ਜੰਮੂ ਕਸ਼ਮੀਰ : ਸੁਰੱਖਿਆ ਫੋਰਸਾਂ ਨੇ ਮੁਕਾਬਲੇ ’ਚ ਢੇਰ ਕੀਤੇ ਲਸ਼ਕਰ ਦੇ ਤਿੰਨ ਅੱਤਵਾਦੀ
ਸ਼੍ਰੀਨਗਰ 11 ਮਈ (ਮਧੂਸਾਰ ਬਿਊਰੋ) ਜੰਮੂ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ੍ਹੇ ’ਚ ਮੰਗਲਵਾਰ ਨੂੰ ਸੁਰੱਖਿਆ ਫੋਰਸਾਂ ਨਾਲ ਮੁਕਾਬਲੇ ’ਚ ਲਸ਼ਕਰ ਦੇ ਤਿੰਨੋਂ ਅੱਤਵਾਦੀ ਮਾਰੇ ਗਏ। ਪੁਲਸ ਬੁਲਾਰੇ ਨੇ ਦੱਸਿਆ ਕਿ ਅੱਤਵਾਦੀਆਂ ਦੀ ਮੌਜੂਦਗੀ ਦੀ ਖੁਫੀਆ ਸੂਚਨਾ ਦੇ ਆਧਾਰ ’ਤੇ ਰਾਸ਼ਟਰੀ ਰਾਈਫਲਜ, ਕੇਂਦਰੀ ਰਿਜਰਵ ਪੁਲਸ ਫੋਰਸ ਅਤੇ ਪੁਲਸ ਦੇ ਵਿਸ਼ੇਸ਼ ਮੁਹਿੰਮ ਸਮੂਹ ਨੇ ਸਵੇਰੇ ਅਨੰਤਨਾਗ ਤੋਂ ਕਰੀਬ 30 ਕਿਲੋਮੀਟਰ ਦੂਰ ਵੈਲੂ ਕੋਕਰਨਾਗ ਦੇ ਜੰਗਲੀ ਇਲਾਕਿਆਂ ’ਚ ਸੰਯੁਕਤ ਘੇਰਾਬੰਦੀ ਅਤੇ ਤਲਾਸ਼ ਮੁਹਿੰਮ ਚਲਾਈ। ਵੈਲੂ ’ਚ ਸਾਰੇ ਨਿਕਾਸੀ ਸਥਾਨਾਂ ਨੂੰ ਸੀਲ ਕਰਨ ਤੋਂ ਬਾਅਦ ਸੁਰੱਖਿਆ ਫੋਰਸ ਦੇ ਜਵਾਨ ਸ਼ੱਕੀ ਇਲਾਕੇ ਵੱਲ ਵੱਧ ਰਹੇ ਸਨ, ਉਦੋਂ ਉੱਥੇ ਲੁਕੇ ਅੱਤਵਾਦੀਆਂ ਨੇ ਅੰਨ੍ਹੇਵਾਹ ਗੋਲੀਬਾਰੀ ਸ਼ੁਰੂ ਕਰ ਦਿੱਤੀ।
ਇਸ ਦੌਰਾਨ ਜਵਾਬੀ ਕਾਰਵਾਈ ’ਚ ਸੁਰੱਖਿਆ ਫੋਰਸਾਂ ਨੇ ਵੀ ਗੋਲੀਆਂ ਚਲਾਈਆਂ। ਦੋਹਾਂ ਪੱਖਾਂ ਵਿਚਾਲੇ ਮੁਕਾਬਲੇ ’ਚ 3 ਅੱਤਵਾਦੀ ਮਾਰੇ ਗਏ। ਉਨ੍ਹਾਂ ਦੱਸਿਆ ਕਿ ਕਿਸੇ ਕਾਨੂੰਨ ਵਿਵਸਥਾ ਦੀ ਗੜਬੜੀ ਨੂੰ ਰੋਕਣ ਲਈ ਇਲਾਕੇ ’ਚ ਐਡੀਸ਼ਨਲ ਸੁਰੱਖਿਆ ਫੋਰਸ ਅਤੇ ਪੁਲਸ ਮੁਲਾਜਮ ਤਾਇਨਾਤ ਕੀਤੇ ਗਏ ਹਨ। ਅੰਤਿਮ ਰਿਪੋਰਟ ਮਿਲਣ ਤੱਕ ਇਲਾਕੇ ’ਚ ਤਲਾਸ਼ ਮੁਹਿੰਮ ਜਾਰੀ ਸੀ।

