ਮਰੀਜ਼ਾਂ ਤੋਂ ਵਾਧੂ ਚਾਰਜਜ ਵਸੂਲਣ ਦੇ ਦੋਸ਼ਾਂ ਦੀ ਉਚ ਪੱਧਰੀ ਕਮੇਟੀ ਕਰੇਗੀ ਜਾਂਚ : ਅਨਿਲ ਵਿਜ
ਚੰਡੀਗੜ੍ਹ, 21 ਮਈ (ਮਧੂਸਾਰ ਬਿਊਰੋ) ਹਰਿਆਣਾ ਦੇ ਸਿਹਤ ਤੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਪੰਚਕੂਲਾ ਸਥਿਤ ਪਾਰਸ ਹਸਪਤਾਲ ਵੱਲੋਂ ਮਰੀਜਾਂ ਤੋਂ ਓਵਰ ਚਾਰਜਿੰਗ ਕਰਨ ਦੇ ਦੋਸ਼ਾਂ ਦੀ ਮੁੜ ਜਾਂਚ ਲਈ ਤਿੰਨ ਉੱਚ ਪੱਧਰੀ ਅਧਿਕਾਰੀਆਂ ਦੀ ਕਮੇਟੀ ਦਾ ਗਠਨ ਕਰਨ ਦੇ ਆਦੇਸ਼ ਦਿੱਤੇ ਹਨ।
ਗ੍ਰਹਿ ਮੰਤਰੀ ਨੂੰ ਕੁਝ ਦਿਨਾਂ ਪਹਿਲਾਂ ਹਰਿਆਣਾ ਵਿਧਾਨ ਸਭਾ ਸਪੀਕਰ ਗਿਆਨ ਚੰਦ ਗੁਪਤਾ ਨੇ ਇਕ ਸ਼ਿਕਾਇਤ ਦਿੱਤੀ ਸੀ, ਜਿਸ ਵਿਚ ਉਪਰੋਕਤ ਹਸਪਤਾਲ ‘ਤੇ 3 ਮਰੀਜਾਂ ਦਾ ਆਰਥਿਕ ਸ਼ੋਸ਼ਣ ਕਰਨ ਦਾ ਦੋਸ਼ ਲਗਾਇਆ ਗਿਆ ਸੀ। ਇੰਨ੍ਹਾਂ ਦੋਸ਼ਾਂ ਦੀ ਜਾਂਚ ਲਈ ਜਿਲਾ ਪੱਧਰ ‘ਤੇ ਇਕ ਕਮੇਟੀ ਦਾ ਗਠਨ ਕੀਤਾ ਗਿਆ, ਜਿਸ ਨੇ ਆਪਣੀ ਰਿਪੋਰਟ ਸੌਂਪ ਦਿੱਤੀ ਸੀ। ਇਸ ਜਾਂਚ ਰਿਪੋਰਟ ਵਿਚ ਹਸਪਤਾਲ ਵੱਲੋਂ ਕੀਤੀ ਗਈ ਅਜਿਹੀ ਕੁਝ ਬੇਨਿਯਮੀਆਂ ਸਾਮਹਣੇ ਆਈ ਹਨ।
ਸ੍ਰੀ ਵਿਜ ਨੇ ਇਸ ਸਬੰਧ ਵਿਚ ਮੁੜ ਜਾਂਚ ਲਈ ਮੈਡੀਕਲ ਸਿਖਿਆ ਤੇ ਖੋਜ ਵਿਭਾਗ ਦੇ ਡਾਇਰੈਕਟਰ ਜਨਰਲ ਡਾ. ਸ਼ਾਲੀਨ, ਸਿਹਤ ਵਿਭਾਗ ਦੇ ਵਧੀਕ ਡਾਇਰੈਕਟਰ ਜਨਰਲ ਡਾ. ਵੀ.ਕੇ.ਬੰਸਲ ਅਤੇ ਲੇਖਾ ਵਿਭਾਗ ਦੇ ਸੀਨੀਅਰ ਲੇਖਾ ਅਧਿਕਾਰੀ ਨੂੰ ਕਮੇਟੀ ਵਿਚ ਸ਼ਾਮਿਲ ਕਰਨ ਦੇ ਆਦੇਸ਼ ਦਿੱਤੇ ਹਨ। ਇਹ ਕਮੇਟੀ ਸਾਰੇ ਤੱਥਾਂ ਦੀ ਗੰਭੀਰਤਾ ਨਾਲ ਜਾਂਚ ਕਰਕੇ ਇਕ ਹਫਤੇ ਵਿਚ ਰਿਪੋਰਟ ਪੇਸ਼ ਕਰੇਗੀ।

