ਛੱਪੜ ’ਚ ਨਹਾਉਣ ਗਏ ਪੰਜ ਬੱਚਿਆਂ ਦੀ ਡੁੱਬਣ ਨਾਲ ਮੌਤ !
ਮੁੱਖ ਮੰਤਰੀ ਨੇ ਪ੍ਰਗਟਾਇਆ ਦੁੱਖ, ਪੀੜਤ ਪਰਿਵਾਰ ਨੂੰ ਮਦਦ ਦੇਣ ਦਾ ਐਲਾਨ
ਲੁਧਿਆਣਾ 14 ਮਈ (ਮਧੂਸਾਰ ਬਿਊਰੋ) ਚੰਡੀਗੜ੍ਹ ਰੋਡ ’ਤੇ ਸਥਿਤ ਕੁਹਾੜਾ ਨੇੜਲੇ ਪਿੰਡ ਮਾਨਗੜ੍ਹ ਦੇ ਛੱਪੜ ਵਿਚ ਨਹਾਉਣ ਗਏ ਪੰਜ ਬੱਚਿਆਂ ਦੀ ਡੁੱਬਣ ਨਾਲ ਮੌਤ ਹੋਣ ਦਾ ਸਮਾਚਾਰ ਮਿਲਿਆ। ਜਾਣਕਾਰੀ ਅਨੁਸਾਰ ਮਿ੍ਰਤਕ ਬੱਚਿਆਂ ਵਿਚੋਂ ਇਕੋ ਪਰਿਵਾਰ ਦੇ ਤਿੰਨ ਬੱਚਿਆਂ ਦੀ ਮੌਤ ਹੋ ਗਈ ਹੈ। ਛੱਪੜ ਵਿਚੋਂ ਤਿੰਨ ਬੱਚਿਆਂ ਦੀਆਂ ਲਾਸ਼ਾਂ ਕੱਢਣ ਲਈਆਂ ਗਈਆਂ ਅਤੇ ਦੋ ਬੱਚਿਆਂ ਦੀਆਂ ਲਾਸ਼ਾਂ ਦੀ ਭਾਲ ਜਾਰੀ ਹੈ। ਇਸ ਮੌਕੇ ਥਾਣਾ ਕੂੰਮ ਕਲਾਂ ਦੀ ਪੁਲਿਸ ਪਾਰਟੀ ਐਸ ਐਚ ਓ ਹਰਸ਼ਪਾਲ ਸਿੰਘ ਦੀ ਅਗਵਾਈ ’ਚ ਪੁੱਜੀ, ਜਿਨਾਂ ਵੱਲੋਂ ਲਾਪਤਾ ਬੱਚਿਆਂ ਦੀ ਭਾਲ ਗੋਤਾਖੋਰਾਂ ਨੂੰ ਬੁਲਾ ਕੇ ਕੀਤੀ ਜਾ ਰਹੀ ਹੈ। ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ ਅਨੁਸਾਰ ਚਾਰ ਬੱਚਿਆਂ ਦੀ ਲਾਸ਼ਾਂ ਬਰਾਮਦ ਹਨ, ਜਦਕਿ ਇਕ ਦੀ ਭਾਲ ਕੀਤੀ ਜਾ ਰਹੀ ਹੈ। ਮਿ੍ਰਤਕ ਬੱਚਿਆਂ ਵਿਚ 7 ਤੋਂ 10 ਸਾਲਾਂ ਤੱਕ ਬੱਚੇ ਸ਼ਾਮਲ ਸਨ।
ਇਸ ਘਟਨਾ ’ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਪੀੜਤ ਪਰਿਵਾਰਾਂ ਨੂੰ ਐਕਸ ਗਰੇਸੀਆ ਗ੍ਰਾਂਟ 50000 ਹਜ਼ਾਰ ਰੁਪਏ ਪ੍ਰਤੀ ਪਰਿਵਾਰ ਮਦਦ ਦੇਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਪਰਿਵਾਰ ’ਤੇ ਅਚਾਨਕ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ ਅਤੇ ਉਹ ਪੀੜਤ ਪਰਿਵਾਰ ਨਾਲ ਗਹਿਰਾ ਦੁੱਖ ਪ੍ਰਗਟ ਕਰਦੇ ਹਨ।

