ਯੂਕੇ ਸੰਸਦ ’ਚ ਤਨਮਨਜੀਤ ਸਿੰਘ ਨੇ ਚੁੱਕਿਆ ਭਾਰਤ ’ਚ ਹੋ ਰਹੀਆਂ ਮੌਤਾਂ ਦਾ ਮੁੱਦਾ
ਲੰਡਨ 29 ਅਪ੍ਰੈਲ (ਮਧੂਸਾਰ ਬਿਊਰੋ) ਭਾਰਤ ਵਿਚ ਕੋਰੋਨਾ ਦੀ ਦੂਜੀ ਲਹਿਰ ਨੇ ਤਬਾਹੀ ਮਚਾਈ ਹੋਈ ਹੈ। ਹੁਣ ਅੰਤਰਰਾਸ਼ਟਰੀ ਪੱਧਰ ‘ਤੇ ਕਈ ਦੇਸ਼ ਮਦਦ ਲਈ ਅੱਗੇ ਆਏ ਹਨ। ਇਸ ਦੌਰਾਨ ਇੰਗਲੈਂਡ ਵਿਚ ਜਲੌਹ ਹਲਕੇ ਤੋਂ ਭਾਰਤੀ ਮੂਲ ਦੇ ਸਿੱਖ ਐੱਮ.ਪੀ. ਤਨਮਨਜੀਤ ਸਿੰਘ ਢੇਸੀ ਨੇ ਭਾਰਤ ਵਿਚ ਤੇਜੀ ਨਾਲ ਫੈਲ ਰਹੇ ਕੋਰੋਨਾ ਤੇ ਇਸ ਨਾਲ ਵੱਡੀ ਗਿਣਤੀ ਵਿਚ ਹੋ ਰਹੀਆਂ ਮੌਤਾਂ ਦਾ ਮੁੱਦਾ ਯੂਕੇ ਸੰਸਦ ਵਿਚ ਚੁੱਕਿਆ। ਉਹਨਾਂ ਨੇ ਕਿਹਾ ਕਿ ਪੂਰੇ ਵਿਸ਼ਵ ਵਿਚ ਮੌਜੂਦਾ ਸਮੇਂ ਭਾਰਤ ਇਕ ਅਜਿਹਾ ਦੇਸ਼ ਹੈ ਜਿੱਥੇ ਕੋਰੋਨਾ ਦੇ ਮਾਮਲੇ ਸਭ ਤੋਂ ਵੱਧ ਸਾਹਮਣੇ ਆ ਰਹੇ ਹਨ ਅਤੇ ਇਹ ਬਹੁਤ ਹੀ ਵੱਡੀ ਚਿੰਤਾ ਦਾ ਵਿਸ਼ਾ ਹੈ।
ਢੇਸੀ ਨੇ ਕਿਹਾ ਕਿ ਇੰਗਲੈਂਡ ਵਿਚ ਵੱਸਦੇ ਭਾਰਤੀ ਉੱਥੋਂ ਦੇ ਹਾਲਾਤ ਬਾਰੇ ਜਾਣ ਕੇ ਭਾਰਤ ਰਹਿੰਦੇ ਆਪਣੇ ਪਰਿਵਾਰਾਂ ਪ੍ਰਤੀ ਚਿੰਤਤ ਹਨ। ਉਹਨਾਂ ਨੇ ਕਿਹਾ ਕਿ ਵੱਡੀ ਚਿੰਤਾ ਇਹ ਹੈ ਕਿ ਆਕਸੀਜਨ ਦੀ ਘਾਟ ਕਰ ਕੇ ਲੋਕ ਸੜਕਾਂ ‘ਤੇ ਹੀ ਮਰ ਰਹੇ ਹਨ। ਅਜਿਹੀਆਂ ਖਬਰਾ ਦੇਖ ਕੇ ਇੰਗਲੈਂਡ ਸਮੇਤ ਹੋਰ ਦੇਸ਼ਾਂ ਵਿਚ ਰਹਿੰਦੇ ਭਾਰਤੀ ਬਹੁਤ ਜ?ਿਆਦਾ ਪਰੇਸ਼ਾਨ ਹਨ। ਐਮ.ਪੀ. ਢੇਸੀ ਨੇ ਕਿਹਾ ਕਿ ਭਾਰਤ ਵਿਚ ਰੋਜਾਨਾ ਕੇਸਾਂ ਦੀ ਗਿਣਤੀ ਰਿਕਾਰਡ ਪੱਧਰ ‘ਤੇ ਵੱਧ ਰਹੀ ਹੈ ਜੋ ਕਿ ਪੂਰੇ ਵਿਸ਼ਵ ਦੇ ਕਿਸੇ ਹੋਰ ਦੇਸ਼ ਵਿਚ ਨਹੀਂ ਹੈ। ਉਹਨਾਂ ਨੇ ਕਿਹਾ ਕਿ ਸਾਨੂੰ ਔਖੇ ਸਮੇਂ ਭਾਰਤੀ ਲੋਕਾਂ ਦੀ ਵੱਧ ਤੋਂ ਵੱਧ ਮਦਦ ਕਰਨ ਲਈ ਉਪਰਾਲੇ ਕਰਨੇ ਚਾਹੀਦੇ ਹਨ।
ਸੰਸਦ ਵਿਚ ਮੌਜੂਦ ਸਪੀਕਰ ਨੇ ਐੱਮ.ਪੀ.ਢੇਸੀ ਵੱਲੋਂ ਪੇਸ਼ ਕੀਤੇ ਗਏ ਭਾਸ਼ਣ ਅਤੇ ਦਿੱਤੇ ਗਏ ਸੁਝਾਅ ਦੀ ਸ਼ਲਾਘਾ ਕੀਤੀ।ਉਹਨਾਂ ਨੇ ਕਿਹਾ ਕਿ ਉਹਨਾਂ ਵੱਲੋਂ ਚੁੱਕਿਆ ਗਿਆ ਮੁੱਦਾ ਬਿਲਕੁੱਲ ਸਹੀ ਹੈ ਅਤੇ ਇੰਗਲੈਂਡ ਵੱਲੋਂ ਭਾਰਤ ਦੀ ਮਦਦ ਲਈ ਵੱਧ ਤੋਂ ਵੱਧ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ।

