ਕਾਂਗਰਸ ਦੇ ਸੀਨੀਅਰ ਨੇਤਾ ਤਰਸੇਮ ਲਾਲ ਬਨੌਤਰਾ ਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ
ਪਿਛਲੇ ਕੁਝ ਦਿਨਾਂ ਤੋਂ ਸਨ ਬਿਮਾਰ
ਮਜ਼ਦੂਰਾਂ ਦੇ ਹਮਦਰਦ ਲੀਡਰ ਵਜੋਂ ਮਸ਼ਹੂਰ ਸਨ ਸ੍ਰੀ ਬਨੌਤਰਾ
ਦੀਨਾਨਗਰ, 2 ਮਈ (ਸਰਬਜੀਤ ਸਾਗਰ) ਗਰੀਬ ਤੇ ਮਜ਼ਦੂਰ ਵਰਗ ਦੇ ਮਸੀਹਾ ਵਜੋਂ ਜਾਣੇ ਜਾਂਦੇ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਤੇ ਕਾਂਗਰਸ ਦੇ ਸੀਨੀਅਰ ਨੇਤਾ ਤਰਸੇਮ ਲਾਲ ਬਨੌਤਰਾ ਦਾ ਬੀਤੀ ਦੇਰ ਰਾਤ ਦੇਹਾਂਤ ਹੋ ਗਿਆ। ਉਹ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਸਨ ਅਤੇ ਸਨਿੱਚਰਵਾਰ ਦੇਰ ਰਾਤ ਦਿਲ ਦਾ ਦੌਰਾ ਪੈਣ ’ਤੇ ਉਨ੍ਹਾਂ ਦੀ ਮੌਤ ਹੋ ਗਈ। ਉਹ ਕਰੀਬ 65 ਵਰ੍ਹਿਆਂ ਦੇ ਸਨ।
ਸ੍ਰੀ ਬਨੌਤਰਾ ਦਾ ਸਿਆਸੀ ਸਫ਼ਰ ਕਾਫ਼ੀ ਲੰਮਾਂ ਰਿਹਾ ਅਤੇ ਸ਼ੁਰੂਆਤ ’ਚ ਭਾਰਤੀ ਕਮਿਊਨਿਸਟ ਪਾਰਟੀ ਨਾਲ ਜੁਡ਼ ਕੇ ਕਈ ਸਾਲ ਉਨ੍ਹਾਂ ਗਰੀਬਾਂ ਤੇ ਮਜ਼ਦੂਰਾਂ ਦੇ ਹੱਕਾਂ ਲਈ ਲਡ਼ਾਈਆਂ ਲਡ਼ੀਆਂ ਅਤੇ ਜੇਲ੍ਹ ਵੀ ਗਏ। ਇੱਕ ਸਮੇਂ ਕਮਿਊਨਿਸਟ ਪਾਰਟੀ ਤੇ ਹਲਕਾ ਦੀਨਾਨਗਰ ਅੰਦਰ ਦਿੱਗਜ ਲੀਡਰ ਵਜੋਂ ਉਨ੍ਹਾਂ ਦੀ ਚੰਗੀ ਧਾਕ ਸੀ। ਅਤਿਵਾਦੀਆਂ ਦੀ ਹਿੱਟ ਲਿਸਟ ’ਤੇ ਹੋਣ ਕਾਰਨ ਸਰਕਾਰ ਵੱਲੋਂ ਉਨ੍ਹਾਂ ਨੂੰ ਵੱਡੀ ਤਾਦਾਦ ’ਚ ਸੁਰੱਖਿਆ ਕਰਮੀ ਮੁਹੱਈਆ ਕਰਵਾਏ ਗਏ ਸਨ। ਬਾਅਦ ਵਿੱਚ ਉਹ ਬਹੁਜਨ ਸਮਾਜ ਪਾਰਟੀ ਤੇ ਕੁਝ ਸਮਾਂ ਭਾਜਪਾ ’ਚ ਵੀ ਰਹੇ ਅਤੇ ਹਰ ਜਗ੍ਹਾ ਉਨ੍ਹਾਂ ਮਜ਼ਦੂਰਾਂ ਤੇ ਗਰੀਬਾਂ ਦੀ ਆਵਾਜ਼ ਨੂੰ ਚੁੱਕਿਆ। ਅਖ਼ੀਰ ਉਹ ਦੀਨਾਨਗਰ ਹਲਕੇ ਅੰਦਰ ਮੌਜੂਦਾ ਕੈਬਨਿਟ ਮੰਤਰੀ ਅਰੁਣਾ ਚੌਧਰੀ ਦੇ ਵਿਕਾਸ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਕਾਂਗਰਸ ਵਿੱਚ ਸ਼ਾਮਲ ਹੋ ਗਏ ਅਤੇ ਪਾਰਟੀ ਨੇ ਉਨ੍ਹਾਂ ਨੂੰ ਜ਼ਿਲ੍ਹਾ ਜਨਰਲ ਸਕੱਤਰ ਦੇ ਅਹਿਮ ਅਹੁਦੇ ਨਾਲ ਨਿਵਾਜਿਆ। ਕਾਂਗਰਸ ਨਾਲ ਜੁਡ਼ਣ ਦੇ ਬਾਵਜੂਦ ਉਹ ਮਜ਼ਦੂਰ ਵਰਗ ਤੋਂ ਵੱਖ ਨਹੀਂ ਹੋਏ ਅਤੇ ਕਮਿਊਨਿਸਟ ਵਿਚਾਰਧਾਰਾ ’ਤੇ ਚੱਲਦੇ ਹੋਏ ਹਮੇਸ਼ਾ ਗਰੀਬਾਂ ਤੇ ਮਜ਼ਦੂਰਾਂ ਨਾਲ ਹਰ ਸੰਘਰਸ਼ ’ਚ ਅੱਗੇ ਹੋ ਕੇ ਖਡ਼੍ਹਦੇ ਰਹੇ। ਉਨ੍ਹਾਂ ਦਾ ਅੰਤਿਮ ਸਸਕਾਰ ਅੱਜ ਬਾਅਦ ਦੁਪਹਿਰ ਕੀਤਾ ਗਿਆ।
ਬੌਕਸ
ਕੈਬਨਿਟ ਮੰਤਰੀ ਅਰੁਣਾ ਚੌਧਰੀ ਤੇ ਅਸ਼ੋਕ ਚੌਧਰੀ ਵੱਲੋਂ ਬਨੌਤਰਾ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ
ਕੈਬਨਿਟ ਮੰਤਰੀ ਪੰਜਾਬ ਅਰੁਣਾ ਚੌਧਰੀ ਅਤੇ ਕਾਂਗਰਸ ਕਮੇਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਸ਼ੋਕ ਚੌਧਰੀ ਸਮੇਤ ਹਲਕੇ ਦੇ ਸਮੂਹ ਕਾਂਗਰਸੀ ਨੇਤਾਵਾਂ ਨੇ ਤਰਸੇਮ ਲਾਲ ਬਨੌਤਰਾ ਦੀ ਅਚਨਚੇਤ ਮੌਤ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਅਰੁਣਾ ਚੌਧਰੀ ਨੇ ਕਿਹਾ ਕਿ ਅਜਿਹੇ ਜੁਝਾਰੂ ਲੀਡਰ ਦੀ ਕਮੀ ਹਮੇਸ਼ਾ ਰਡ਼ਕਦੀ ਰਹੇਗੀ, ਕਿਉਂਕਿ ਉਹ ਪਾਰਟੀ ਦੇ ਨਾਲ-ਨਾਲ ਮਜ਼ਦੂਰ ਵਰਗ ਦੇ ਆਗੂਕਾਰ ਵਜੋਂ ਵੀ ਸਰਗਰਮੀ ਨਾਲ ਵਿਚਰਦੇ ਸਨ। ਅਸ਼ੋਕ ਚੌਧਰੀ ਨੇ ਕਿਹਾ ਕਿ ਪਾਰਟੀ ਲਈ ਇਹ ਵੱਡਾ ਘਾਟਾ ਹੈ, ਜਿਸਨੂੰ ਪੂਰਾ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਉਹ ਦੁੱਖੀ ਪਰਿਵਾਰ ਦੇ ਨਾਲ ਹਨ ਅਤੇ ਸ੍ਰੀ ਬਨੌਤਰਾ ਦੀਆਂ ਪਾਰਟੀ ਪ੍ਰਤੀ ਸੇਵਾਵਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।

