ਪੰਜਾਬਪਟਿਆਲਾ

ਐਮਐਸਪੀ ’ਤੇ ਸਾਰੀਆਂ ਫਸਲਾਂ ਦੀ ਖਰੀਦ ਦੀ ਗਾਰੰਟੀ ਲੈਣ ਸਰਕਾਰਾਂ : ਕੋਕਰੀਕਲਾਂ

ਕਾਲੇ ਖੇਤੀ ਕਾਨੂੰਨਾਂ ਦੇ ਨਾਲ ਹੀ ਕਰੋਨਾ ਦੇ ਖਾਤਮੇ ਸੰਬੰਧੀ ਮੰਗਾਂ ਨੂੰ ਲੈ ਕੇ ਪਟਿਆਲਾ ਵਿਖੇ ਧਰਨਾ ਦੂਜੇ ਦਿਨ ਵੀ ਜਾਰੀ

ਪਟਿਆਲਾ 29 ਮਈ (ਰਮਨਦੀਪ/ਮਧੂਸਾਰ ਬਿਊਰੋ) ਦੇਸੀ ਵਿਦੇਸੀ ਸਾਮਰਾਜੀ ਕਾਰਪੋਰੇਟਾਂ ਦੀ ਅੰਨ੍ਹੀ ਲੁੱਟ ਹੋਰ ਤਿੱਖੀ ਕਰਨ ਲਈ ਕੇਂਦਰ ਸਰਕਾਰ ਵੱਲੋਂ ਲਿਆਂਦੇ ਤਿੰਨੇ ਕਾਲ਼ੇ ਖੇਤੀ ਕਾਨੂੰਨ, ਬਿਜਲੀ ਬਿੱਲ 2020 ਅਤੇ ਪਰਾਲੀ ਆਰਡੀਨੈਂਸ ਰੱਦ ਕਰਨ ਤੋਂ ਇਲਾਵਾ ਐਮ ਐਸ ਪੀ ‘ਤੇ ਸਾਰੀਆਂ ਫਸਲਾਂ ਦੀ ਖਰੀਦ ਦੀ ਗਰੰਟੀ ਦਾ ਕਾਨੂੰਨ ਬਣਾਉਣ ਅਤੇ ਜਨਤਕ ਵੰਡ ਪ੍ਰਨਾਲੀ ਸਾਰੇ ਗਰੀਬ ਲੋਕਾਂ ਲਈ ਲਾਗੂ ਕਰਨ ਵਰਗੀਆਂ ਮੁੱਖ ਮੰਗਾਂ ਸੰਬੰਧੀ ਦੇਸ਼ ਵਿਆਪੀ ਸੰਘਰਸ ਨੂੰ ਹੋਰ ਮਜਬੂਤ ਕਰਨ ਦੇ ਮਕਸਦ ਨਾਲ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਕਰੋਨਾ ਮਹਾਂਮਾਰੀ ਦੇ ਅਸਰਦਾਰ ਟਾਕਰੇ ਸੰਬੰਧੀ ਮੰਗਾਂ ਉੱਤੇ ਜੋਰ ਦੇਣ ਲਈ ਕੱਲ੍ਹ ਤੋਂ ਪੁਡਾ ਗਰਾਊਂਡ ਪਟਿਆਲਾ ਵਿਖੇ ਸ਼ੁਰੂ ਕੀਤਾ ਗਿਆ ਤਿੰਨ ਰੋਜਾ ਧਰਨਾ ਅੱਜ ਵੀ ਜਾਰੀ ਰਿਹਾ।

ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਕਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਲੋੜੀਂਦੇ ਪ੍ਰਬੰਧ ਕਰਨ ਵਿਚ ਬੁਰੀ ਤਰ੍ਹਾਂ ਨਾਕਾਮ ਰਹਿ ਰਹੀ ਪੰਜਾਬ ਸਰਕਾਰ ਕੋਲੋਂ ਵੀ ਮੰਗ ਕੀਤੀ ਜਾ ਰਹੀ ਹੈ ਕਿ ਸਾਰੇ ਵੱਡੇ ਪ੍ਰਾਈਵੇਟ ਹਸਪਤਾਲ ਸਰਕਾਰੀ ਕੰਟਰੋਲ ਹੇਠ ਲਏ ਜਾਣ ਅਤੇ ਲੋੜੀਂਦੇ ਬੈੱਡਾਂ, ਵੈਂਟੀਲੇਟਰਾਂ ਅਤੇ ਆਕਸੀਜਨ ਸਿਲੰਡਰਾਂ ਆਦਿ ਦੇ ਪੂਰੇ ਪ੍ਰਬੰਧ ਕੀਤੇ ਜਾਣ। ਮੈਡੀਕਲ ਸਟਾਫ ਦੀ ਭਾਰੀ ਥੁੜ੍ਹੋਂ ਦੀ ਪੂਰਤੀ ਲਈ ਨਵੀਂ ਭਰਤੀ ਤੁਰੰਤ ਕੀਤੀ ਜਾਵੇ। ਬਚਾਓ ਵਾਲੀ ਵੈਕਸੀਨ ਸਾਰੇ ਲੋਕਾਂ ਨੂੰ ਮੁਫਤ ਮੁਹੱਈਆ ਕਰਵਾਈ ਜਾਵੇ। ਮੁਫਤ ਟੈਸਟਾਂ ਦਾ ਹਰੇਕ ਸ਼ਹਿਰ, ਕਸਬੇ, ਪਿੰਡ ਵਿੱਚ ਪ੍ਰਬੰਧ ਕੀਤਾ ਜਾਵੇ। ਸਾਰੇ ਪ੍ਰਬੰਧਾਂ ਲਈ ਲੋੜੀਂਦਾ ਬਜਟ ਤੁਰੰਤ ਜੁਟਾਇਆ ਜਾਵੇ ਅਤੇ ਇਹਦੀ ਖਾਤਰ ਕਾਰਪੋਰੇਟ ਘਰਾਣਿਆਂ ਸਮੇਤ ਜਗੀਰਦਾਰਾਂ ਤੇ ਵੱਡੇ ਪੂੰਜੀਪਤੀਆਂ ਤੋਂ ਭਾਰੀ ਟੈਕਸ ਵਸੂਲੇ ਜਾਣ। ਸਾਵਧਾਨੀਆਂ ਪ੍ਰਤੀ ਪਿੰਡ ਪਿੰਡ ਵਿਆਪਕ ਸਿੱਖਿਆ ਮੁਹਿੰਮ ਰਾਹੀਂ ਲੋਕਾਂ ਨੂੰ ਜਾਗਿ੍ਰਤ ਕੀਤਾ ਜਾਵੇ ਅਤੇ ਕੁਟਾਪੇ, ਚਲਾਣ, ਗਿ੍ਰਫਤਾਰੀਆਂ ਜਾਂ ਕਰਫਿਊ ਵਰਗਾ ਜਾਬਰ ਸਿਲਸਿਲਾ ਤੁਰੰਤ ਠੱਪ ਕੀਤਾ ਜਾਵੇ। ਵੈਕਸੀਨ ਵੀ ਜਬਰਦਸਤੀ ਲਾਉਣ ਦੀ ਬਜਾਏ ਇਸ ਸੰਬੰਧੀ ਪੈਦਾ ਹੋਏ ਸ਼ੰਕੇ ਜਾਗਿ੍ਰਤੀ ਮੁਹਿੰਮ ਵਿੱਢ ਕੇ ਸਿਹਤ ਅਮਲੇ ਦੁਆਰਾ ਨਵਿਰਤ ਕੀਤੇ ਜਾਣ। 27 ਮਈ ਨੂੰ ਕੈਬਿਨੇਟ ਮੰਤਰੀ ਸ੍ਰੀ ਸਾਧੂ ਸਿੰਘ ਧਰਮਸੋਤ ਨਾਲ ਇਨ੍ਹਾਂ ਮੰਗਾਂ ਬਾਰੇ ਹੋਈ ਵਿਸਥਾਰਪੂਰਵਕ ਗੱਲਬਾਤ ਦੇ ਬਾਵਜੂਦ ਸਰਕਾਰ ਵੱਲੋਂ ਅਜੇ ਤੱਕ ਕੋਈ ਤਸੱਲੀਬਖਸ ਜਵਾਬ ਨਹੀਂ ਮਿਲ਼ਿਆ। ਕੇਂਦਰ ਵਿਰੋਧੀ ਸੰਘਰਸ ਦੌਰਾਨ 500 ਦੇ ਕਰੀਬ ਸ਼ਹੀਦ ਹੋ ਚੁੱਕੇ ਕਿਸਾਨਾਂ ਮਜਦੂਰਾਂ ਦੇ ਵਾਰਸਾਂ ਨੂੰ 10-10 ਲੱਖ ਰੁਪਏ ਮੁਆਵਜਾ ਅਤੇ 1-1 ਜੀਅ ਨੂੰ ਪੱਕੀ ਸਰਕਾਰੀ ਨੌਕਰੀ ਦੇਣ ਦੀ ਮੰਗ ਨੂੰ ਕਮੇਟੀ ਦੇ ਗਧੀਗੇੜ ‘ਚ ਪਾਉਣ ਦੀ ਬਜਾਏ ਪੀੜਤ ਪਰਵਾਰਾਂ ਨੂੰ ਤੁਰੰਤ ਰਾਹਤ ਦਿੱਤੀ ਜਾਵੇ।
ਧਰਨੇ ਨੂੰ ਸੰਬੋਧਨ ਕਰਨ ਵਾਲੇ ਮੁੱਖ ਬੁਲਾਰਿਆਂ ਵਿੱਚ ਉਨ੍ਹਾਂ ਤੋਂ ਇਲਾਵਾ ਜਨਕ ਸਿੰਘ ਭੁਟਾਲ, ਜਗਤਾਰ ਸਿੰਘ ਕਾਲਾਝਾੜ, ਮਨਜੀਤ ਸਿੰਘ ਨਿਆਲ, ਜਸਵਿੰਦਰ ਸਿੰਘ ਬਰਾਸ, ਮਨਜੀਤ ਸਿੰਘ ਘਰਾਚੋਂ, ਹਰਪਾਲ ਸਿੰਘ ਪੇਧਨੀ, ਰਣਦੀਪ ਸਿੰਘ ਭੂਰੇ, ਗੁਰਪ੍ਰੀਤ ਸਿੰਘ ਬਡਬਰ, ਗੁਰਪ੍ਰੀਤ ਕੌਰ ਬਰਾਸ, ਮਨਦੀਪ ਕੌਰ ਬਾਰਨ,ਭੁਪਿੰਦਰ ਕੌਰ ਖੇੜੀ ਸ਼ਾਮਲ ਸਨ।
ਉਨ੍ਹਾਂ ਨੇ ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਪੱਕੇ ਮੋਰਚਿਆਂ ਵਿੱਚ ਸ਼ਾਮਲ ਕਿਸਾਨਾਂ ਉੱਤੇ ਕਰੋਨਾ ਫੈਲਾਉਣ ਦੇ ਦੋਸ਼ਾਂ ਨੂੰ ਸਰਾਸਰ ਬੇਬੁਨਿਆਦ ਕਿਹਾ ਅਤੇ ਖੁਦ ਦੋਨਾਂ ਸਰਕਾਰਾਂ ਵੱਲੋਂ ਮਹਾਂਮਾਰੀ ਦੇ ਟਾਕਰੇ ਲਈ ਕੀਤੇ ਗਏ ਨਿਗੂਣੇ ਪ੍ਰਬੰਧਾਂ ਨੂੰ ਜੰਿਮੇਵਾਰ ਠਹਿਰਾਇਆ।
ਉਨ੍ਹਾਂ ਵੱਲੋਂ ਕੇਂਦਰ ਸਰਕਾਰ ਪਾਸੋਂ ਜੋਰਦਾਰ ਮੰਗ ਕੀਤੀ ਗਈ ਕਿ ਕਰੋਨਾ ਮਹਾਂਮਾਰੀ ਤੋਂ ਦੇਸ਼ਵਾਸੀਆਂ ਨੂੰ ਬਚਾਉਣ ਲਈ ਦਿ੍ਰੜ੍ਹ ਸਿਆਸੀ ਇਰਾਦੇ ਨਾਲ ਸਰਕਾਰੀ ਖਜਾਨੇ ਦਾ ਮੂੰਹ ਪੂਰਾ ਇਸ ਪਾਸੇ ਖੋਲ੍ਹਿਆ ਜਾਵੇ। ਇਹਦੀ ਖਾਤਰ ਸਾਮਰਾਜੀ ਕਾਰਪੋਰੇਟ ਘਰਾਣਿਆਂ ਨੂੰ ਆਏ ਸਾਲ ਦਿੱਤੀਆਂ ਜਾਂਦੀਆਂ ਅਰਬਾਂ ਖਰਬਾਂ ਦੀਆਂ ਰਿਆਇਤਾਂ ਬੰਦ ਕਰਕੇ ਮੋਟੇ ਟੈਕਸ ਵਸੂਲੇ ਜਾਣ। ਜਗੀਰਦਾਰਾਂ ਤੇ ਸੂਦਖੋਰਾਂ ਦੀ ਅੰਨ੍ਹੀ ਕਮਾਈ ਨੂੰ ਵੀ ਟੈਕਸਾਂ ਅਧੀਨ ਲਿਆਂਦਾ ਜਾਵੇ। ਕਰੋਨਾ ਦੀ ਆੜ ‘ਚ ਕਾਲੇ ਖੇਤੀ ਕਾਨੂੰਨ ਪਾਸ ਕਰਨ, ਲੇਬਰ ਕੋਡ ਪਾਸ ਕਰਨ, ਸਰਕਾਰੀ ਅਦਾਰੇ ਵੇਚਣ, ਨਵੀਂ ਲੋਕ-ਵਿਰੋਧੀ ਸਿੱਖਿਆ ਨੀਤੀ ਲਿਆਉਣ, ਮਹਾਂਮਾਰੀ ਦੇ ਟਾਕਰੇ ਲਈ ਸਰਕਾਰੀ ਉੱਦਮ ਤੇ ਖਜਾਨਾ ਜੁਟਾਉਣ ਤੋਂ ਕਿਨਾਰਾ ਕਰਨ ਰਾਹੀਂ ਇਸਨੂੰ ਨਿੱਜੀ ਕਾਰੋਬਾਰਾਂ ਤੇ ਵੱਡੀਆਂ ਕੰਪਨੀਆਂ ਲਈ ਅੰਨ੍ਹੀ ਕਮਾਈ ਦਾ ਸੁਨਹਿਰੀ ਮੌਕਾ ਬਣਾਉਣ, ਪ੍ਰਚੂਨ ਵਪਾਰ ‘ਚੋਂ ਛੋਟੇ ਕਾਰੋਬਾਰੀਆਂ ਨੂੰ ਬਾਹਰ ਧੱਕ ਕੇ ਸਾਮਰਾਜੀ ਕੰਪਨੀਆਂ ਦੇ ਕਬਜੇ ਕਰਾਉਣ ਵਰਗੀਆਂ ਲੋਕ-ਮਾਰੂ ਨੀਤੀਆਂ ਤਿਆਗੀਆਂ ਜਾਣ। ਕਰੋਨਾ ਵਰਗੇ ਵਾਇਰਸਾਂ ਦੀ ਜੰਮਣ ਭੋਂਇਂ ਖੇਤੀ ਤੇ ਪਸ਼ੂ ਪਾਲਣ ਕਿੱਤਿਆਂ ‘ਚ ਠੋਸਿਆ ਗਿਆ ਸਾਮਰਾਜੀ ਕਾਰਪੋਰੇਟ ਮਾਡਲ ਰੱਦ ਕੀਤਾ ਜਾਵੇ ਅਤੇ ਖੇਤੀ ਵਪਾਰਕ ਕੰਪਨੀਆਂ ਦੇ ਪੈਰ ਪਸਾਰੇ ‘ਤੇ ਪਾਬੰਦੀ ਲਾਈ ਜਾਵੇ। ਸਿਹਤ ਖੇਤਰ ਵਿੱਚ ਸਰਕਾਰੀ ਜੰਿਮੇਵਾਰੀ ਤੇ ਜਵਾਬਦੇਹੀ ਦਾ ਫਸਤਾ ਵੱਢਣ ਵਾਲੀਆਂ ਉਦਾਰਵਾਦੀ, ਨਿੱਜੀਕਰਣ ਤੇ ਸਾਮਰਾਜੀ ਸਾਂਝ ਭਿਆਲੀ ਦੀਆਂ ਨੀਤੀਆਂ ਰੱਦ ਕੀਤੀਆਂ ਜਾਣ। ਹਰ ਖੇਤਰ ‘ਚ ਸਾਮਰਾਜੀ ਲੁੱਟ ਖਸੁੱਟ ਤੋਂ ਮੁਕਤ ਸਵੈ-ਨਿਰਭਰ ਵਿਕਾਸ ਮਾਡਲ ਲਾਗੂ ਕੀਤਾ ਜਾਵੇ।
ਭਰਾਤਰੀ ਜਥੇਬੰਦੀਆਂ ਵੱਲੋਂ ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ, ਟੀ ਐਸ ਯੂ ਦੇ ਸਾਬਕਾ ਪ੍ਰਧਾਨ ਵਿਜੇਦੇਵ ਅਤੇ ਪ੍ਰੋ: ਪਰਮਜੀਤ ਸਿੰਘ ਮਦੇਵੀ ਨੇ ਧਰਨੇ ਦੀ ਜੋਰਦਾਰ ਹਮਾਇਤ ਕੀਤੀ। ਹੋਰ ਕਿਸਾਨ ਬੁਲਾਰਿਆਂ ਵਿੱਚ ਅਜੈਬ ਸਿੰਘ ਲੱਖੇਵਾਲ, ਦਰਸ਼ਨ ਸਿੰਘ ਸ਼ਾਦੀਹਰੀ, ਕਰਨੈਲ ਸਿੰਘ ਲੰਗ, ਕੋਮਲ ਬੰਗਾ, ਦਵਿੰਦਰ ਕੌਰ ਹਰਦਾਸਪੁਰ ਸ਼ਾਮਲ ਸਨ। ਸੱਤਪਾਲ ਬੰਗਾ ਦੀ ਨਿਰਦੇਸਨਾ ਹੇਠ ਪੀਪਲਜ ਆਰਟ ਪਟਿਆਲਾ ਦੀ ਟੀਮ ਵੱਲੋਂ ਲੋਕ-ਪੱਖੀ ਨਾਟਕ “ਜਿਨ੍ਹਾਂ ਦੀ ਅਣਖ ਜਿਉਂਦੀ ਹੈ“ ਖੇਡਿਆ ਗਿਆ। ਸਟੇਜ ਸਕੱਤਰ ਦੀ ਜੰਿਮੇਵਾਰੀ ਬਹਾਲ ਸਿੰਘ ਢੀਂਡਸਾ ਨੇ ਬਾਖੂਬੀ ਨਿਭਾਈ।
ਬੁਲਾਰਿਆਂ ਨੇ ਐਲਾਨ ਕੀਤਾ ਕਿ ਇਹ ਮੰਗਾਂ ਨਾ ਮੰਨੇ ਜਾਣ ਦੀ ਸੂਰਤ ਵਿੱਚ ਸਮੂਹ ਕਿਸਾਨਾਂ ਵੱਲੋਂ ਕਰੋਨਾ ਰੋਕਥਾਮ ਸੰਬੰਧੀ ਪੂਰੀਆਂ ਸਾਵਧਾਨੀਆਂ ਦੀ ਪਾਲਣਾ ਨਾਲ ਸ਼ੁਰੂ ਕੀਤਾ ਗਿਆ ਇਹ ਧਰਨਾ 30 ਮਈ ਤੱਕ ਇੱਥੇ ਹੀ ਦਿਨ ਰਾਤ ਜਾਰੀ ਰੱਖਿਆ ਜਾਵੇਗਾ।

Leave a Reply

Your email address will not be published. Required fields are marked *