ਅੰਮ੍ਰਿਤਸਰ

ਕੋਵਿਡ ਆਫਤ ਦਾ ਸੰਗਤਾਂ ਸੁਚੇਤ ਰਹਿ ਕੇ ਕਰੇ ਮੁਕਾਬਲਾ : ਬਾਬਾ ਬਲਬੀਰ ਸਿੰਘ

ਅੰਮਿ੍ਰਤਸਰ, 23 ਮਈ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਨਿਹੰਗ ਸਿੰਘਾਂ ਦੀ ਮੁਖ ਜਥੇਬੰਦੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਦੇ ਮੁਖੀ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਕਰੋਨਾ ਦੀ ਮੌਜੂਦਾ ਸਥਿਤੀ ਤੇ ਚਿੰਤਾ ਵਿਅਕਤ ਕਰਦਿਆਂ ਕਿਹਾ ਕਿ ਦਿਨੋ ਦਿਨ ਕਰੋਨਾ ਮਹਾਂਮਾਰੀ ਦੇ ਮਾਰੂ ਹਮਲੇ ਕਾਰਨ ਬਹੁਤ ਸਾਰੀਆਂ ਕੀਮਤੀ ਜਾਨਾਂ ਚਲੀਆਂ ਗਈਆਂ ਤੇ ਜਾ ਰਹੀਆਂ ਹਨ। ਵਾਤਾਵਰਣ ਦੀ ਅਸ਼ੁੱਧਤਾ ਕਾਰਨ ਅਤੇ ਫੈਲ ਰਿਹਾ ਗੰਦਲਾਪਣ ਕਾਰਨ ਨਵੀਆਂ-ਨਵੀਆਂ ਨਾ-ਮੁਰਾਦ ਫੰਗਸ ਵਰਗੀਆਂ ਹੋਰ ਬਿਮਾਰੀਆਂ ਤੇਜ਼ੀ ਨਾਲ ਆਪਣਾ ਵਿਰਾਟ ਰੂਪ ਵਿਖਾ ਰਹੀਆਂ ਹਨ, ਜਿਸ ਨਾਲ ਮਨੁੱਖੀ ਜਾਨਾਂ ਨੂੰ ਖਤਰਾ ਵੱਧਦਾ ਜਾ ਰਿਹਾ ਹੈ।

ਨਿਹੰਗ ਸਿੰਘਾਂ ਦੀ ਛਾਉਣੀ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਸ਼ਹੀਦ ਤੋ ਬੁੱਢਾ ਦਲ ਦੇ ਸਕੱਤਰ ਸ੍ਰ. ਦਿਲਜੀਤ ਸਿੰਘ ਬੇਦੀ ਵੱਲੋਂ ਜਾਰੀ ਇੱਕ ਲਿਖਤੀ ਪ੍ਰੈਸ ਬਿਆਨ ਵਿਚ ਨਿਹੰਗ ਮੁਖੀ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਕਿਹਾ ਕਿ ਭਾਰਤ ਸਰਕਾਰ ਅਤੇ ਸੂਬਾ ਸਰਕਾਰਾਂ ਨੂੰ ਜ਼ੋਰਦਾਰ ਅਪੀਲ ਕੀਤੀ ਹੈ ਕਿ ਨਵਾਂ ਰੂਪ ਲੈ ਕੇ ਆਉਣ ਵਾਲੀਆਂ ਬਿਮਾਰੀਆਂ ਜਿਨ੍ਹਾਂ ਦੀ ਨਿਸ਼ਾਨਦੇਹੀ ਹੋ ਚੁੱਕੀ ਹੈ ਦੇ ਇਲਾਜ ਲਈ ਅਗਾਊ-ਸਚਾਰੂ ਪ੍ਰਬੰਧ ਕਰਨੇ ਚਾਹੀਦੇ ਹਨ, ਜੋ ਦਹਿਸ਼ਤ ਫੈਲ ਰਹੀ ਹੈ ਉਸ ਦੀ ਰੋਕਥਾਮ ਲਈ ਉਸਾਰੂ ਨਿਗਰ ਸੁਝਾਅ ਸਾਹਿਤ ਪ੍ਰਚਾਰ ਪ੍ਰਣਾਲੀ ਨੂੰ ਚੁਸਤ ਦਰੁੱਸਤ ਕਰਨ ਦੀ ਲੋੜ ਹੈ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ, ਦਿਲੀ ਕਮੇਟੀ ਅਤੇ ਹੋਰ ਗੈਰ ਸਰਕਾਰੀ ਸੰਸਥਾਵਾਂ ਨੇ ਦਿਲ ਖੋਲ ਕੇ ਕਰੋਨਾ ਮਹਾਂਮਾਰੀ ਵਿਚ ਆਪਣਾ ਬਣਦਾ ਯੋਗਦਾਨ ਪਾਇਆ ਹੈ ਤੇ ਪਾ ਰਹੀਆਂ ਹਨ।ਸੈਂਟਰ ਸਰਕਾਰ ਤੇ ਸੂਬਾ ਸਰਕਾਰਾਂ ਸਹਿਯੋਗ ਵਜੋਂ ਇਨ੍ਹਾਂ ਸੰਸਥਾਵਾਂ ਦੀ ਲੋੜੀਂਦੀ ਸਹਾਇਤਾ ਕਰਨ ਤਾਂ ਜੋ ਦੁਖੀਆਂ, ਪੀੜਤਾਂ, ਮਰੀਜ਼ਾਂ ਦੀ ਵੱਧ ਤੋਂ ਵੱਧ ਸਹਾਇਤਾ ਹੋ ਸਕੇ।
ਉਨ੍ਹਾਂ ਕਿਹਾ ਕਿ ਕੋਵਿਡ ਮਹਾਂਮਾਰੀ ਨੇ ਦੇਸ਼ ਦੀ ਆਰਥਿਕਤਾ, ਸਮਾਜਕਿਤਾ ਅਤੇ ਸਭਿਆਚਾਰਕ ਦਿਸ਼ਾ ਦਸ਼ਾ ਨੂੰ ਭਾਰੀ ਸੱਟ ਮਾਰੀ ਹੈ।ਸਮੁੱਚੀ ਸਮਾਜਕਿਤਾ ਅਤੇ ਆਰਥਿਕ ਡੱਗਮਗਾ ਚੁੱਕੀ ਹੈ ਇਸ ਨੂੰ ਮੁੜ ਲੀਹ ਤੇ ਲਿਆਉਣ ਲਈ ਸਮਾਂ ਦੀ ਲੋੜ ਹੋਵੇਗੀ ਅਤੇ ਸਾਨੂੰ ਸਭ ਨੂੰ ਰਲ ਮਿਲ ਕੇ ਹਮਲਾ ਮਾਰਨਾ ਪਵੇਗਾ।ਉਨ੍ਹਾਂ ਨਾਲ ਹੀ ਸੰਗਤਾਂ ਨੂੰ ਵੀ ਅਪੀਲ ਕੀਤੀ ਹੈ, ਸੰਜਮ, ਧੀਰਜ ਅਤੇ ਹੋਸਲੇ ਨਾਲ ਇਸ ਆਫਤ ਦਾ ਮੁਕਾਬਲਾ ਕਰਨ।ਹਰ ਵਿਅਕਤੀ ਕੋਵਿਡ ਵੈਕਸੀਨ ਟੀਕਾ ਦਾ ਲਾਭ ਜਰੂਰ ਲਵੇ।ਉਨ੍ਹਾਂ ਆਸ ਪ੍ਰਗਟਾਉਦਿਆਂ ਕਿਹਾ ਸਦਾ ਦਿਨ ਇਕੋ ਜਿਹੇ ਨਹੀਂ ਰਹਿਣੇ, ਪ੍ਰਮਾਤਮਾ ਸੁਖਦ ਘੜੀ ਵੀ ਜਰੂਰ ਲਿਆਵੇਗਾ।ਉਨ੍ਹਾਂ ਕਿਹਾ ਹਰ ਘਰ ਵਿਚ ਸਵੇਰੇ ਸ਼ਾਮ ਨਿਤਨੇਮ, ਨਾਮ ਸਿਮਰਨ, ਗੁਰਬਾਣੀ ਦਾ ਪਾਠ ਕਰੋ।ਪ੍ਰਮਾਤਮਾ ਅੰਗਸੰਗ ਜਰੂਰ ਸਹਾਈ ਹੋਵੇਗਾ।

Leave a Reply

Your email address will not be published. Required fields are marked *