ਵੈਕਸੀਨੇਸ਼ਨ ਲਈ ਅਦਾਲਤਾਂ ਦਾ ਰੁਖ ਕਰਨਾ ਫੈਸ਼ਨ ਬਣ ਗਿਐ : ਦਿੱਲੀ ਹਾਈ ਕੋਰਟ
ਨਵੀਂ ਦਿੱਲੀ, 18 ਮਈ (ਮਧੂਸਾਰ ਬਿਊਰੋ) ਦਿੱਲੀ ਹਾਈ ਕੋਰਟ ਨੇ ਵਿਦੇਸ਼ੀ ਕਰੋਨਾ ਵੈਕਸੀਨਾਂ ਨੂੰ ਕਲੀਨਿਕਲ ਟਰਾਇਲਾਂ ਤੋਂ ਛੋਟ ਦੇਣ ਸਬੰਧੀ ਪਟੀਸ਼ਨ ’ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਕਰਦਿਆਂ ਕਿਹਾ ਕਿ ਵੈਕਸੀਨੇਸ਼ਨ ਲਈ ਅਦਾਲਤਾਂ ਦਾ ਰੁਖ ਕਰਨਾ ਫੈਸ਼ਨ ਬਣ ਗਿਆ ਹੈ।
ਚੀਫ ਜਸਟਿਸ ਡੀਐੱਨ ਪਟੇਲ ਅਤੇ ਜਸਟਿਸ ਜੋਤੀ ਸਿੰਘ ਦੇ ਬੈਂਚ ਨੇ ਕਿਹਾ ਕਿ ਪਟੀਸ਼ਨ ਰਾਹੀਂ ਮੰਗੀ ਗਈ ਰਾਹਤ ਇੱਕ ਨੀਤੀਗਤ ਫੈਸਲਾ ਹੈ ਅਤੇ ਇਹ ਅਦਾਲਤ ਦੇ ਅਧਿਕਾਰ ਖੇਤਰ ਵਿੱਚ ਨਹੀਂ ਆਉਂਦਾ। ਹਾਈ ਕੋਰਟ ਨੇ ਇਸ ਗੱਲ ’ਤੇ ਜੋਰ ਦਿੱਤਾ ਕਿ ਅਦਾਲਤਾਂ ਸਿਰਫ ਵਿਸ਼ੇਸ਼ ਕੇਸਾਂ ਵਿੱਚ ਹੀ ਨੀਤੀਗਤ ਫੈਸਲਿਆਂ ਦੀਆਂ ਸੰਭਾਵਨਾਵਾਂ ਬਾਰੇ ਵਿਚਾਰ ਕਰ ਸਕਦੀਆਂ ਹਨ। ਅਦਾਲਤ ਨੇ ਕਿਹਾ, ‘‘ਇਹ ਫੈਸ਼ਨ ਬਣ ਗਿਆ ਹੈ ਕਿ ਲੋਕ ਸਮੇਂ-ਸਮੇਂ ’ਤੇ ਵੈਕਸੀਨੇਸ਼ਨ ਲਈ ਅਦਾਲਤਾਂ ਦਾ ਰੁਖ ਕਰ ਰਹੇ ਹਨ।’’ ਅਦਾਲਤ ਨੇ ਕਿਹਾ ਕਿ ਜੇ ਹਰੇਕ ਨੂੰ ਤਰਜੀਹ ਮਿਲਣ ਲੱਗੀ ਤਾਂ ਸਵਾਲ ਉੱਠਦਾ ਹੈ ਕਿ ਕਤਾਰ ਵਿੱਚ ਅਗਲਾ ਕੌਣ ਹੋਵੇਗਾ। ਸਰਕਾਰ ਦੀਆਂ ਆਪਣੀਆਂ ਵੀ ਤਰਜੀਹਾਂ ਹਨ।

