ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਕੈਂਸਰ ਮਰੀਜਾਂ ਲਈ ਕੀਮੋਥੈਰੇਪੀ ਦੇ ਪ੍ਰਬੰਧ ਲਈ ਕੋਸ਼ਿਸ਼ਾਂ ਕਰਨ ਦੇ ਨਿਰਦੇਸ਼
ਚੰਡੀਗੜ੍ਹ, 7 ਮਈ (ਮਧੂਸਾਰ ਬਿਊਰੋ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਮੈਡੀਕਲ ਸਿੱਖਿਆ ਮੰਤਰੀ ਓ.ਪੀ. ਸੋਨੀ ਨੂੰ ਹਦਾਇਤ ਕੀਤੀ ਕਿ ਉਹ ਬਠਿੰਡਾ ਸਿਵਲ ਹਸਪਤਾਲ ਵਿੱਚ ਕੈਂਸਰ ਦੇ ਮਰੀਜਾਂ ਨੂੰ ਕੀਮੋਥੈਰੇਪੀ ਮੁਹੱਈਆ ਕਰਾਉਣ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਉਣ ਜਦੋਂਕਿ ਜ਼ਿਲ੍ਹੇ ਦੇ ਕੈਂਸਰ ਹਸਪਤਾਲ ਨੂੰ ਕੋਵਿਡ ਮਰੀਜਾਂ ਲਈ ਐਲ 3 ਸਹੂਲਤ ਵਜੋਂ ਵਰਤਣਾ ਜਾਰੀ ਰੱਖਿਆ ਜਾਵੇ।
ਇਹ ਨਿਰਦੇਸ ਕੋਵਿਡ ਸਮੀਖਿਆ ਮੀਟਿੰਗ ਦੌਰਾਨ ਸਿਹਤ ਮੰਤਰੀ ਵੱਲੋਂ ਕੈਂਸਰ ਹਸਪਤਾਲ ਨੂੰ ਪ੍ਰਸਾਸਨ ਵੱਲੋਂ ਕੋਵਿਡ ਸਹੂਲਤ ਵਜੋਂ ਵਰਤਣ ਕਾਰਨ ਕੈਂਸਰ ਦੇ ਮਰੀਜਾਂ ਨੂੰ ਹੋਣ ਵਾਲੀਆਂ ਸਮੱਸਿਆਵਾਂ ਬਾਰੇ ਚਿੰਤਾ ਜਾਹਰ ਕਰਨ ਉਪਰੰਤ ਜਾਰੀ ਕੀਤਾ ਗਿਆ।
ਮੁੱਖ ਸਕੱਤਰ ਵੱਲੋਂ ਬਠਿੰਡਾ ਵਿੱਚ ਕੋਈ ਹੋਰ ਐਲ 3 ਸਹੂਲਤ ਨਾ ਹੋਣ ਦੀ ਸੂਰਤ ਵਿੱਚ ਕੈਂਸਰ ਹਸਪਤਾਲ ਨੂੰ ਕੋਵਿਡ ਸਹੂਲਤ ਵਜੋਂ ਵਰਤਣ ਲਈ ਲਏ ਗਏ ਫੈਸਲੇ ਦੀ ਹਮਾਇਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕੈਂਸਰ ਦੇ ਜਿੰਨਾ ਮਰੀਜਾਂ ਨੂੰ ਨਿਯਮਤ ਤੌਰ ‘ਤੇ ਦਰਦ ਪ੍ਰਬੰਧਨ ਦੀ ਲੋੜ ਹੁੰਦੀ ਹੈ ਉਨ੍ਹਾਂ ਲਈ ਕੁਝ ਬਦਲਵੇਂ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ।
ਇਸ ਤੋਂ ਪਹਿਲਾਂ ਮੁੱਖ ਸਕੱਤਰ ਵਿਨੀ ਮਹਾਜਨ ਨੇ ਕਿਹਾ ਕਿ ਕੈਂਸਰ ਹਸਪਤਾਲ ਦੇ 25 ਬੈੱਡ ਕੋਵਿਡ-19 ਮਰੀਜਾਂ ਲਈ ਵਰਤੇ ਜਾ ਰਹੇ ਹਨ ਕਿਉਂਕਿ ਬਠਿੰਡਾ ਏਮਜ ਐੱਲ 3 ਦੇ ਇਲਾਜ ਲਈ ਉਪਲਬਧ ਨਹੀਂ ਹੈ ਅਤੇ ਦੱਖਣੀ ਪੰਜਾਬ ਦੇ ਮਰੀਜਾਂ ਨੂੰ ਇਲਾਜ ਲਈ ਅਜਿਹੀ ਕੋਈ ਹੋਰ ਸਹੂਲਤ ਉਪਲਬਧ ਨਾ ਹੋਣ ਕਰਕੇ ਗੰਭੀਰ ਮਰੀਜਾਂ ਨੂੰ ਇਲਾਜ ਲਈ ਲੁਧਿਆਣਾ ਜਾਂ ਪਟਿਆਲਾ ਵਿਖੇ ਜਾਣਾ ਪੈਂਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇੱਥੇ ਕੈਂਸਰ ਦੇ 40 ਮਰੀਜ ਹਨ ਜੋ ਕੈਂਸਰ ਹਸਪਤਾਲ ਜਾਂਦੇ ਹਨ ਅਤੇ ਇੱਕ ਵੱਖਰੇ ਆਉਣ ਅਤੇ ਬਾਹਰ ਜਾਣ ਦੇ ਰਾਸਤੇ ਨਾਲ ਵੱਖਰੇ ਖੇਤਰ ਵਿੱਚ ਇਲਾਜ ਕਰਵਾਉਂਦੇ ਹਨ ਜਿਸ ਨਾਲ ਉਨ੍ਹਾਂ ਨੂੰ ਕੋਵਿਡ ਸਬੰਧੀ ਕੋਈ ਖਤਰਾ ਨਹੀਂ ਹੁੰਦਾ।
ਮੁੱਖ ਮੰਤਰੀ ਨੇ ਹਦਾਇਤ ਕੀਤੀ ਕਿ ਸਿਵਲ ਹਸਪਤਾਲ ਵਿਖੇ ਕੈਂਸਰ ਦੇ ਮਰੀਜਾਂ ਨੂੰ ਇਹ ਇਲਾਜ ਮੁਹੱਈਆ ਕਰਵਾਉਣ ਲਈ ਕਦਮ ਚੁੱਕੇ ਜਾਣੇ ਚਾਹੀਦੇ ਹਨ ਤਾਂ ਜੋ ਐਲ 3 ਕੋਵਿਡ ਮਰੀਜਾਂ ਲਈ ਵਧੇਰੇ ਬੈੱਡ ਉਪਲਬਧ ਹੋ ਸਕਣ।

