿਯੋਗ ਨਾਲ ਪੰਜਾਬੀ ਭਾਸਾ ਦੇ ਖੇਤਰ ਵਿਚ ਮਸੀਨ ਲਰਨਿੰਗ, ਮਸੀਨੀ ਅਨੁਵਾਦ, ਆਰਟੀਫੀਸੀਅਲ ਇੰਟੈਲੀਜੰਸ ਜਿਹੇ ਸੰਕਲਪਾਂ ਨਾਲ ਜੋੜ ਕੇ ਵੱਡੇ ਪ੍ਰਾਜੈਕਟ ਉਲੀਕੇ ਜਾਣ ਦਾ ਯਤਨ ਕੀਤਾ ਜਾਵੇਗਾ। ਉਨ੍ਹਾਂ ਉਮੀਦ ਪ੍ਰਗਟਾਈ ਕਿ ਅਜਿਹਾ ਕਰਨ ਨਾਲ ਯੂਨੀਵਰਸਿਟੀ ਲਈ ਨਵੇਂ ਵਿੱਤੀ ਸਰੋਤ ਵੀ ਪੈਦਾ ਹੋ ਸਕਦੇ ਹਨ। ਯੂਨੀਵਰਸਿਟੀ ਦੇ ਵਿੱਤੀ ਸੰਕਟ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਸੰਕਟ ਦਾ ਹੱਲ ਕਰਨ ਲਈ ਸਰਕਾਰ ਸਮੇਤ ਬਾਕੀ ਸਾਰੀਆਂ ਧਿਰਾਂ ਨੂੰ ਵੀ ਮਿਲ ਕੇ ਕਦਮ ਚੁੱਕਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਹਰ ਪੰਜਾਬੀ ਦੀ ਯੂਨੀਵਰਸਿਟੀ ਹੈ। ਉਨ੍ਹਾਂ ਕਿਹਾ ਕਿ ਇਕ ਵਾਰ ਇਸ ਸੰਕਟ ਵਿਚੋਂ ਕੱਢਣ ਲਈ ਉਹ ਸਰਕਾਰ ਦੀ ਮਦਦ ਲੈਣਗੇ ਪਰ ਯੂਨੀਵਰਸਿਟੀ ਦੀਆਂ ਵਿੱਤੀ ਲੋੜਾਂ ਦੀ ਪੂਰਤੀ ਦੇ ਲੰਬੇ ਸਮੇਂ ਦੇ ਹੱਲ ਲਈ ਹੋਰ ਬਦਲਵੇਂ ਢੰਗ ਵੀ ਸੋਚਣੇ ਪੈਣਗੇ। ਵਿੱਤੀ ਸੰਕਟ ਬਾਰੇ ਇਕ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਸੰਕਟ ਨੂੰ ਸਾਕਾਰਾਤਮਕ ਰੂਪ ਵਿਚ ਲੈ ਕੇ ਸਾਨੂੰ ਯੂਨੀਵਰਸਿਟੀ ਦੇ ਪੁਨਰਗਠਨ ਸੰਬੰਧੀ ਲਗਾਤਾਰ ਕੋਸਿਸ ਕਰਨੀ ਹੋਵੇਗੀ ਅਤੇ ਇਸ ਨਾਲ ਯੂਨੀਵਰਸਿਟੀ ਦਾ ਇਕ ਨਵਾਂ ਸਰੂਪ ਹੋਂਦ ਵਿਚ ਆ ਸਕਦਾ ਹੈ। ਉਨ੍ਹਾਂ ਕਿਹਾ ਕਿ ਉਹ ਹੌਲੀ ਹੌਲੀ ਸਮੁੱਚੇ ਵਰਤਾਰੇ ਨੂੰ ਸਮਝ ਕੇ ਹੀ ਆਉਣ ਵਾਲੇ ਦਿਨਾਂ ਵਿਚ ਭਵਿੱਖੀ ਨੀਤੀਆਂ ਉਲੀਕਣਗੇ।
ਇਸ ਉਪਰੰਤ ਉਨ੍ਹਾਂ ਵੱਲੋਂ ਵਖ-ਵਖ ਯੂਨੀਵਰਸਿਟੀ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਜਿਸ ਵਿਚ ਯੂਨੀਵਰਸਿਟੀ ਬਾਰੇ ਵਖ-ਵਖ ਪਹਿਲੂਆਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਗਈ।
ਇਸ ਮੌਕੇ ਡੀਨ ਅਕਾਦਮਿਕ ਮਾਮਲੇ ਡਾ. ਪੁਸਪਿੰਦਰ ਗਿੱਲ, ਰਜਿਸਟਰਾਰ ਡਾ. ਵਰਿੰਦਰ ਕੌਸ਼ਿਕ, ਡੀਨ ਖੋਜ ਡਾ. ਗੁਰਦੀਪ ਸਿੰਘ ਬਤਰਾ, ਡਾਇਰੈਕਟਰ ਯੋਜਨਾ ਅਤੇ ਨਿਰੀਖਣ ਡਾ. ਅਸੋਕ ਮਲਿਕ, ਡੀਨ ਕਾਲਜ ਵਿਕਾਸ ਕੌਂਸਲ ਡਾ. ਸੁਖਵਿੰਦਰ ਕੌਰ ਬਾਠ, ਵਧੀਕ ਡੀਨ ਵਿਦਿਆਰਥੀ ਭਲਾਈ, ਡਾ. ਪਰਮਜੀਤ ਕੌਰ ਗਿੱਲ, ਪ੍ਰੋਫੈਸਰ ਇੰਚਾਰਜ ਵਿੱਤ ਡਾ. ਰਾਕੇਸ ਖੁਰਾਣਾ, ਡਾਇਰੈਕਟਰ ਲੋਕ ਸੰਪਰਕ ਡਾ. ਹੈਪੀ ਜੇਜੀ, ਕੰਟਰੋਲਰ ਪ੍ਰੀਖਿਆਵਾਂ ਡਾ. ਜੇ.ਆਈ.ਐੱਸ. ਖੱਟੜ, ਡਾਇਰੈਕਟਰ, ਆਈ.ਏ. ਐਸ ਸਿਖਲਾਈ ਕੇਂਦਰ ਡਾ. ਅਮਰਇੰਦਰ ਸਿੰਘ ਆਦਿ ਹਾਜਰ ਰਹੇ।

